5ਹਿਸਾਰ :  ਹਰਿਆਣਾ ਜਨਹਿੱਤ ਕਾਂਗਰਸ (ਹਜਕਾਂ) ਪ੍ਰਧਾਨ ਅਤੇ ਵਿਧਾਇਕ ਕੁਲਦੀਪ ਬਿਸ਼ਨੋਈ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਸਤਲੁਜ-ਯਮੁਨਾ ਲਿੰਕ (ਐਸ. ਵਾਈ. ਐਲ.) ਨਹਿਰ ਲਈ ਐਕੁਵਾਇਡ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਨ ਸੰਬੰਧੀ ਫੈਸਲੇ ‘ਤੇ ਸਖਤ ਇਤਰਾਜ਼ ਜ਼ਾਹਰ ਕੀਤਾ ਹੈ। ਬਿਸ਼ਨੋਈ ਨੇ ਕਿਹਾ ਕਿ ਬਾਦਲ ਹਰਿਆਣਾ ਦੇ ਕਿਸਾਨਾਂ ਦੀ ਕਿਸਮਤ ਨਹੀਂ ਲਿਖ ਸਕਦੇ। ਬਿਸ਼ਨੋਈ ਨੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਅਸੰਵਿਧਾਨਕ, ਗੈਰ-ਕਾਨੂੰਨੀ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਦਾ ਖੁੱਲ੍ਹੇ ਤੌਰ ‘ਤੇ ਉਲੰਘਣ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਲਈ ਹਰਿਆਣਾ ਦੀ ਖੱਟੜ ਸਰਕਾਰ ਵਲੋਂ ਐਸ. ਵਾਈ. ਐਲ. ਮੁੱਦੇ ‘ਤੇ ਵਰਤਿਆ ਜਾ ਰਿਹਾ ਲਚੀਲਾ ਰੁਖ਼ ਵੀ ਜ਼ਿੰਮੇਵਾਰ ਹੈ।
ਹਜਕਾਂ ਨੇਤਾ ਨੇ ਚੌਟਾਲਾ ਪਰਿਵਾਰ ਨੂੰ ਲੰਬੇ ਹੱਥੀਂ ਲੈਂਦੇ ਹੋਏ ਕਿਹਾ ਕਿ ਉਹ ਹਰਿਆਣਾ ਦੇ ਹੱਕਾਂ ਨੂੰ ਦਬਾਉਣ ਵਾਲੇ ਬਾਦਲ ਨੂੰ ਪਰਿਵਾਰਕ ਮਿੱਤਰ ਦੱਸਦਾ ਹੈ। ਚੌਟਾਲਾ ਪਰਿਵਾਰ ਨੂੰ ਜਨਤਾ ਨੂੰ ਗੁੰਮਰਾਹ ਕਰਨ ਦੀ ਬਜਾਏ ਇਸ ਮੁੱਦੇ ਨੂੰ ਸੁਲਝਾਉਣ ਲਈ ਸਹੀ ਮਾਇਨੇ ਵਿਚ ਸੰਜੀਦਗੀ ਦਿਖਾ ਕੇ ਬਾਦਲ ਤੋਂ ਐਸ. ਵਾਈ. ਐਲ. ਦੇ ਪਾਣੀ ਦੀ ਮੰਗ ਕਰਨੀ ਚਾਹੀਦੀ ਹੈ ਨਹੀਂ ਤਾਂ ਇਹ ਪੂਰੀ ਤਰ੍ਹਾਂ ਸਾਫ ਹੋ ਜਾਵੇਗਾ ਕਿ ਉਹ ਹਮੇਸ਼ਾ ਵਾਂਗ ਇਸ ਵਾਰ ਵੀ ਇਸ ਮੁੱਦੇ ‘ਤੇ ਦੋਗਲਾ ਰਵੱੱਈਆ ਆਪਣਾ ਕੇ ਢੋਂਗ ਕਰ ਰਿਹਾ ਹੈ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਸੂਬੇ ਵਿਚ ਇਨੈਲੋ ਅਤੇ ਪੰਜਾਬ ਵਿਚ ਬਾਦਲ ਦੀ ਸਰਕਾਰਾਂ ਦੇ ਹੁੰਦੇ ਹੋਏ ਇਕ ਵਾਰ ਵੀ ਚੌਟਾਲਾ ਪਰਿਵਾਰ ਨੇ ਬਾਦਲ ਤੋਂ ਐਸ. ਵਾਈ. ਐਲ. ਦੇ ਨਿਰਮਾਣ ਦੀ ਗੱਲ ਨਹੀਂ ਕੀਤੀ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਐਸ. ਵਾਈ. ਐਲ. ਨਹਿਰ ਤੋਂ ਹਰਿਆਣਾ ਨੂੰ ਕੁੱਲ 840 ਲੱਖ ਏਕੜ ਫੁੱਟ ਪਾਣੀ ਮਿਲਣਾ ਹੈ। ਮੌਜੂਦਾ ਸਮੇਂ ਵਿਚ ਸੂਬੇ ਦੀ ਭਾਜਪਾ ਸਰਕਾਰ ਕੋਲ ਐਸ. ਵਾਈ. ਐਲ. ਦਾ ਪਾਣੀ ਲਿਆਉਣ ਦਾ ਸੁਨਹਿਰੀ ਮੌਕਾ ਹੈ ਇਸ ਲਈ ਬਿਨਾਂ ਦੇਰ ਕੀਤੇ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ‘ਤੇ ਹਰਿਆਣਾ ਦੇ ਹਿੱਸੇ ਦਾ ਪਾਣੀ ਦੇਣ ਲਈ ਦਬਾਅ ਬਣਾਉਣਾ ਚਾਹੀਦਾ ਹੈ ਨਹੀਂ ਤਾਂ ਆਪਣਾ ਸਮਰਥਨ ਬਾਦਲ ਸਰਕਾਰ ਤੋਂ ਵਾਪਸ ਲੈਣ ਦਾ ਐਲਾਨ ਕਰਨਾ ਚਾਹੀਦਾ ਹੈ।

LEAVE A REPLY