1ਚੰਡੀਗੜ੍ਹ  : ਪੰਜਾਬ ਵਿਧਾਨ ਸਭਾ ਵਿਚ ਅੱਜ ਸਲਤੁਜ-ਯਮੁਨਾ ਲਿੰਕ ਨਹਿਰ ਲੈਂਡ (ਟਰਾਂਸਫਰ ਆਫ ਪ੍ਰਾਪਰਟੀ ਰਾਈਟਸ) ਬਿੱਲ-2016 ਨੂੰ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਇਹ ਬਿੱਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਸ਼ਨਕਾਲ ਤੋਂ ਪਹਿਲਾਂ ਪੇਸ਼ ਕਰਨ ਦੀ ਇਜਾਜ਼ਤ ਮੰਗੀ, ਜੋ ਕਿ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਕਾਂਗਰਸ ਪਾਰਟੀ ਦੇ ਵਿਰੋਧ ਦੇ ਬਾਵਜੂਦ ਦੇ ਦਿੱਤੀ। ਇਸ ਤੋਂ ਬਾਅਦ ਪ੍ਰਸ਼ਨਕਾਲ ਇਕ ਘੰਟੇ ਤੱਕ ਚੱਲਿਆ। ਉਸ ਤੋਂ ਬਾਅਦ ਮੁੱਖ ਮੰਤਰੀ ਨੇ ਇਸ ਬਿੱਲ ਨੂੰ ਵਿਸਥਾਰ ਨਾਲ ਪੇਸ਼ ਕੀਤਾ, ਜਿਸ ਵਿਚ ਉਹਨਾਂ ਨੇ ਇਸ ਬਿੱਲ ਦੀਆਂ ਵੱਖ-ਵੱਖ ਧਾਰਾਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਿਸਾਨਾਂ ਨੂੰ ਮੁਫ਼ਤ ਜ਼ਮੀਨ ਵਾਪਸ ਦਿੱਤੀ ਜਾਵੇਗੀ। ਸ. ਬਾਦਲ ਨੇ ਦੱਸਿਆ ਕਿ ਇਹ ਕੁਲ ਜ਼ਮੀਨ 3928 ਏਕੜ ਹੈ। ਉਹਨਾਂ ਇਥੋਂ ਤੱਕ ਕਹਿ ਦਿੱਤਾ ਕਿ ਇਹ ਜ਼ਮੀਨ ਪੱਧਰੀ ਕਰਕੇ ਖੇਤੀ ਯੋਗ ਬਣਾ ਕੇ ਕਿਸਾਨਾਂ ਨੂੰ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਐਸ.ਵਾਈ.ਐਲ ਦੇ ਮੁੱਦੇ ‘ਤੇ ਬਹੁਤ ਗੰਭੀਰ ਹੈ। ਇਸ ਲਈ ਇਸ ‘ਤੇ ਪ੍ਰਸਤਾਵ ਪੇਸ਼ ਕੀਤਾ ਗਿਆ ਸੀ। ਇਸ ‘ਤੇ ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹਨਾਂ ਨੇ ਪ੍ਰਸਤਾਵ ਦੇ ਸਬੰਧ ਵਿਚ ਸੋਧ ਪੇਸ਼ ਕੀਤੇ ਸਨ। ਇਸ ਦੇ ਨਾਲ ਹੀ ਕਾਂਗਰਸੀ ਮੈਂਬਰਾਂ ਨੇ ਸ਼ੋਰ-ਸ਼ਰਾਬਾ ਸ਼ੁਰੂ ਕਰ ਦਿੱਤਾ ਅਤੇ ਦਾਅਵਾ ਕੀਤਾ ਕਿ ਮੁਫ਼ਤ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਜ਼ਮੀਨ ਦਾ ਮੁੱਦਾ ਕਾਂਗਰਸ ਨੇ ਪੇਸ਼ ਕੀਤਾ ਸੀ, ਪਰ ਸਪੀਕਰ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੇ ਜੋ ਸੋਧ ਪੇਸ਼ ਕੀਤੇ ਸਨ, ਉਹ ਰੱਦ ਕਰ ਦਿੱਤੇ ਗਏ ਸਨ। ਇਸ ਮੁੱਦੇ ਨੂੰ ਲੈ ਕੇ ਸਦਨ ਵਿਚ ਕਾਫੀ ਦੇਰ ਤੱਕ ਸ਼ੋਰ-ਸ਼ਰਾਬਾ ਚੱਲਿਆ।
ਇਸ ਦੌਰਾਨ ਹੀ ਕਾਂਗਰਸੀ ਮੈਂਬਰ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਸਪੀਕਰ ਦੀ ਸੀਟ ਦੇ ਕੋਲ ਕੇ ਜਾ ਕੇ ਧਰਨਾ ਦਿੱਤਾ। ਉਹਨਾਂ ਮੰਗ ਕੀਤੀ ਕਿ ਇਸ ਬਲ ਵਿਚ ਜੋ ਸਰਤਾਂ ਦੀ ਗੱਲ ਕੀਤੀ ਗਈ ਹੈ ਉਹ ਹਟਾਈਆਂ ਜਾਣਗ, ਪਰ ਉਹਨਾਂ ਦੀ ਗੱਲ ਅਣਸੁਣੀ ਕਰ ਦਿੱਤੀ ਗਈ। ਵਿਰੋਧੀ ਧਿਰ ਦੇ ਨੇਤਾ ਚੰਨੀ ਨੇ ਕਿਹਾ ਕਿ ਐਸ.ਵਾਈ.ਐਲ ਦੇ ਮੁੱਦੇ ਉਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2004 ਵਿਚ ਅਪਣੀ ਕੁਰਸੀ ਦੀ ਪ੍ਰਵਾਹ ਨਾ ਕਰਦੇ ਹੋਏ ਪਾਣੀ ਦੀ ਵੰਡ ਦੇ ਸਾਰੇ ਸਮਝੌਤਿਆਂ ਨੂੰ ਰੱਦ ਕਰ ਦਿੱਤਾ ਸੀ। ਸ੍ਰੀ ਚੰਨੀ ਨੇ ਕਿਹਾ ਕਿ ਕਾਂਗਰਸ ਦੇ ਦਬਾਅ ਦੇ ਕਾਰਨ ਹੀ ਅਕਾਲੀ-ਭਾਜਪਾ ਸਰਕਾਰ ਨੇ ਇਹ ਬਿੱਲ ਪੇਸ਼ ਕੀਤਾ। ਇਸ ਦੌਰਾਨ ਸੰਸਦੀ ਕਾਰਜ ਮੰਤਰੀ ਮਦਨ ਮੋਹਨ ਮਿੱਤਲ ਅਤੇ ਸੁਨੀਲ ਜਾਖੜ ਵਿਚਾਲੇ ਕੁਝ ਸਮੇਂ ਤੱਕ ਬਹਿਸ ਵੀ ਹੁੰਦੀ ਰਹੀ। ਜਦੋਂ ਵਿਰੋਧੀ ਧਿਰ ਦੇ ਮੈਂਬਰ ਬਿਲ ‘ਤੇ ਸ਼ੋਰ-ਸ਼ਰਾਬਾ ਕਰ ਰਹੇ ਸਨ, ਤਾਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਬਿੱਲ ਪੇਸ਼ ਕੀਤਾ ਸੀ ਤਾਂ ਅਸੀਂ ਤੁਰੰਤ ਆਪਣੀ ਸਹਿਮਤੀ ਦੇ ਦਿੱਤੀ ਸੀ। ਹੁਣ ਤੁਸੀਂ ਸਰਵਸੰਮਤੀ ਨਾਲ ਬਿੱਲ ਪਾਸ ਕਰਨ ਵਿਚ ਝਿਜਕ ਰਹੇ ਹੋ। ਸਾਨੂੰ ਸਾਰਿਆਂ ਨੂੰ ਇਸ ਸਾਂਝੇ ਮਸਲੇ ‘ਤੇ ਇਕੱਠਾ ਹੋਣਾ ਚਾਹੀਦਾ ਹੈ।
ਇਸ ਤੋਂ ਬਾਅਦ ਮੁੱਖ ਮੰਤਰੀ ਨੇ ਬਿੱਲ ਪੇਸ਼ ਕੀਤਾ ਅਤੇ ਸਪੀਕਰ ਨੇ ਇਸ ਬਾਰੇ ਮੈਂਬਰਾਂ ਦੀ ਰਾਏ ਲੈ ਕੇ ਇਸ ਨੂੰ ਸਰਵਸੰਮਤੀ ਨਾਲ ਪਾਸ ਕਰ ਦਿੱਤਾ।

LEAVE A REPLY