4ਚੰਡੀਗੜ੍ਹ  : ਪੰਜਾਬ ਸਮੇਤ ਉਤਰੀ ਸੂਬਿਆਂ ਵਿਚ ਹੋਈ ਬਾਰਿਸ਼ ਕਾਰਨ ਕਿਸਾਨ ਬੇਹੱਦ ਚਿੰਤਤ ਹਨ। ਹਾਲਾਂਕਿ ਅੱਜ ਦਿਨ ਭਰ ਮੌਸਮ ਸਾਫ਼ ਰਿਹਾ, ਪਰ ਤੜਕੇ ਹੋਈ ਬਾਰਿਸ਼ ਕਾਰਨ ਕਿਸਾਨਾਂ ਦੀ ਜਾਨ ਮੁੱਠੀ ਵਿਚ ਆ ਗਈ। ਇਸ ਬੇਮੌਸਮੀ ਬਾਰਿਸ਼ ਕਾਰਨ ਨਾ ਕੇਵਲ ਸੜਕਾਂ ‘ਤੇ ਪਾਣੀ ਖੜ੍ਹਾ ਹੋ ਗਿਆ, ਬਲਕਿ ਕਣਕ, ਫਲ ਅਤੇ ਸਬਜ਼ੀਆਂ ਲਈ ਬੁਰਾ ਪ੍ਰਭਾਵ ਪਿਆ। ਇਸ ਤੋਂ ਇਲਾਵਾ ਬੀਤੇ ਦਿਨੀਂ ਹੋਈ ਗੜ੍ਹੇਮਾਰੀ ਅਤੇ ਤੇਜ਼ ਹਵਾਵਾਂ ਕਾਰਨ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪੁੱਜਾ।
ਇਸ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਇਸ ਮੀਂਹ ਤੇ ਤੇਜ਼ ਹਵਾਵਾਂ ਕਾਰਨ ਕਣਕ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਅਤੇ ਧਰਤੀ ‘ਤੇ ਡਿੱਗਣ ਕਰਕੇ ਕਣਕ ਦਾ ਦਾਣਾ ਹਲਕਾ ਪੈਣ ਦਾ ਖ਼ਦਸ਼ਾ ਹੈ, ਉਥੇ ਕਣਕ ਦਾ ਝਾੜ ਵੀ ਘੱਟ ਨਿਕਲਣ ਦੀ ਸੰਭਾਵਨਾ ਹੈ। ਕਿਸਾਨਾਂ ਨੇ ਦੱਸਿਆ ਕਿ ਇਸ ਬਾਰਿਸ਼ ਕਾਰਨ ਸਬਜ਼ੀਆਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ, ਇਸ ਤੋਂ ਇਲਾਵਾ ਅੰਬਾਂ ਦੀ ਫਸਲ ਨੂੰ ਵੀ ਤੇਜ਼ ਹਵਾਵਾਂ ਕਾਰਨ ਨੁਕਸਾਨ ਹੋਇਆ ਹੈ।
ਪੰਜਾਬ ਵਿਚ ਜਿਥੇ ਜ਼ਿਆਦਾਤਰ ਇਲਾਕਿਆਂ ਵਿਚ ਬਾਰਿਸ਼ ਹੋਈ, ਉਥੇ ਪੜੌਸੀ ਸੂਬੇ ਹਰਿਆਣਾ ਵਿਚ ਵੀ ਰੁਕ-ਰੁਕ ਹੋਈ ਬਾਰਿਸ਼ ਨੇ ਫਸਲਾਂ ਦਾ ਭਾਰੀ ਨੁਕਸਾਨ ਕੀਤਾ।
ਹਾਲਾਂਕਿ ਦੂਸਰੇ ਪਾਸੇ ਇਸ ਬਾਰਿਸ਼ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਵਿਚ ਬਰਫ਼ਾਨੀ ਤੂਫਾਨ ਦੀ ਚੇਤਾਵਨੀ ਜਾਰੀ ਹੈ।

LEAVE A REPLY