3ਚੰਡੀਗੜ੍ਹ  ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸੂਬੇ ਦੇ ਕਿਸਾਨਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਉਨ੍ਹਾਂ ਲਈ ਵਿਸ਼ੇਸ਼ ਸਕੀਮਾਂ ਸ਼ੁਰੂ ਕਰਕੇ ਉਨ੍ਹਾਂ ਦੀ ਕਿਸਮਤ ਬਦਲਣ ਵਾਸਤੇ ਨੀਤੀ ਆਯੋਗ ਤੋਂ ਪੂਰੇ ਸਮਰਥਨ ਅਤੇ ਸਹਿਯੋਗ ਦੀ ਮੰਗ ਕੀਤੀ ਹੈ।
ਨੀਤੀ ਆਯੋਗ ਦੇ ਮੈਂਬਰ ਪ੍ਰੋ. ਰਮੇਸ਼ ਚੰਦ ਅਤੇ ਸਲਾਹਕਾਰ ਸ੍ਰੀ ਜਤਿੰਦਰ ਕੁਮਾਰ ਅਧਾਰਤ ਇੱਕ ਵਫਦ ਦੇ ਨਾਲ ਉੱਚ ਪੱਧਰੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਸਾਨਾਂ ਦੀ ਭਲਾਈ ਦੇ ਵਾਸਤੇ ਸੂਬੇ ਲਈ ਵਿਸ਼ੇਸ਼ ਸਕੀਮਾਂ ਤਿਆਰ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ। ਇਹ ਵਫਦ ਅੱਜ ਸ਼ਾਮ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਉਤੇ ਮਿਲਿਆ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਕਿਸਾਨੀ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਵੇਂ ਕਿ ਸੂਬਾ ਸਰਕਾਰ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਘਟਾਉਣ ਲਈ ਆਪਣੀ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਹਨ ਪਰ ਨੀਤੀ ਆਯੋਗ ਕੇਂਦਰ ਸਰਕਾਰ ਦੀ ਮਦਦ ਨਾਲ ਇਸ ਸਬੰਧ ਵਿਚ ਹੋਰ ਸਰਗਰਮ ਭੂਮਿਕਾ ਨਿਭਾਅ ਸਕਦਾ ਹੈ। ਸ. ਬਾਦਲ ਨੇ ਕਿਹਾ ਕਿ ਫਸਲੀ ਵਿਭਿੰਨਤਾ ਨੂੰ ਬੜ੍ਹਾਵਾ ਦੇਣ ਅਤੇ ਸੂਬੇ ਵਿਚ ਖੇਤੀ ਉਦਯੋਗ ਦੀਆਂ ਸੰਭਾਵਨਾਵਾਂ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਸਕੀਮਾਂ ਲਾਜ਼ਮੀ ਤੌਰ ‘ਤੇ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਇੱਕ ਹੋਰ ਮੁੱਦੇ ਨੂੰ ਉਠਾਉਂਦੇ ਹੋਏ ਮੁੱਖ ਮੰਤਰੀ ਨੇ ਅੱਪਰ ਬਾਰੀ ਦੋਆਬ ਨਹਿਰ ਦੇ ਨਵੀਨੀਕਰਨ ਅਤੇ ਪੁਨਰਸੁਰਜੀਤੀ ਦੇ ਵਾਸਤੇ ਪ੍ਰਾਜੈਕਟ ਨੂੰ ਤੇਜ਼ੀ ਨਾਲ ਪ੍ਰਵਾਨਗੀ ਦਿਵਾਉਣ ਲਈ ਵੀ ਵਫਦ ਨੂੰ ਆਖਿਆ ਜੋ ਕਿ ਭਾਰਤ ਸਰਕਾਰ ਕੋਲ ਲੰਬਿਤ ਪਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਝਾ ਖੇਤਰ ਦੀ ਜੀਵਨ ਰੇਖਾ ਮੰਨੀ ਜਾਂਦੀ ਇਕ ਸਦੀ ਪੁਰਾਣੀ ਇਹ ਨਹਿਰ ਇਸ ਖਿੱਤੇ ਵਿਚ ਸਿੰਚਾਈ ਦੀ ਸਮਰਥਾ ਨੂੰ ਹੋਰ ਵਧਾ ਸਕਦੀ ਹੈ।  ਇੱਕ ਹੋਰ ਮੁੱਦੇ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਜੰਗਲੀ ਜੀਵਾਂ ਵੱਲੋਂ ਕਿਸਾਨਾਂ ਦੀ ਫਸਲਾਂ ਦੇ ਨੁਕਸਾਨ ਨੂੰ ਰੋਕਣ ਵਾਸਤੇ ਕੰਢੀ ਖੇਤਰ ਵਿਚ ਵਾੜ ਲਾਉਣ ਵਾਸਤੇ ਸਬਸਿਡੀ ਯਕੀਨੀ ਬਣਾਉਣ ਲਈ ਵੀ ਵਫਦ ਨੂੰ ਆਖਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸੂਬੇ ਵਿਚ ਪਸ਼ੂਆਂ ਦੇ ਵਾੜੇ ਬਣਾ ਰਹੀ ਹੈ ਤਾਂ ਜੋ ਜੰਗਲੀ ਜਾਨਵਰਾਂ ਦੇ ਰਿਹਾਇਸ਼ੀ ਇਲਾਕਿਆਂ ਵਿਚ ਦਾਖਲੇ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਵਾਸਤੇ ਨੀਤੀ ਆਯੋਗ ਨੂੰ ਕਿਸਾਨਾਂ ਨੂੰ ਸਬਸਿਡੀ ਦੇਣ ਲਈ ਨੀਤੀ ਤਿਆਰ ਕਰਨੀ ਚਾਹੀਦੀ ਹੈ।
ਵਿਚਾਰ-ਚਰਚਾ ਦੌਰਾਨ ਪ੍ਰੋ. ਰਮੇਸ਼ ਚੰਦ ਨੇ ਕਿਹਾ ਕਿ ਪੰਜਾਬ ਦੀ ਦੇਸ਼ ਨੂੰ ਅਨਾਜ ਸੁਰੱਖਿਆ ਮੁਹੱਈਆ ਕਰਵਾਉਣ ਵਿਚ ਵੱਡੀ ਭੂਮਿਕਾ ਰਹੀ ਹੈ ਅਤੇ ਸੂਬੇ ਦੇ ਕਿਸਾਨਾਂ ਨੂੰ ਏਕੀਕ੍ਰਿਤ ਮੰਡੀਕਰਨ ਪ੍ਰਣਾਲੀ, ਜ਼ਮੀਨ ਨੂੰ ਪੱਟੇ ਤੇ ਦੇਣ ਸਬੰਧੀ ਮਾਡਲ ਕਾਨੂੰਨਾਂ ਅਤੇ ਸ਼ਿਆਮਾ ਪ੍ਰਸ਼ਾਦ ਮੁਖਰਜੀ ਰਰਬਨ ਮਿਸ਼ਨ ਦੇ ਹੇਠ ਰਰਬਨ ਕਲਸਟਰ ਸਕੀਮ ਆਦਿ ਵਰਗੇ ਪ੍ਰਮੁੱਖ ਸੁਧਾਰਾਂ ਤੋਂ ਹੁਣ ਵੀ ਲਾਭ ਮਿਲਣਾ ਚਾਹੀਦਾ ਹੈ। ਇਹ ਕਲਸਟਰ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾ ਕੇ ਅਤੇ ਕਿਸਾਨਾਂ ਦੀ ਮੰਡੀਆਂ ਤੱਕ ਪਹੁੰਚ ਯਕੀਨੀ ਬਣਾ ਕੇ ਦਿਹਾਤੀ ਇਲਾਕਿਆਂ ਵਿਚ ਵਿਕਾਸ ਕੇਂਦਰਾਂ ਵਜੋਂ ਭੂਮਿਕਾ ਨਿਭਾਉਣਗੇ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵਧਾਉਣਗੇ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਨੀਤੀ ਆਯੋਗ ਸੂਬੇ ਦੇ ਕਿਸਾਨਾਂ ਨੂੰ ਹਰ ਸੁਵਿਧਾ ਦੇਣ ਲਈ ਹਰ ਸੰਭਵ ਕਦਮ ਚੁੱਕੇਗਾ।

LEAVE A REPLY