1ਜਲੰਧਰ : ਕਾਂਗਰਸ ਵਲੋਂ ਹੰਸ ਰਾਜ ਹੰਸ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹੰਸ ‘ਤੇ ਡੋਰੇ ਸੁੱਟਣੇ ਸ਼ੁਰੂ ਕਰ ਦਿੱਤੇ ਹਨ। ‘ਆਪ’ ਦੇ ਜਲੰਧਰ ਜ਼ੋਨ ਦੇ ਅਬਜ਼ਰਵਰ ਰਾਜੀਵ ਚੌਧਰੀ ਨੇ ਸ਼ਨੀਵਾਰ ਨੂੰ ਹੰਸ ਰਾਜ ਹੰਸ ਦੇ ਘਰ ਉਨ੍ਹਾਂ ਨਾਲ ਲਗਭਗ 15 ਮਿੰਟ ਬੰਦ ਕਮਰੇ ‘ਚ ਮੀਟਿੰਗ ਕੀਤੀ। ‘ਆਪ’ ਆਗੂ ਨਾਲ ਹੋਈ ਹੰਸ ਦੀ ਇਸ ਮੀਟਿੰਗ ਤੋਂ ਬਾਅਦ ਸਿਆਸੀ ਗਲਿਆਰਿਆਂ ‘ਚ ਚਰਚਾ ਛਿੜ ਗਈ ਹੈ। ਇਸ ਮੀਟਿੰਗ ਵਿਚ ਦੋਆਬੇ ਦੇ ਵਾਲਮੀਕਿ ਭਾਈਚਾਰੇ ਦੇ ਆਗੂ ਵੀ ਹਾਜ਼ਰ ਸਨ।
ਇਸ ਮੀਟਿੰਗ ਨੂੰ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ 15 ਮਾਰਚ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਲੰਧਰ ਸਥਿਤ ਡੇਰਾ ਸੱਚਖੰਡ ਬੱਲਾਂ ਆ ਰਹੇ ਹਨ। ‘ਆਪ’ ਦੇ ਆਗੂਆਂ ਨੇ ਕੇਜਰੀਵਾਲ ਨਾਲ ਦੁਪਹਿਰ ਦੇ ਖਾਣੇ ‘ਤੇ ਫੰਡ ਇਕੱਠਾ ਕਰਨ ਦਾ ਪ੍ਰੋਗਰਾਮ ਵੀ ਰੱਖਿਆ ਹੈ।
‘ਆਪ’ ਆਗੂਆਂ ਨਾਲ ਹੋਈ ਇਸ ਮੀਟਿੰਗ ਦੀ ਪੁਸ਼ਟੀ ਕਰਦੇ ਹੋਏ ਹੰਸ ਨੇ ਕਿਹਾ ਕਿ ‘ਆਪ’ ਦੇ ਆਗੂਆਂ ਦਾ ਇਸ ਸਮੇਂ ਘਰ ਆਉਣ ਦਾ ਮਤਲਬ ਤਾਂ ਸਭ ਜਾਣਦੇ ਹੀ ਹਨ। ‘ਆਪ’ ਦੇ ਆਗੂ ਰਾਜੀਵ ਚੌਧਰੀ ਨੇ ਵੀ ਇਹ ਗੱਲ ਮੰਨੀ ਹੈ ਕਿ ਉਸ ਨੇ ਹੰਸ ਰਾਜ ਹੰਸ ਦੇ ਘਰ ਗੱਲਬਾਤ ਕੀਤੀ ਪਰ ਇਹ ਮੀਟਿੰਗ ਗੈਰ-ਸਿਆਸੀ ਸੀ। ਦੂਜੇ ਪਾਸੇ ਹੰਸ ਰਾਜ ਹੰਸ ਨੇ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਨਾ ਛੱਡਣ ਦੀ ਗੱਲ ਵੀ ਆਖੀ ਹੈ।

LEAVE A REPLY