1ਚੰਡੀਗੜ੍ਹ : ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਅਜ਼ਾਦੀ ਵਿਚ ਗਦਰੀ ਯੋਧਿਆਂ ਦੇ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀਆਂ ਅਨੇਕਾਂ ਕੁਰਬਾਨੀਆਂ ਦਾ ਫਲ ਅਸੀਂ ਮਾਣ ਰਹੇ ਹਾਂ। ਦੇਸ਼ ਦੀ ਅਜ਼ਾਦੀ ਦੀ ਮੁਹਿੰਮ ਦਾ ਆਗਾਜ਼ ਵੀ ਪੰਜਾਬੀਆਂ ਨੇ ਹੀ ਕੀਤਾ ਸੀ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਸੀਂ ਆਪਣੇ ਵਿਰਸੇ ਤੇ ਪਹਿਰਾ ਦੇਣ ਵਿਚ ਅਸਫਲ ਹੁੰਦੇ ਜਾ ਰਹੇ ਹਾਂ। ਨੌਜਵਾਨ ਦੇਸ਼ ਦਾ ਭਵਿਖ ਹੁੰਦੇ ਹਨ ,ਜੇਕਰ ਨੌਜਵਾਨ ਆਪਣੇ ਬਜ਼ੁਰਗ ਅਜ਼ਾਦੀ ਘੁਲਾਟੀਆਂ ਨੂੰ ਯਾਦ ਰੱਖਣਗੇ ਤਾਂ ਪੰਜਾਬ ਖ਼ੁਸ਼ਹਾਲੀ ਪ੍ਰਾਪਤ ਕਰਦਾ ਰਹੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ.ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਵਿਧਾਨ ਸਭਾ ਨੇ ਦੂਜੇ ਲਾਹੌਰ ਸਾਜ਼ਸ਼ ਕੇਸ ਦੇ ਕੌਮਾਂਤਰੀ ਸਮਾਗਮ ਵਿਚ ਚੰਡੀਗੜ੍ਹ ਮਿਊਜ਼ੀਅਮ ਤੇ ਆਰਟ ਗੈਲਰੀ ਵਿਚ ਹਰਿਦਰਸ਼ਨ ਮੈਮੋਰੀਅਲ ਟਰੱਸਟ ਕੈਨੇਡਾ ਦੇ ਇੰਡੀਆ ਚੈਪਟਰ ਵੱਲੋਂ ਆਯੋਜਤ ਸਮਾਗਮ ਵਿਚ ਬੋਲਦਿਆਂ ਕੀਤਾ। ਸ੍ਰ.ਤਰਲੋਚਨ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਨੇ ਪ੍ਰਧਾਨਗੀ ਭਾਸ਼ਣ ਕਰਦਿਆਂ ਕਿਹਾ ਕਿ ਪੰਜਾਬ ਕਿ ਪੰਜਾਬ ਦੇਸ਼ ਦਾ ਅਜਿਹਾ ਸੂਬਾ ਹੈ ਜਿਸਨੇ ਅਜ਼ਾਦੀ ਦੀ ਮੁੰਹਿਮ ਦਾ ਆਗਾਜ਼ ਕੀਤਾ ਸੀ।
ਇਸ ਮੌਕੇ ਤੇ ਦੂਜੇ ਲਾਹੌਰ ਸਾਜਸ਼ ਕੇਸ ਵਿਚ ਫਾਂਸੀ ਤੇ ਲੱਗਣ, ਉਮਰ ਕੈਦ ਅਤੇ ਹੋਰ ਸਜਾਵਾਂ ਪ੍ਰਾਪਤ ਕਰਨ ਵਾਲੇ ਗਦਰੀ ਯੋਧਿਆਂ ਦੇ ਵਾਰਸਾਂ ਨੂੰ ਸਨਾਮਨਤ ਕੀਤਾ ਗਿਆ, ਜਿਨ੍ਹਾਂ ਵਿਚ ਡਾ.ਗੁਰਪ੍ਰਕਾਸ਼ ਸਿੰਘ ਸੇਂਟ ਲੂਈਸ ਅਮਰੀਕਾ, ਡਾ.ਜਸਵੰਤ ਸਿੰਘ ਸਿੱਧੂ, ਕਾਰਬਨ ਡੇਲ, ਅਮਰੀਕਾ, ਗੁਰਨੇਕ ਸਿੰਘ ਬਰਾੜ, ਐਬਟਸ ਫੋਰਡ, ਕੈਨੇਡਾ, ਬੀਬੀ ਇਕਬਾਲ ਕੌਰ ਸਿੱਧੂ, ਕਾਰਬਨ ਡੇਲ, ਅਮਰੀਕਾ ਅਤੇ ਭਾਈ ਰਣਧੀਰ ਸਿੰਘ ਦਾ ਪੜਪੋਤਰਾ ਭਾਈ ਜੁਝਾਰ ਸਿੰਘ ਲੈਂਗਲੀ ਇੰਗਲੈਂਡ ਸ਼ਾਮਲ ਸਨ। ਦਲੀਪ ਸਿੰਘ ਫੁਲੇਵਾ ਦੇ ਲੜਕੇ ਜਗਜੀਤ ਸਿੰਘ, ਭਾਈ ਨਿਧਾਨ ਸਿੰਘ ਢੀਕਮਪੁਰ ਦੇ ਪੋਤਰੇ ਸ੍ਰ.ਜਸਵੀਰ ਸਿੰਘ ਕੋਹਲੀ ਅਤੇ ਗਿਆਨੀ ਹਰਭਜਨ ਸਿੰਘ ਚਮਿੰਡਾ ਦੇ ਪੋਤਰੇ ਭਾਈ ਦਰਸ਼ਨ ਸਿੰਘ ਨੂੰ ਯਾਦਗਾਰੀ ਅਵਾਰਡ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਤੇ ਕੁੰਜੀਗਤ ਭਾਸ਼ਣ ਦਿੰਦਿਆਂ ਸਿੱਖ ਵਿਦਵਾਨ ਅਤੇ ਚਿੰਤਕ ਭਾਈ ਜੈਤੇਗ ਸਿੰਘ ਅਨੰਤ ਜੋ ਕਿ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਆਏ ਹਨ ਨੇ ਕਿਹਾ ਕਿ ਕੌਮ ਨੇ ਗਦਰੀ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦਾ ਯੋਗ ਮੁੱਲ ਨਹੀਂ ਪਾਇਆ ਸਗੋਂ ਇਤਿਹਾਸ ਨੇ ਵੀ ਅਣਡਿਠ ਕੀਤਾ ਹੈ। ਉਨ੍ਹਾਂ ਅੱਗੋਂ ਦੱਸਿਆ ਕਿ ਦੂਜੇ ਲਾਹੌਰ ਸਾਜਸ਼ ਕੇਸ ਵਿਚ 74 ਮੁਲਜ਼ਮਾ ਤੇ ਕੇਸ ਚੱਲਿਆ ਜਿਨ੍ਹਾਂ ਵਿਚੋਂ 5 ਨੂੰ ਫਾਂਸੀ, 46 ਨੂੰ ਉਮਰ ਕੈਦ ਅਤੇ 8 ਨੂੰ ਹੋਰ ਸਜਾਵਾਂ ਹੋਈਆਂ। ਇਨ੍ਹਾਂ ਵਿਚ 22 ਗਦਰੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਜੱਥੇ ਦੇ ਮੈਂਬਰ ਸ਼ਾਮਲ ਸਨ, ਜਿਨ੍ਹਾਂ ਵਿਚ ਭਾਈ ਰਣਧੀਰ ਸਿੰਘ ਨੂੰ ਉਮਰ ਕੈਦ ਹੋਈ ਸੀ। ਉਨ੍ਹਾਂ ਮਰਜੀਵੀੜੇ ਦੇਸ਼ ਭਗਤਾਂ ਦੀ ਯਾਦ ਵਿਚ ਪਿਛਲੇ ਸਾਲ ਤੋਂ ਲਗਾਤਾਰ ਸ਼ਤਾਬਦੀ ਸਮਾਗਮ ਕੀਤੇ ਜਾ ਰਹੇ ਹਨ। ਹੁਣ ਤੱਕ ਇੰਗਲੈਂਡ, ਅਮਰੀਕਾ, ਕੈਨੇਡਾ, ਹਾਲੈਂਡ ਅਤੇ ਫਰਾਂਸ ਵਿਖੇ ਸਮਾਗਮ ਆਯੋਜਤ ਕੀਤੇ ਜਾ ਚੁੱਕੇ ਹਨ। ਲਾਹੌਰ ਵਿਖੇ 30 ਮਾਰਚ 2016 ਨੂੰ ਸਮਾਗਮ ਕੀਤਾ ਜਾਵੇਗਾ। ਭਾਰਤ ਵਿਚ ਦਿੱਲੀ ਅਤੇ ਪੰਜਾਬ ਵਿਚ ਸਮਾਗਮ ਕੀਤੇ ਜਾ ਚੁੱਕੇ ਹਨ। ਪੰਜਾਬ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਵੀ ਅਜਿਹੇ ਸਮਾਗਮ ਕੀਤੇ ਜਾ ਚੁੱਕੇ ਹਨ।  ਇੰਡੀਆ ਚੈਪਟਰ ਦੇ ਕੋਆਰਡੀਨੇਟਰ ਉਜਾਗਰ ਸਿੰਘ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜਿਵੇਂ ਪੰਜਾਬੀ ਹਰ ਖੇਤਰ ਵਿਚ ਮੋਹਰੀ ਰਹਿੰਦੇ ਹਨ, ਉਸੇ ਤਰ੍ਹਾਂ ਅਜ਼ਾਦੀ ਦੀ ਲੜਾਈ ਵਿਚ ਵੀ ਮੋਹਰੀ ਭੂਮਿਕਾ ਨਿਪਾਈ ਸੀ। ਇਸ ਮੌਕੇ ਤੇ ਨਾਮਵਰ ਸਿੱਖ ਵਿਦਵਾਨ ਪ੍ਰੋ.ਹਿੰਮਤ ਸਿੰਘ, ਡਾ.ਬਲਵਿੰਦਰ ਕੌਰ ਬਠਿੰਡਾ ਅਤੇ ਡਾ.ਸਵਿੰਦਰ ਸਿੰਘ ਰੇਖੀ ਪਟਿਆਲਾ ਨੇ ਵੀ ਅਜ਼ਾਦੀ ਸੰਗਰਾਮ ਵਿਚ ਪੰਜਾਬੀਆਂ ਦੇ ਯੋਗਦਾਨ ਬਾਰੇ ਚਾਨਣਾ ਪਾਇਆ।

LEAVE A REPLY