3ਜਲੰਧਰ  :  ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬਘੇਲ ਸਿੰਘ ਅਤੇ ਹੋਰ ਜਰਨੈਲਾਂ ਦੀ ਅਗਵਾਈ ਹੇਠ 1783 ਨੂੰ ਦਿੱਲੀ ਦੇ ਲਾਲ ਕਿਲੇ ‘ਤੇ ਖਾਲਸਾਈ ਨਿਸ਼ਾਨ ਝੁਲਾਉਂਦੇ ਹੋਏ ਮੁਗਲ ਸਲਤਨਤ ਦੀਆਂ ਜੜ੍ਹਾਂ ਪੁੱਟ ਕੇ ਦਿੱਲੀ ਫਤਿਹ ਕਰਨ ਵਾਲੇ ਜਰਨੈਲਾਂ ਦੀਆਂ ਮੱਲਾਂ ਨੂੰ ਸਮਰਪਿਤ ਦਿੱਲੀ ਫਤਿਹ ਦਿਹਾੜਾ 12 ਅਤੇ 13 ਮਾਰਚ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾਈ ਸ਼ਾਨੋ-ਸ਼ੌਕਤ ਨਾਲ ਲਾਲ ਕਿਲਾ ਮੈਦਾਨ ਵਿਚ ਮਨਾਇਆ ਜਾਵੇਗਾ। ਇਸ ਗੱਲ ਦਾ ਐਲਾਨ ਅੱਜ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕੀਤਾ । ਉਨ੍ਹਾਂ ਇਸਦੇ ਨਾਲ ਹੀ ਗਣਤੰਤਰ ਦਿਹਾੜੇ ਦੀ ਪਰੇਡ ਵਿਚ ਸਿੱਖ ਰੈਜੀਮੈਂਟ ਨੂੰ ਸ਼ਾਮਿਲ ਨਾ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਵਲੋਂ ਦੇਸ਼ ਦੇ ਰੱਖਿਆ ਮੰਤਰੀ ਮਨੋਹਰ ਪਾਰਿਕਰ ਨੂੰ ਲਿਖੇ ਗਏ ਸ਼ਿਕਾਇਤੀ ਪੱਤਰ ਦਾ ਜਵਾਬ ਰੱਖਿਆ ਮੰਤਰੀ ਵਲੋਂ ਦੇਣ ਅਤੇ ਭਾਰਤ ਸਰਕਾਰ ਵਲੋਂ 1984 ਸਿੱਖ ਕਤਲੇਆਮ ਦੀ ਜਾਂਚ ਲਈ ਬਣਾਈ ਗਈ ਐੱਸ. ਆਈ.ਟੀ. ਦੇ ਮਸਲੇ ‘ਤੇ ਕਮੇਟੀ ਵੱਲੋਂ ਸੁਪਰੀਮ ਕੋਰਟ ਵਿਚ ਦਾਖਿਲ ਕੀਤੀ ਗਈ ਪਟੀਸ਼ਨ ‘ਤੇ ਅੱਜ ਹੋਈ ਸੁਣਵਾਈ ਦਾ ਵੀ ਵੇਰਵਾ ਦਿੰਦਿਆਂ ਗੁਰਦੁਆਰਾ ਐਕਟ 1925 ਵਿਚ ਸਹਿਜਧਾਰੀਆਂ ਦੇ ਵੋਟਾਂ ਦਾ ਅਧਿਕਾਰ ਹਟਾਉਣ ਲਈ ਸੋਧ ਕਰਨ ਦੀ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਮਨਜ਼ੂਰੀ ਲਈ ਜੀ. ਕੇ. ਨੇ ਭਾਰਤ ਸਰਕਾਰ ਦਾ ਧੰਨਵਾਦ ਵੀ ਕੀਤਾ।
ਉਨ੍ਹਾਂ ਕਿਹਾ ਕਿ ਜਦੋਂ ਅਸੀਂ ਦੋ ਸਾਲ ਪਹਿਲਾਂ ਸਿੱਖ ਇਤਿਹਾਸ ਦੀ ਇਸ ਭੁੱਲੀ-ਵਿੱਸਰੀ ਕਹਾਣੀ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਸੀ ਤਾਂ ਲੋਕਾਂ ਨੂੰ ਇਹ ਸੁਣ ਕੇ ਬਹੁਤ ਹੈਰਾਨੀ ਹੋਈ ਸੀ ਕਿ ਜਿਸ ਲਾਲ ਕਿਲੇ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਆਜ਼ਾਦੀ ਦਿਹਾੜੇ ਮੌਕੇ ਕੌਮੀ ਝੰਡਾ ਤਿਰੰਗਾ ਫਹਿਰਾਉਂਦੇ ਹਨ, ਉਸ ‘ਤੇ ਕਦੇ ਸਿੱਖਾਂ ਨੇ ਵੀ ਆਪਣਾ ਕੇਸਰੀ ਨਿਸ਼ਾਨ ਝੁਲਾਇਆ ਸੀ ।
ਉਨ੍ਹਾਂ ਨੇ 2017 ਦੀ ਗਣਤੰਤਰਤਾ ਦਿਹਾੜੇ ਦੀ ਪਰੇਡ ਵਿਚ ਸਿੱਖ ਰੈਜੀਮੈਂਂਟ ਨੂੰ ਸ਼ਾਮਿਲ ਕੀਤੇ ਜਾਣ ਦੇ ਰੱਖਿਆ ਮੰਤਰੀ ਵੱਲੋਂ ਆਪਣੇ ਪੱਤਰ ਦੇ ਰਾਹੀਂ ਕਮੇਟੀ ਨੂੰ ਦਿੱਤੇ ਗਏ ਭਰੋਸੇ ਅਤੇ ਸਿੱਖਾਂ ਦਾ ਦੇਸ਼ ਦਾ ਮਾਣ ਅਤੇ ਭਾਰਤੀ ਫੌਜਾਂ ਦੀ ਮੁੱਖ ਤਾਕਤ ਦੱਸਣ ਦਾ ਵੀ ਜ਼ੋਰਦਾਰ ਸਵਾਗਤ ਕਰਦਿਆਂ ਕਿਹਾ ਕਿ ਰੱਖਿਆ ਮੰਤਰੀ ਨੇ ਆਪਣੇ ਪੱਤਰ ਵਿਚ ਸਿੱਖਾਂ ਦੀ ਨਿਸ਼ਕਾਮ ਕੁਰਬਾਨੀ ਤੋਂ ਦੇਸ਼ ਨੂੰ ਦੇਸ਼ ਭਗਤੀ ਦੇ ਜਜ਼ਬੇ ਦੀ ਪ੍ਰੇਰਨਾ ਮਿਲਣ ਦੀ ਗੱਲ ਕਹਿ ਕੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਮਾਨਤਾ ਦੇਣ ਦੀ ਜੋ ਕੋਸ਼ਿਸ਼ ਕੀਤੀ ਹੈ ਉਹ ਸਾਡੇ ਲਈ ਫਖ਼ਰ ਦੀ ਗੱਲ ਹੈ।
ਪ੍ਰਧਾਨ ਜੀ. ਕੇ. ਨੇ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 12 ਮਾਰਚ ਸ਼ਾਮ ਨੂੰ ਗੁਰਮਤਿ ਸਮਾਗਮ ਵਿਚ ਪੰਥ ਪ੍ਰਸਿੱਧ ਰਾਗੀ, 13 ਮਾਰਚ ਦੁਪਹਿਰ ਨੂੰ ਜਰਨੈਲੀ ਮਾਰਚ ‘ਚ ਨਿਹੰਗ ਸਿੰਘ, ਫੌਜੀ ਬੈਂਡ ਅਤੇ ਘੁੜਸਵਾਰ ਅਤੇ ਸ਼ਾਮ ਨੂੰ ਹੋਣ ਵਾਲੇ ਇਤਿਹਾਸਿਕ ਪ੍ਰੋਗਰਾਮ ਵਿਚ ਸਿੱਖ ਕੌਮ ਦੇ ਵਿਦਵਾਨ, ਕਵੀ, ਪ੍ਰਚਾਰਕ, ਢਾਡੀ ਤੇ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਇਤਿਹਾਸ ਦੀ ਝਾਕੀ ਪੇਸ਼ ਕਰਨਗੇ।

LEAVE A REPLY