3ਬੀਬੀ ਬਾਦਲ ਨੇ ਕਰੀਬ 4 ਕਰੋੜ ਦੀ ਲਾਗਤ ਵਾਲੇ 66 ਕੇ.ਵੀ. ਗਰਿੱਡ ਦਾ ਕੀਤਾ ਉਦਘਾਟਨ
ਮਾਨਸਾ  : ਪੀ.ਪੀ.ਪੀ. ਵਾਂਗ ਆਮ ਆਦਮੀ ਪਾਰਟੀ ਵੀ ਕਾਂਗਰਸ ਦੀ ਬੀ-ਟੀਮ ਹੀ ਹੈ, ਜੋ ਲੋਕਾਂ ਨੂੰ ਗੁੰਮਰਾਹ ਕਰਕੇ ਆਪਣਾ ਸਿਆਸੀ ਲਾਹਾ ਖੱਟਣ ਲਈ ਤਰਲੋ ਮੱਛੀ ਹੋ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸਰਕਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਆਪਣੇ ਮਾਨਸਾ ਜ਼ਿਲ੍ਹੇ ਦੀ ਸਬ-ਡਵੀਜ਼ਨ ਬੁਢਲਾਡਾ ਦੇ ਪਿੰਡਾਂ ਦੇ ਸੰਗਤ ਦਰਸ਼ਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਚੋਣਾ ਸਮੇਂ ਵੀ ਅਰਵਿੰਦ ਕੇਜਰੀਵਾਲ ਆਪਣੇ ਬੱਚਿਆਂ ਦੀ ਕਸਮ ਖਾ ਕੇ ਕਹਿੰਦੇ ਹੁੰਦੇ ਸਨ ਕਿ ਉਹ ਕਿਸੇ ਵੀ ਪਾਰਟੀ ਵਿਚ ਰਲੇਵਾਂ ਨਹੀਂ ਕਰਨਗੇ ਪਰ ਉਨ੍ਹਾਂ ਨੇ ਕਾਂਗਰਸ ਦੇ ਸਮਰਥਨ ਨਾਲ ਦਿੱਲੀ ਵਿਚ ਆਪਣੀ ਸਰਕਾਰ ਬਣਾਈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਜਦੋਂ ਦੁਬਾਰਾ ਚੋਣਾ ਹੋਈਆਂ, ਤਾਂ ਕਾਂਗਰਸ ਪਾਰਟੀ ਨੇ ਆਪਣੀਆਂ ਸਾਰੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਟਰਾਂਸਫਰ ਕਰ ਦਿੱਤੀਆਂ, ਜਿਸ ਕਾਰਨ ਕਾਂਗਰਸ ਦਾ ਇਕ ਵੀ ਐਮ.ਐਲ.ਏ. ਨਾ ਬਣ ਸਕਿਆ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਕਾਂਗਰਸ ਦੀ ਬੀ-ਟੀਮ ਬਣ ਕੇ ਅਕਾਲੀ-ਭਾਜਪਾ ਸਰਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੰਮ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਕੁਝ ਵੀ ਨਹੀਂ ਹੈ।
ਪੱਤਰਕਾਰਾਂ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ੀ ਦੇ ਸਵਾਲ ‘ਤੇ ਜਵਾਬ ਦਿੰਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਦੋਂ ਵਿਧਾਨ ਸਭਾ ਵਿਚ ਕੋਈ ਵੀ ਬਿਲ ਪਾਸ ਹੁੰਦਾ ਹੈ, ਤਾਂ ਉਹ ਸਾਰੀਆਂ ਪਾਰਟੀਆਂ ਦੀ ਸਹਿਮਤੀ ਨਾਲ ਹੀ ਪਾਸ ਹੁੰਦਾ ਹੈ, ਜ਼ਿਨ੍ਹਾਂ ਵਿਚ ਸੂਬੇ ਦੇ ਹਰੇਕ ਤਰ੍ਹਾਂ ਦੇ ਲੋਕਾਂ ਦੇ ਆਗੂ ਜਾਂ ਨੁਮਾਇੰਦਿਆਂ ਦੀ ਸਹਿਮਤੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੁਝ ਵਿਅਕਤੀ ਕਹਿ ਰਹੇ ਹਨ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ੀ ਸਬੰਧੀ ਬਿਲ ਪਾਸ ਕਰਵਾਉਣ ਲਈ ਉਨ੍ਹਾਂ ਦੀ ਸਹਿਮਤੀ ਨਹੀਂ ਲਈ ਗਈ, ਤਾਂ ਇਹ ਸਿਰਫ਼ ਇਕ ਕੋਝੀ ਰਾਜਨੀਤੀ ਦਾ ਹੀ ਹਿੱਸਾ ਹੈ। ਉਨ੍ਹਾਂ ਮੋਹਾਲੀ ਵਿਖੇ ਬਣੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਵੀ ਮਹਾਨ ਸ਼ਹੀਦ ਦੇ ਨਾਂਅ ‘ਤੇ ਰੱਖਣ ਲਈ ਹਰਿਆਣਾ ਵੱਲੋਂ ਦਿੱਤੀ ਸਹਿਮਤੀ ਸਬੰਧੀ ਵੀ ਆਪਣੀ ਖੁਸ਼ੀ ਜ਼ਾਹਿਰ ਕੀਤੀ।
ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸਰਕਾਰ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਮਾਨਸਾ ਜ਼ਿਲ੍ਹੇ ਦੀ ਸਬ-ਡਵੀਜ਼ਨ ਬੁਢਲਾਡਾ ਦੇ ਪਿੰਡਾਂ ਖੱਤਰੀਵਾਲ (ਸਮੇਤ ਦਾਤੇਵਾਸ, ਰੰਘੜਿਆਲ ਤੇ ਦਿਆਲਪੁਰਾ), ਕਿਸ਼ਨਗੜ੍ਹ (ਸਮੇਤ ਬਹਾਦਰਪੁਰ), ਖੁਡਾਲ ਕਲਾਂ (ਸਮੇਤ ਅਕਬਰਪੁਰ ਖੁਡਾਲ ਤੇ ਸ਼ੇਖੂਪੁਰ ਖੁਡਾਲ), ਕਾਹਨਗੜ੍ਹ (ਸਮੇਤ ਬਖ਼ਸ਼ੀਵਾਲਾ ਤੇ ਜੁਗਲਾਨ) ਅਤੇ ਸੰਘਰੇੜੀ (ਸਮੇਤ ਸਿਰਸੀਵਾਲਾ ਅਤੇ ਧਰਮਪੁਰਾ) ਵਿਖੇ ਸੰਗਤ ਦਰਸ਼ਨ ਲਈ ਪਹੁੰਚੇ ਹੋਏ ਸਨ। ਇਸ ਦੌਰਾਨ ਉਨ੍ਹਾਂ 15 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਕਰੀਬ ਸਵਾ 2 ਕਰੋੜ ਦੇ ਫੰਡਜ਼ ਜਾਰੀ ਕੀਤੇ। ਇਸ ਦੌਰਾਨ ਉਨ੍ਹਾਂ ਪਿੰਡ ਕਿਸ਼ਨਗੜ੍ਹ ਸੱਦਾ ਸਿੰਘ ਵਾਲਾ ਵਿਖੇ ਕਰੀਬ 4 ਕਰੋੜ ਦੀ ਲਾਗਤ ਵਾਲੇ 66 ਕੇ.ਵੀ. ਗਰਿੱਡ ਦਾ ਉਦਘਾਟਨ ਵੀ ਕੀਤਾ, ਜਿਸ ਨਾਲ 7 ਪਿੰਡਾਂ ਨੂੰ ਬਿਜਲੀ ਦੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ।

LEAVE A REPLY