1ਜਲੰਧਰ  :  ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐੱਸ. ਵਾਈ. ਐੱਲ. ਅਤੇ ਵੱਖ-ਵੱਖ ਸੂਬਿਆਂ ਦਰਮਿਆਨ ਦਰਿਆਵਾਂ ਦੇ ਪਾਣੀਆਂ ਦੀ ਵੰਡ ਦੇ ਮੁੱਦੇ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਯੂ-ਟਰਨ ਲੈਣ ਦਾ ਦੋਸ਼ ਲਾਇਆ ਹੈ। ਕੇਜਰੀਵਾਲ ਨੇ ਬਿਆਨ ਦਿੱਤਾ ਸੀ ਕਿ ਪਾਣੀ ‘ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ। ਭਾਵੇਂ ਪੰਜਾਬ ਹੋਵੇ ਜਾਂ ਹਰਿਆਣਾ ਜਾਂ ਫਿਰ ਦਿੱਲੀ। ਉਨ੍ਹਾਂ ਨੂੰ ਆਪਣਾ ਪਾਣੀ ਮੰਗਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਕਪੂਰਥਲਾ ਵਿਚ ਪਿਛਲੇ ਦਿਨੀਂ ਇਹ ਬਿਆਨ ਦਿੱਤਾ ਸੀ ਕਿ ਉਹ ਐੱਸ. ਵਾਈ. ਐੱਲ. ਦੇ ਮੁੱਦੇ ‘ਤੇ ਪੰਜਾਬ ਦੀ ਹਮਾਇਤ ਕਰਦੇ ਹਨ ਅਤੇ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਹਰਿਆਣਾ ਨੂੰ ਨਹੀਂ ਜਾਣ ਦਿੱਤੀ ਜਾਵੇਗੀ।
ਕੈਪਟਨ ਨੇ ਕਿਹਾ ਕਿ ਜਦੋਂ ਹਰਿਆਣਾ ਦੀ ਸਰਕਾਰ ਨੇ ‘ਆਪ’ ਨੂੰ ਆਈਨਾ ਦਿਖਾਇਆ ਤਾਂ ‘ਆਪ’ ਆਪਣੇ ਚਰਿੱਤਰ ਦੀ ਵਿਸ਼ੇਸ਼ਤਾ ਮੁਤਾਬਕ ਆਪਣੇ ਹੀ ਬਿਆਨ ਤੋਂ ਪਲਟ ਗਏ ਅਤੇ ਹੁਣ ਕਹਿ ਰਹੇ ਹਨ ਕਿ ਪਾਣੀ ਦੇ ਮੁੱਦੇ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕੇਜਰੀਵਾਲ ਨੂੰ ਕਿਹਾ ਕਿ ਉਨ੍ਹਾਂ ਦੇ ਬਿਆਨ ਇੱਕ ਹੋਣੇ ਚਾਹੀਦੇ ਹਨ, ਜਿਹੜੇ ਕਿ ਵਾਰ-ਵਾਰ ਤੇਜ਼ੀ ਨਾਲ ਬਦਲਦੇ ਰਹਿੰਦੇ ਹਨ।
ਕੈਪਟਨ ਨੇ ਕੇਜਰੀਵਾਲ ਨੂੰ ਕਿਹਾ ਕਿ ਉਹ ਅਸਪੱਸ਼ਟਤਾ ਦਾ ਸਹਾਰਾ ਲੈਣਾ ਛੱਡ ਦੇਣ ਕਿਉਂਕਿ ਸਿਆਸਤ ਅਸਪੱਸ਼ਟਤਾ ਦੀ ਖੇਡ ਨਹੀਂ ਹੈ। ਇਸ ਕ੍ਰਮ ਵਿਚ ਘੱਟੋ-ਘੱਟ ਪੰਜਾਬ ਦੇ ਲੋਕ ਤੁਹਾਡੇ ਤੋਂ ਸਿੱਧੇ ਸਵਾਲ ਕਰਨਗੇ ਕਿ ਕੀ ਤੁਸੀਂ ਉਨ੍ਹਾਂ ਦੇ ਨਾਲ ਹੋ ਜਾਂ ਫਿਰ ਉਨ੍ਹਾਂ ਦੇ ਖਿਲਾਫ। ਤੁਸੀਂ ਦੋ ਕਿਸ਼ਤੀਆਂ ‘ਤੇ ਸਵਾਰ ਨਹੀਂ ਹੋ ਸਕਦੇ ਅਤੇ ਨਾ ਹੀ ਪੰਜਾਬੀਆਂ ਨੂੰ ਗੁੰਮਰਾਹ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਤੇ ਹਰਿਆਣਾ ਦਰਮਿਆਨ ਲਟਕੇ ਹੋਰਨਾਂ ਮੁੱਦਿਆਂ ‘ਤੇ ਵੀ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸਿੰਚਾਈ ਮੰਤਰੀ ਦੀ ਇੱਕ ਚਿੱਠੀ ਨੇ ਹੀ ਕੇਜਰੀਵਾਲ ਨੂੰ ਮੈਦਾਨ ਛੱਡਣ ਲਈ ਮਜਬੂਰ ਕਰ ਦਿੱਤਾ ਹੈ। ਜੇਕਰ ਅਜਿਹੀ ਹੀ ਕੋਈ ਹੋਰ ਚਿੱਠੀ ਆ ਗਈ ਤਾਂ ਕੇਜਰੀਵਾਲ ਪੰਜਾਬ ਦੇ ਹੋਰਨਾਂ ਮੁੱਦਿਆਂ ‘ਤੇ ਵੀ ਯੂ-ਟਰਨ ਲੈ ਲੈਣਗੇ। ਇਸੇ ਲਈ ਉਹ ਕੇਜਰੀਵਾਲ ਨੂੰ ਕਹਿੰਦੇ ਆ ਰਹੇ ਸਨ ਕਿ ਪੰਜਾਬ ਨੂੰ ਸਿਰਫ 4 ਦਿਨਾਂ ਵਿਚ ਸਮਝਣਾ ਬਹੁਤ ਮੁਸ਼ਕਲ ਹੈ, ਜਿਸ ਬਾਰੇ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਹਨ।

LEAVE A REPLY