4ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਖੁਰਾਲਗੜ੍ਹ ਵਿਖੇ 125 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਣ ਵਾਲੀ ਸ੍ਰੀ ਗੁਰੂ ਰਵਿਦਾਸ ਯਾਦਗਾਰ ਦਾ ਨੀਂਹ ਪੱਥਰ 3 ਅਪਰੈਲ, 2016 ਨੂੰ ਰੱਖਣ ਲਈ ਕਰਵਾਏ ਜਾ ਰਹੇ ਸਮਾਰੋਹ ਲਈ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਮੀਟਿੰਗ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਅੱਜ ਸਵੇਰੇ ਇੱਥੇ ਪੰਜਾਬ ਭਵਨ ਵਿਖੇ ਹੋਈ। ਵਿਚਾਰ-ਚਰਚਾ ਵਿੱਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਨੇ ਅਕਾਲੀ-ਭਾਜਪਾ ਦੇ ਨੇਤਾਵਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਨ੍ਹਾਂ ਇਤਿਹਾਸਕ ਪਲਾਂ ਵਿੱਚ ਹਰੇਕ ਵਰਗ ਦੇ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਆਖਿਆ। ਸ. ਬਾਦਲ ਨੇ ਕਿਹਾ ਕਿ ਇਹ ਵਿਸ਼ਵ ਪੱਧਰੀ ਯਾਦਗਾਰ ਸ੍ਰੀ ਗੁਰੂ ਰਵਿਦਾਸ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜਿਨ੍ਹਾਂ ਦਾ ਜੀਵਨ ਤੇ ਸਿੱਖਿਆਵਾਂ ਲੋਕਾਈ ਲਈ ਚਾਨਣ ਮੁਨਾਰੇ ਵਾਂਗ ਹਨ। ਸ. ਬਾਦਲ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਮਹਾਨ ਅਧਿਆਤਮਕ ਦੂਤ ਅਤੇ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੇ ਮਸੀਹਾ ਸਨ ਜਿਨ੍ਹਾਂ ਨੇ ਸਾਨੂੰ ਅਰਥ ਭਰਪੂਰ ਅਤੇ ਨੇਕ ਜੀਵਨ ਜਿਉਣ ਦਾ ਮਾਰਗ ਦਿਖਾਇਆ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦਾ ਜੀਵਨ ਤੇ ਫਿਲਾਸਫੀ ਅਜੋਕੇ ਸਮੇਂ ਵਿੱਚ ਵੀ ਉਨ੍ਹੀਂ ਹੀ ਸਾਰਥਕ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਇਹ ਯਾਦਗਾਰ ਸ਼ਿਲਪਕਾਰੀ ਦਾ ਅਚੰਭਾ ਹੋਵੇਗੀ। ਇਸ ਯਾਦਗਾਰ ਵਿੱਚ 10,000 ਸ਼ਰਧਾਲੂਆਂ ਦੀ ਸਮਰਥਾ ਦੀ ਇਕੱਤਰਤਾ ਵਾਲਾ ਇਕ ਹਾਲ ਅਤੇ ਉੱਚ ਦਰਜੇ ਦਾ ਆਡੀਟੋਰੀਅਮ ਵੀ ਹੋਵੇਗਾ ਜਿਸ ਵਿਚ ਹਰੇਕ ਤਰ੍ਹਾਂ ਦੀ ਆਧੁਨਿਕ ਤਕਨੀਕ ਮੁਹੱਈਆ ਹੋਵੇਗੀ ਜਿਸ ਰਾਹੀਂ ਗੁਰੂ ਰਵਿਦਾਸ ਜੀ ਦੇ ਮਹਾਨ ਜੀਵਨ ਤੇ ਸਿੱਖਿਆਵਾਂ ਨੂੰ ਦਰਸਾਇਆ ਜਾਵੇਗਾ। ਆਡੀਟੋਰੀਅਮ ਵਿਚ ਕਿਸੇ ਵੀ ਸਮਾਗਮ ਦੌਰਾਨ 500 ਸ਼ਰਧਾਲੂਆਂ ਦੇ ਬੈਠਣ ਦੀ ਜਗ੍ਹਾ ਹੋਵੇਗੀ। ਇਹ ਵੀ ਦੱਸਿਆ ਗਿਆ ਕਿ ਇਸ ਵਿਸ਼ਵ ਪੱਧਰੀ ਯਾਦਗਾਰ ਦੀ ਖਾਸੀਅਤ 151 ਫੁੱਟ ਉਚਾ ‘ਮਿਨਾਰ-ਏ-ਬੇਗਮਪੁਰਾ’ ਦਾ ਢਾਂਚਾ ਹੋਵੇਗਾ।
ਸ੍ਰੀ ਗੁਰੂ ਰਵਿਦਾਸ ਯਾਦਗਾਰ ਨੂੰ ਵਿਸ਼ਵ ਪੱਧਰ ਦੀ ਯਾਦਗਾਰ ਦੱਸਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਇਸ ਮਹਾਨ ਸਮਾਰੋਹ ਵਿੱਚ ਜਾਤ, ਰੰਗ, ਨਸਲ ਅਤੇ ਧਰਮ ਦੀਆਂ ਸੌੜੀਆਂ ਵਲਗਣਾਂ ਤੋਂ ਉਪਰ ਉੱਠ ਕੇ ਸਾਂਝੇ ਤੌਰ ‘ਤੇ ਪਹੁੰਚਣ ਦਾ ਸੱਦਾ ਦਿੱਤਾ ਤਾਂ ਕਿ ਧਰਮ ਨਿਰਪੱਖਤਾ ਅਤੇ ਧਾਰਮਿਕ ਸਹਿਣਸ਼ੀਲਤਾ ਦਾ ਬੇਮਿਸਾਲ ਪ੍ਰਗਟਾਵਾ ਕੀਤਾ ਜਾ ਸਕੇ। ਸ. ਬਾਦਲ ਨੇ ਪ੍ਰਬੰਧਕੀ ਕਮੇਟੀ ਨੂੰ ਆਖਿਆ ਕਿ ਇਸ ਸਮਾਰੋਹ ਵਿੱਚ ਸਾਰੇ ਧਰਮਾਂ ਦੇ ਮੁਖੀਆਂ ਅਤੇ ਸੰਤ-ਮਹਾਂਪੁਰਖਾਂ ਦੀ ਹਾਜ਼ਰੀ ਵੀ ਯਕੀਨੀ ਬਣਾਈ ਜਾਵੇ।
ਸੂਬੇ ਦੇ ਸ਼ਾਨਦਾਰ ਅਮੀਰ ਵਿਰਸੇ ਦੇ ਪਾਸਾਰ ਲਈ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਯਾਦਗਾਰ, ਅੰਮ੍ਰਿਤਸਰ ਵਿਖੇ ਜੰਗੀ ਯਾਦਗਾਰ ਅਤੇ ਰਾਮ ਤੀਰਥ ਮੰਦਰ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ ਜੋ ਇਸੇ ਸਾਲ ਸਮਰਪਿਤ ਕਰ ਦਿੱਤੇ ਜਾਣਗੇ। ਮੀਟਿੰਗ ਵਿੱਚ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਸੋਹਣ ਸਿੰਘ ਠੰਡਲ, ਮੁੱਖ ਸੰਸਦੀ ਸਕੱਤਰ ਸ੍ਰੀ ਪਵਨ ਟੀਨੂੰ, ਚੌਧਰੀ ਨੰਦ ਲਾਲ, ਸ੍ਰੀ ਸੋਮ ਪ੍ਰਕਾਸ਼ ਅਤੇ ਸ੍ਰੀ ਅਵਿਨਾਸ਼ ਚੰਦਰ, ਵਿਧਾਇਕ ਬੀਬੀ ਜਗੀਰ ਕੌਰ, ਸ੍ਰੀ ਮਨੋਰੰਜਨ ਕਾਲੀਆ, ਸ੍ਰੀ ਗੁਰਪ੍ਰਤਾਪ ਸਿੰਘ ਵਡਾਲਾ, ਸ੍ਰੀ ਸਰਵਣ ਸਿੰਘ ਫਿਲੌਰ ਅਤੇ ਸ੍ਰੀ ਸੁਰਿੰਦਰ ਸਿੰਘ ਭੱਲੇਰਾਠਾਂ, ਮੁੱਖ ਮੰਤਰੀ ਦੇ ਸਲਾਹਕਾਰ ਸ੍ਰੀ ਤੀਕਸ਼ਣ ਸੂਦ, ਮਾਰਕਫੈੱਡ ਦੇ ਚੇਅਰਮੈਨ ਸ. ਜਰਨੈਲ ਸਿੰਘ ਵਾਹਦ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ, ਸਾਬਕਾ ਵਿਧਾਇਕ ਤੇ ਜ਼ਿਲ੍ਹਾ ਯੋਜਨਾ ਕਮੇਟੀ ਕਪੂਰਥਲਾ ਦੇ ਚੇਅਰਮੈਨ ਸ. ਸਰਬਜੀਤ ਸਿੰਘ ਮੱਕੜ, ਜ਼ਿਲ੍ਹਾ ਯੋਜਨਾ ਕਮੇਟੀ ਜਲੰਧਰ ਦੇ ਚੇਅਰਮੈਨ ਸ. ਗੁਰਚਰਨ ਸਿੰਘ ਚੰਨੀ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਡਾਇਰੈਕਟਰ ਸ੍ਰੀ ਨਵਜੋਤਪਾਲ ਸਿੰਘ ਰੰਧਾਵਾ ਹਾਜ਼ਰ ਸਨ।

LEAVE A REPLY