3ਹੁਸ਼ਿਆਰਪੁਰ :  ਬੀਤੇ ਦਿਨੀਂ ਗੁਰਦਾਸਪੁਰ ਜ਼ਿਲੇ ਦੇ ਬਟਾਲਾ ਦੇ ਪਿੰਡ ਸਿੰਘਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ 6 ਵਿਦਿਆਰਥਣਾਂ ‘ਤੇ ਦੋ ਲੜਕਿਆਂ ਵਲੋਂ ਕੀਤੇ ਤੇਜ਼ਾਬੀ ਹਮਲਾ ਬਹੁਤ ਹੀ ਘਿਨੌਣੀ ਅਤੇ ਨਿੰਦਣਯੋਗ ਘਟਨਾ ਹੈ। ਇਹੋ ਜਿਹੀਆਂ ਘਿਨੌਣੀਆਂ ਘਟਨਾਵਾਂ ਮੌਜੂਦਾ ਅਕਾਲੀ-ਭਾਜਪਾ ਸਰਕਾਰ ਦੀਆਂ ਨਾਕਾਮੀਆਂ ਦੇ ਨਾਲ-ਨਾਲ ਕਾਨੂੰਨੀ ਵਿਵਸਥਾ ‘ਤੇ ਵੀ ਸਵਾਲ ਖੜੇ ਕਰਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਪੰਜਾਬ ਦੀ ਕਨਵੀਨਰ ਬਲਜਿੰਦਰ ਕੌਰ ਨੇ ਮਹਿਲਾ ਸ਼ਕਤੀ ਅਭਿਆਨ ਤਹਿਤ ਹਲਕੇ ਉੜਮੁੜ ਟਾਂਡਾ ਦੇ ਪਿੰਡਾਂ ‘ਚ ਲੋਕਾਂ ਨਾਲ ਮੀਟਿੰਗ ਦੌਰਾਨ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਅੱਗੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਰਾਜ ‘ਚ ਔਰਤਾਂ ਕਿਸੇ ਵੀ ਤਰ੍ਹਾਂ ਸੁਰੱਖਿਅਤ ਨਹੀਂ ਹਨ ਅਤੇ ਨਾ ਹੀ ਸਕੂਲਾਂ ‘ਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਸੁਰੱਖਿਅਤ ਹਨ। ਉਨ੍ਹਾਂ ਨਾਲ ਅਕਸਰ ਹੀ ਲੜਕਿਆਂ ਵਲੋਂ ਛੇੜਛਾੜ ਅਤੇ ਤੇਜ਼ਾਬੀ ਹਮਲੇ ਦੀਆਂ ਘਟਨਾਵਾਂ ਵਾਪਰਦੀਆਂ ਹਨ। ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਪੰਜਾਬ ‘ਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਨਸ਼ੇ, ਭ੍ਰਿਸ਼ਟਾਚਾਰ ਅਤੇ ਬਾਕੀ ਬੁਰਾਈਆਂ ਦੇ ਨਾਲ-ਨਾਲ ਔਰਤਾਂ ‘ਤੇ ਹੋ ਰਹੇ ਇਨ੍ਹਾਂ ਅੱਤਿਆਚਾਰਾਂ ਅਤੇ ਤੇਜ਼ਾਬੀ ਹਮਲੇ ਵਰਗੀਆਂ ਘਿਨਾਉਣੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਸਖ਼ਤ ਕਾਨੂੰਨ ਬਣਾਇਆ ਜਾਵੇਗਾ ਅਤੇ ਔਰਤਾਂ ਮਾਨ-ਸਨਮਾਨ ਨੂੰ ਬਰਕਰਾਰ ਰੱਖਣ ਲਈ ਵਿਸ਼ੇਸ਼ ਪਹਿਲਕਦਮੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਤੱਕ ਕਰੀਬ 65 ਵਿਧਾਨ ਸਭਾ ਹਲਕਿਆਂ ‘ਚ ਮਹਿਲਾ ਸ਼ਕਤੀ ਅਭਿਆਨ ਤਹਿਤ ਪਿੰਡਾਂ ਅਤੇ ਸ਼ਹਿਰਾਂ ‘ਚ ਮੀਟਿੰਗਾਂ ਕੀਤੀਆਂ ਜਾ ਚੁੱਕੀਆ ਹਨ ਅਤੇ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ‘ਚ ਪਿੰਡਾਂ ਅਤੇ ਸ਼ਹਿਰਾਂ ‘ਚ ਮੀਟਿੰਗਾਂ ਕਰਕੇ ਪੰਜਾਬ ਦੀਆਂ ਔਰਤਾਂ ਨੂੰ ‘ਆਪ’ ਦੀਆਂ ਕਾਰਗੁਜ਼ਾਰੀਆਂ ਬਾਰੇ ਜਾਣੂ ਕਰਵਾ ਕੇ ਪਾਰਟੀ ਨਾਲ ਜੋੜਿਆ ਜਾਵੇਗਾ ਅਤੇ ਪਾਰਟੀ ਨੂੰ ਵੱਧ ਤੋਂ ਵੱਧ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਅਸ਼ੋਕ ਨਾਗਲੀਆਂ ਅਬਜ਼ਰਬਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਅਤੇ ਗੁਰਵਿੰਦਰ ਸਿੰਘ ਪਾਬਲਾ ਜੋਨ ਇੰਚਾਰਜ਼ ਕਿਸਾਨ ਵਿੰਗ ਹੁਸ਼ਿਆਰਪੁਰ ਵੀ ਹਾਜ਼ਰ ਸਨ।

LEAVE A REPLY