5ਚੰਡੀਗੜ੍ਹ : ਪੰਜਾਬ ਸਰਕਾਰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਕਾਰਜਾਂ ਅਤੇ ਫਿਲਾਸਫੀ ਦਾ ਦੁਨੀਆ ਵਿਚ ਪ੍ਰਚਾਰ ਕਰਨ ਲਈ ਉਨ੍ਹਾਂ ਦਾ 350ਵਾਂ ਜਨਮ ਦਿਵਸ ਵੱਡੀ ਪੱਧਰ ਉਤੇ ਭਾਰੀ ਉਤਸ਼ਾਹ ਨਾਲ ਮਨਾਵੇਗੀ। ਆਪਣੇ ਨਿਵਾਸ ਸਥਾਨ ਉਤੇ ਇਸ ਵੱਡੇ ਸਮਾਰੋਹ ਦੀ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਬਹੁਤ ਵੱਡਭਾਗੇ ਹਾਂ ਜਿਨ੍ਹਾਂ ਨੂੰ ਆਪਣੇ ਜੀਵਨ ਦੌਰਾਨ ਇਹ ਮਹਾਨ ਸਮਾਰੋਹ ਮਨਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਦਿਹਾੜਾ ਮਨਾਉਣ ਲਈ ਕੋਈ ਵੀ ਮੌਕਾ ਨਹੀਂ ਗਵਾਉਣਾ ਚਾਹੀਦਾ ਅਤੇ ਇਸ ਵਾਸਤੇ ਧਾਰਮਿਕ ਰੀਤਾਂ ਅਨੁਸਾਰ ਵਿਸ਼ਾਲ ਰੂਪ ਵਿਚ ਸਮਾਰੋਹ ਆਯੋਜਿਤ ਕਰਨਾ ਚਾਹੀਦਾ ਹੈ।
ਵਿਚਾਰ-ਚਰਚਾ ਦੌਰਾਨ ਮੁੱਖ ਮੰਤਰੀ ਨੇ ਪਟਨਾ ਦੇ ਗਾਂਧੀ ਗ੍ਰਾਉਂਡ ਵਿਖੇ ਇਕ ਵਿਸ਼ਾਲ ਪੰਡਾਲ ਬਣਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਵਿਚ ਲੱਖਾਂ ਸ਼ਰਧਾਲੂ ਬੈਠ ਸਕਣਗੇ ਜਿਨ੍ਹਾਂ ਦੀ 1 ਤੋਂ 5 ਜਨਵਰੀ, 2017 ਤੱਕ ਮਨਾਏ ਜਾ ਰਹੇ ਇਸ ਸਮਾਰੋਹ ਵਿਚ ਦੂਰ ਦੂਰ ਤੋਂ ਸ਼ਮੂਲੀਅਤ ਕਰਨ ਦੀ ਸੰਭਾਵਨਾ ਹੈ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ) ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਪੰਡਾਲ ਦੇ ਡਿਜ਼ਾਇਨ ਅਤੇ ਅਕਾਰ ਸਬੰਧੀ ਰੂਪ ਰੇਖਾ ਨੂੰ ਅੰਤਿਮ ਰੂਪ ਦੇਣ ਲਈ ਆਖਿਆ ਹੈ। ਮੁੱਖ ਮੰਤਰੀ ਨੇ ਪਟਨਾ ਵਿਖੇ ਢੁੱਕਵੇਂ ਥਾਂ ਉਤੇ ਆਰਜੀ ਟੈਂਟ ਸ਼ਹਿਰ ਸਥਾਪਤ ਕਰਨ ਲਈ ਵੀ ਸਹਿਮਤੀ ਦੇ ਦਿੱਤੀ ਹੈ ਜਿਥੇ ਤਕਰੀਬਨ 15,000 ਤੋਂ 20,000 ਸ਼ਰਧਾਲੂਆਂ ਦੀ ਆਰਜੀ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇਗਾ।
ਸ. ਬਾਦਲ ਨੇ ਐਸ.ਜੀ.ਪੀ.ਸੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ) ਦੇ ਪ੍ਰਧਾਨਾਂ ਨੂੰ ਇਸ ਇਤਿਹਾਸਕ ਮੌਕੇ ਤਖਤ ਸ੍ਰੀ ਪਟਨਾ ਸਾਹਿਬ ਲਈ ਸ਼ਰਧਾਲੂਆਂ ਨੂੰ ਲਿਜਾਉਣ ਵਾਸਤੇ ਪੰਜਾਬ ਤੋਂ ਚਾਰ ਅਤੇ ਦਿੱਲੀ ਤੋਂ ਦੋ ਵਿਸ਼ੇਸ਼ ਰੇਲ ਗੱਡੀਆਂ ਚਲਾਉਣ  ਲਈ ਜ਼ਰੂਰੀ ਪ੍ਰਬੰਧ ਕਰਨ ਵਾਸਤੇ ਆਖਿਆ ਹੈ। ਉਨ੍ਹਾਂ ਨੇ ਸੈਰ-ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਦੇ ਡਾਇਰੈਕਟਰ ਨੂੰ ਇਨ੍ਹਾਂ ਵਿਸ਼ੇਸ਼ ਰੇਲ ਗੱਡੀਆਂ ਦੀ ਸਮਾਂ ਸਾਰਨੀ ਦੇ ਸਬੰਧ ਵਿਚ ਭਾਰਤੀ ਰੇਲਵੇ ਦੇ ਅਧਿਕਾਰੀਆਂ ਨਾਲ ਰਾਬਤਾ ਬਣਾਉਣ ਲਈ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਇਨ੍ਹਾਂ ਰੇਲ ਗੱਡੀਆਂ ਦੇ ਚੱਲਣ ਵਾਲੇ ਸਥਾਨਾਂ ਨੂੰ ਵੀ ਅੰਤਿਮ ਰੂਪ ਦੇ ਦਿੱਤਾ ਹੈ ਜੋ ਕਿ ਅੰਮ੍ਰਿਤਸਰ, ਸ੍ਰੀ ਅਨੰਦਪੁਰ ਸਾਹਿਬ, ਤਲਵੰਡੀ ਸਾਬੋ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਚੱਲਣਗੀਆਂ। ਇਹ ਰੇਲ ਗੱਡੀਆਂ ਪੰਜਾਬ ਤੋਂ ਸ਼ਰਧਾਲੂਆਂ ਨੂੰ ਲੈ ਕੇ ਪਟਨਾ ਜਾਣਗੀਆਂ।
ਪਟਨਾ ਵਿਖੇ 8 ਤੋਂ 10 ਜੂਨ, 2016 ਤੱਕ ਕਰਵਾਏ ਜਾ ਰਹੇ ਇੱਕ ਸਿੱਖ ਅੰਤਰਰਾਸ਼ਟਰੀ ਕਨਕਲੇਵ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੂੰ ਇਸ ਵਾਸਤੇ ਉਘੇ ਸਿੱਖ ਬੁੱਧੀਜੀਵੀਆਂ ਅਤੇ ਸਕਾਲਰਾਂ ਦੀ ਸੂਚੀ ਮੁਹੱਈਆ ਕਰਵਾਉਣ ਲਈ ਆਖਿਆ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਦਿੱਲੀ, ਕੋਲਕਾਤਾ, ਮੁੰਬਈ, ਸ੍ਰੀ ਅਨੰਦਪੁਰ ਸਾਹਿਬ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਰਗੀਆਂ ਪ੍ਰਮੁੱਖ ਥਾਵਾਂ ਉਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਵਿਚਾਰਧਾਰਾ ਬਾਰੇ ਲੜੀਵਾਰ ਛੇ ਸੈਮੀਨਾਰ/ਸੰਪੋਜੀਅਮ ਆਯੋਜਿਤ ਕਰਵਾਉਣ ਲਈ ਵੀ ਸਹਿਮਤੀ ਦੇ ਦਿੱਤੀ ਹੈ ਜਿਨ੍ਹਾਂ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਉੱਘੇ ਸਿੱਖ ਸਕਾਲਰ ਅਤੇ ਅਕਾਦਮਿਕ ਮਾਹਰ ਹਾਜ਼ਰ ਹੋਣਗੇ। ਇਸ ਸਬੰਧ ਵਿਚ ਮਿਤੀ ਅਤੇ ਸਥਾਨ ਦਾ ਬਾਅਦ ਵਿਚ ਫੈਸਲਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਾਉਂਟਾ ਸਾਹਿਬ ਵਿਖੇ ਇੱਕ ਕਵੀ ਸੰਮੇਲਨ ਵੀ ਕਰਵਾਇਆ ਜਾਵੇਗਾ ਜਿਥੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਮ ਤੌਰ ‘ਤੇ ਕਵੀ ਦਰਬਾਰ ਕਰਵਾਉਂਦੇ ਸਨ ਅਤੇ ਉੱਘੇ ਕਵੀਆਂ ਨੂੰ ਉਨ੍ਹਾਂ ਦੀਆਂ ਵਧੀਆ ਰਚਨਾਵਾਂ ਵਾਸਤੇ ਸਨਮਾਨ ਕਰਦੇ ਸਨ। ਮੁੱਖ ਮੰਤਰੀ ਨੇ ਐਸ.ਜੀ.ਪੀ.ਸੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਪਾਉਂਟਾ ਸਾਹਿਬ, ਦੀਨਾ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਅਤੇ ਤਖਤ ਸ੍ਰੀ ਹਜ਼ੂਰ ਸਾਹਿਬ ਵਰਗੇ ਅਹਿਮ ਧਾਰਮਿਕ ਸਥਾਨਾਂ ਉਤੇ ਕੀਰਤਨ ਦਰਬਾਰ ਆਯੋਜਿਤ ਕਰਵਾਉਣ ਲਈ ਵੀ ਆਖਿਆ ਹੈ।
ਮੁੱਖ ਮੰਤਰੀ ਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਦੇ ਲੋਕਾਂ ਨੂੰ ਦਰਸ਼ਨ-ਦੀਦਾਰ ਕਰਵਾਉਣ ਲਈ ਵਿਸ਼ੇਸ਼ ਤੌਰ ‘ਤੇ ਬਣਾਈ ਬੱਸ ਸ੍ਰੀ ਅਨੰਦਪੁਰ ਸਾਹਿਬ ਤੋਂ ਪਟਨਾ ਤੱਕ ਚਲਾਉਣ ਦੀ ਵੀ ਐਸ.ਜੀ.ਪੀ.ਸੀ ਨੂੰ ਆਗਿਆ ਦੇ ਦਿੱਤੀ ਹੈ। ਇਸ ਸਫਰ ਦੇ ਸਮੇਂ ਅਤੇ ਵੱਖ ਵੱਖ ਥਾਵਾਂ ਉਤੇ ਠਹਿਰਾਉ ਦੇ ਪ੍ਰੋਗਰਾਮ ਨੂੰ ਅੰਤਮ ਰੂਪ ਐਸ.ਜੀ.ਪੀ.ਸੀ ਵੱਲੋਂ ਦਿੱਤਾ ਜਾਵੇਗਾ ਜਦਕਿ ਲੋੜੀਂਦਾ ਸਾਜੋ-ਸਮਾਨ ਸੂਬਾ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾ ਸਕੇਗਾ।

LEAVE A REPLY