4ਨਵੀਂ ਦਿੱਲੀ :  ਵਿੱਤ ਮੰਤਰੀ ਅਰੁਣ ਜੇਤਲੀ ਨੇ ਐਤਵਾਰ ਨੂੰ ਦਾਅਵਾ ਕੀਤਾ ਹੈ ਕਿ ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐਨ. ਯੂ.) ਦੋਵੇਂ ਘਟਨਾਕ੍ਰਮ ਖੱਬੇਪੱਖੀ ਕਦਮ ਸੀ, ਜਿਸ ਨਾਲ ਜੇਹਾਦੀਆਂ ਦਾ ਇਕ ਛੋਟਾ ਜਿਹਾ ਤਬਕਾ ਵੀ ਜੁੜਿਆ ਸੀ। 9 ਫਰਵਰੀ ਨੂੰ ਯੂਨੀਵਰਸਿਟੀ ਕੰਪਲੈਕਸ ਵਿਚ ਪ੍ਰਦਰਸ਼ਨ ਕਰਨ ਵਾਲਿਆਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ। ਉਸ ਪ੍ਰਦਰਸ਼ਨ ਵਿਚ ਦੇਸ਼ ਵਿਰੋਧੀ ਨਾਅਰੇ ਲਾਏ ਗਏ ਸਨ।
ਜੇਤਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੈਦਰਾਬਾਦ ਯੂਨੀਵਰਸਿਟੀ ਦੇ ਮਾਮਲੇ ਵਿਚ ਡਾ. ਬੀ. ਆਰ. ਅੰਬੇਡਕਰ ਦੇ ਨਾਂ ਦਾ ‘ਅਨੁਚਿਤ ਰੂਪ ਨਾਲ ਇਸਤੇਮਾਲ’ ਕੀਤਾ ਗਿਆ, ਜਿੱਥੇ ਇਕ ਸ਼ੋਧ ਵਿਦਿਆਰਥੀ ਰੋਹਿਤ ਵੇਮੁਲਾ ਵਲੋਂ ਖੁਦਕੁਸ਼ੀ ਤੋਂ ਬਾਅਦ ਪ੍ਰਦਰਸ਼ਨ ਸ਼ੁਰੂ ਹੋ ਗਏ। ਉਨ੍ਹਾਂ ਨੇ ਕਿਹਾ ਕਿ ਉਦਾਰ ਖੱਬੇਪੱਖੀ ਅਤੇ ਕਾਂਗਰਸ ਉਸ ‘ਚ ਫਸ ਗਏ ਜੋ ਅਤਿ ਖੱਬੇਪੱਖੀਆਂ ਦਾ ਅੰਦੋਲਨ ਸੀ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਭਾਜਪਾ ਨੇ ਇਸ ਨੂੰ ਇਕ ਵੈਚਾਰਿਕ ਚੁਣੌਤੀ ਦੇ ਤੌਰ ‘ਤੇ ਲਿਆ। ਇਹ ਪੁੱਛੇ ਜਾਣ ‘ਤੇ ਕਿ ਕੀ ਉਹ ਬਹਿਸ ‘ਚ ਹੋਰ ਪੜਾਵਾਂ ਦੀ ਉਮੀਦ ਕਰ ਰਹੇ ਸਨ, ਉਨ੍ਹਾਂ ਕਿਹਾ ਕਿ ਇਸ ਲੜਾਈ ਦੀ ਸ਼ੁਰੂਆਤ ਉਨ੍ਹਾਂ ਦੀ ਪਾਰਟੀ ਨੇ ਨਹੀਂ ਕੀਤੀ ਸੀ ਪਰ ਜੇਕਰ ਕੋਈ ਫਿਰ ਤੋਂ ਇਸ ਨੂੰ ਸ਼ੁਰੂ ਕਰਦਾ ਹੈ ਤਾਂ ਨਿਸ਼ਚਿਤ ਰੂਪ ਨਾਲ ਬਹਿਸ ਜਾਰੀ ਰਹੇਗੀ। ਇਹ ਪੁੱਛੇ ਜਾਣ ‘ਤੇ ਕਿ ਰਾਸ਼ਟਰਵਾਦ ‘ਤੇ ਚਰਚਾ ਸ਼ੁਰੂ ਕਰਕੇ ਭਾਜਪਾ ਸਿਆਸੀ ਫਾਇਦਾ ਚੁੱਕ ਰਹੀ ਹੈ ਤਾਂ ਜੇਤਲੀ ਨੇ ਕਿਹਾ ਕਿ ਮੈਂ ਕਿਸੇ ਫਾਇਦੇ ਵੱਲ ਨਹੀਂ ਦੇਖ ਰਿਹਾ ਹਾਂ।

LEAVE A REPLY