1ਬਠਿੰਡਾ : ਇੱਕ ਅਨੋਖੀ ਪਹਿਲਕਦਮੀ ਕਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜ੍ਹੀਆਂ) ਵਿਖੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਸੈਨੇਟਰੀ ਨੈਪਕਿਨ ਵੈਂਡਿੰਗ ਮਸ਼ੀਨ ਦਾ ਉਦਘਾਟਨ ਕੀਤਾ । ਇਸ ਤਰ੍ਹਾਂ ਦੀਆਂ ਮਸ਼ੀਨਾਂ ਜ਼ਿਲ੍ਹੇ ਦੇ 20 ਵਿਦਿਅਕ ਅਦਾਰਿਆਂ ‘ਚ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਸ਼੍ਰੀਮਤੀ ਬਾਦਲ ਨੇ ਕਿਹਾ ਕਿ ਇਹ ਮਸ਼ੀਨਾਂ ਲੜਕੀਆਂ ਵਿੱਚ ਨਿੱਜੀ ਸਫਾਈ ਅਤੇ ਸੈਨੇਟਰੀ ਨੈਪਕਿਨਾਂ ਦੀ ਵਰਤੋਂ ਪ੍ਰਤੀ ਜਾਗਰੂਕ ਕਰਨ ਦੇ ਮਨਸ਼ੇ ਤਹਿਤ ਸਥਾਪਤ ਕੀਤੀਆਂ ਗਈਆਂ ਹਨ।  ਉਨ੍ਹਾਂ ਕਿਹਾ ਕਿ ਲੜਕੀਆਂ ‘ਚ ਨਿੱਜੀ ਸਫ਼ਾਈ ਇੱਕ ਤੰਦਰੁਸਤ ਜੀਵਣ ਦੀ ਸ਼ੁਰੂਆਤ ਹੈ। ਉਨ੍ਹਾਂ ਦੱਸਿਆ ਕਿ ਇੱਕ ਵਾਰ ਬਟਨ ਪ੍ਰੈੱਸ ਕਰਨ ‘ਤੇ ਮਸ਼ੀਨ ਵਿੱਚੋਂ 3 ਨੈਪਕਿਨ ਨਿਕਲਣਗੇ, ਜਿਨ੍ਹਾਂ ਦੀ ਕੀਮਤ ਮਹਿਜ਼ 10 ਰੁਪਏ ਹੈ। ਇਹ ਮਸ਼ੀਨਾਂ ਦੀ ਕੀਮਤ ਪ੍ਰਤੀ ਮਸ਼ੀਨ 25 ਹਜ਼ਾਰ ਰੁਪਏ ਹੈ ਅਤੇ ਇਹ ਐੱਚ. ਐੱਲ. ਐੱਲ. ਕੰਪਨੀ ਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵੈਂਡਿੰਗ ਮਸ਼ੀਨ ਤੋਂ ਇਲਾਵਾ ਇਸਤੇਮਾਲ ਕੀਤੇ ਗਏ ਸੈਨੇਟਰੀ ਨੈਪਕਿਨ ਨੂੰ ਸੁੱਟਣ ਲਈ ਕੁੜ੍ਹੀਆਂ ਦੇ ਟਾਇਲਟ ‘ਚ ਇਨਸੀਨਰੇਟਰ ਲਗਾਏ ਗਏ ਹਨ ਤਾਂ ਜੋ ਇਨ੍ਹਾਂ ਇਸਤੇਮਾਲ ਕੀਤੇ ਗਏ ਨੈਪਕਿਨਾਂ ਨੂੰ ਸਹੀ ਢੰਗ ਨਾਲ ਖਤਮ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਇਹ ਆਮ ਦੇਖਣ ਵਿੱਚ ਆਉਂਦਾ ਹੈ ਕਿ ਲੜਕੀਆਂ ਸੈਨੇਟਰੀ ਨੈਪਕਿਨ ਮੰਗਣ ਵਿੱਚ ਹਿਚਕਿਚਾਹਟ ਮਹਿਸੂਸ ਕਰਦੀਆਂ ਹਨ। ਇਹ ਮਸ਼ੀਨਾਂ ਲੜਕੀਆਂ ਦੀ ਸਹੂਲਤ ਲਈ ਸਹਾਈ ਸਿੱਧ ਹੋਣਗੀਆਂ ਕਿਉਂਕਿ ਬੱਚੀਆਂ ਨੂੰ ਉਨ੍ਹਾਂ ਦੀ ਜ਼ਰੂਰਤ ਮੁਤਾਬਿਕ ਚੀਜ਼ਾਂ ਉਨ੍ਹਾਂ ਦੇ ਵਿਦਿਅਕ ਅਦਾਰਿਆਂ ਵਿੱਚ ਹੀ ਮੁਹੱਈਆ ਕਰਵਾਈਆਂ ਜਾਣਗੀਆਂ।  ਉਨ੍ਹਾਂ ਦੱਸਿਆ ਕਿ ਇਹ ਮਸ਼ੀਨਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜ੍ਹੀਆਂ)ਬਾਲਿਆਂਵਾਲੀ, ਗੋਨਿਆਣਾ, ਕੌਰੇਆਣਾ, ਮਲੂਕਾ, ਮੌੜ ਮੰਡੀ, ਪੱਤੀ ਕਰਮ ਚੰਦ ਮਹਿਰਾਜ, ਰਾਮਾਂ ਮੰਡੀ, ਰਾਮਪੁਰਾ ਮੰਡੀ ਅਤੇ ਤਲਵੰਡੀ ਸਾਬੋ ਵਿਖੇ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਮਸ਼ੀਨਾਂ ਮੈਰੀਟੋਰੀਅਸ ਸਕੂਲ ਬਠਿੰਡਾ, ਸਰਕਾਰੀ ਰਾਜਿੰਦਰਾ ਕਾਲਜ, ਬਾਬਾ ਫ਼ਰੀਦ ਕਾਲਜ, ਆਦੇਸ਼ ਮੈਡੀਕਲ ਕਾਲਜ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਕੇਂਦਰੀ ਯੂਨੀਵਰਸਿਟੀ ਬਠਿੰਡਾ, ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ, ਯੂਨੀਵਰਸਿਟੀ ਕਾਲਜ਼ ਘੁੱਦਾ, ਆਦਰਸ਼ ਸਕੂਲ ਨੰਦਗੜ੍ਹ ਅਤੇ ਸਪੋਰਟਸ ਸਕੂਲ ਘੁੱਦਾ ਵਿਖੇ ਵੀ ਸਥਾਪਿਤ ਕੀਤੀਆਂ ਜਾ ਰਹੀਆਂ ਹਨ।

LEAVE A REPLY