bikram majithias photoਅੰਮ੍ਰਿਤਸਰ : ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਸਬਕ ਸਿਖਾਇਆ ਜਾਵੇਗਾ, ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਭਵਿੱਖ ‘ਚ ਅਜਿਹੀ ਘਿਣਾਉਣੀ ਘਟਨਾ ਨੂੰ ਅੰਜਾਮ ਦੇਣ ਬਾਰੇ ਨਾ ਸੋਚ ਸਕੇ।  ਸ: ਮਜੀਠੀਆ ਹਲਕਾ ਮਜੀਠਾ ਦੇ ਪਿੰਡ ਰਾਮਦਿਵਾਲੀ ਮੁਸਲਮਾਨਾਂ, ਜਿੱਥੇ ਕਿ ਬੀਤੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸ਼ਰਾਰਤੀ ਅਨਸਰਾਂ ਵੱਲੋਂ ਅਗਨ ਭੇਟ ਕਰ ਦਿੱਤੇ ਗਏ ਸਨ, ਵਿਖੇ ਹੋਈ ਬੇਅਦਬੀ ਪ੍ਰਤੀ ਪਸ਼ਚਾਤਾਪ ਵਜੋਂ ਸਮੁੱਚੇ ਹਲਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।  ਇਸ ਮੌਕੇ ਹਾਜ਼ਰ ਸੰਗਤ ਦੇ ਇਕੱਠ ਨੂੰ ਸੰਬੋਧਨ ਕਰਦੇ ਸ. ਮਜੀਠੀਆ ਨੇ ਉਕਤ ਅੱਤ ਘਿਣਾਉਣੀ ਘਟਨਾ ਦੀ ਨਿਖੇਧੀ ਕੀਤੀ, ਤੇ ਕਿਹਾ ਕਿ ਅਜਿਹੇ ਲੋਕ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਦੇ ਹਨ, ਇਨਸਾਨ ਅਖਵਾਉਣ ਦੇ ਹੱਕਦਾਰ ਵੀ ਨਹੀਂ ਹਨ। ਉਨ•ਾਂ ਕਿਹਾ ਕਿ ਇਲਾਕੇ ਦੀਆਂ ਸੰਗਤਾਂ  ਨੇ ਮੌਕੇ ‘ਤੇ ਹੀ ਕਥਿਤ ਦੋਸ਼ੀਆਂ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਅਤੇ ਉਕਤ ਨਾਜ਼ੁਕ ਮੌਕੇ ‘ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਤਾਕ ਵਿੱਚ ਬੈਠੇ ਲੋਕਾਂ ਨੂੰ ਕੋਈ ਮੌਕਾ ਨਾ ਦੇਕੇ  ਏਕਤਾ ਦਾ ਜੋ ਸਬੂਤ ਦਿੱਤਾ ਅਤੇ ਭਾਈਚਾਰਕ ਸਾਂਝ, ਫਿਰਕੂ ਸਦਭਾਵਨਾ ਕਾਇਮ ਰਖ ਕੇ ਪੰਜਾਬ ਦੀ ਬਹੁਤ ਵੱਡੀ ਸੇਵਾ ਕੀਤੀ ਹੈ ਜਿਸ ਦੀ ਉਹ ਸ਼ਲਾਘਾ ਕਰਦੇ ਹਨ।  ਉਨ•ਾਂ ਇਸ ਮੌਕੇ ‘ਤੇ ਪੁਲਿਸ ਵੱਲੋਂ ਨਿਭਾਈ ਗਈ ਜ਼ਿੰਮੇਵਾਰੀ ਵਾਲੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ।
ਉਨ•ਾਂ ਦੱਸਿਆ ਕਿ ਇਹ ਘਟਨਾ ਜਿਨ•ਾਂ ਦਿਨਾਂ ਵਿੱਚ ਹੋਈ, ਉਦੋਂ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਚੱਲ ਰਿਹਾ ਸੀ, ਜਿੱਥੇ ਉਨ•ਾਂ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ-ਏ-ਮੌਤ ਦਾ ਕਾਨੂੰਨ ਬਨਾਉਣ ਦਾ ਮੁੱਦਾ ਉਠਾਇਆ। ਸ. ਮਜੀਠੀਆ ਨੇ ਦੱਸਿਆ ਕਿ ਇਸ ਮੁੱਦੇ ‘ਤੇ ਸੱਤਾਧਾਰੀ ਧਿਰ ਦੇ ਨਾਲ-ਨਾਲ ਕੁੱਝ ਆਜ਼ਾਦ ਵਿਧਾਇਕਾਂ ਨੇ ਸਮਰਥਨ ਕੀਤਾ ਅਤੇ ਇਸ ਗੰਭੀਰ ਦੋਸ਼ ‘ਤੇ ਉਮਰ ਕੈਦ ਦੀ ਸਜ਼ਾ ਦੇਣ ਅਤੇ ਹੋਰਨਾਂ ਪਵਿੱਤਰ ਧਾਰਮਿਕ ਵਸਤਾਂ ਅਤੇ ਗ੍ਰੰਥਾਂ ਦੀ ਬੇਅਦਬੀ ਕਰਨ ‘ਤੇ ੧੦ ਸਾਲ ਦੀ ਕੈਦ ਦਾ ਬਿਲ ਪਾਸ ਹੋਇਆ।ਜੋ ਕਿ ਪਹਿਲਾਂ ਸਿਰਫ਼ ਦੋ ਸਾਲ ਤਕ ਦੀ ਕੈਦ ਦੀ ਵਿਵਸਥਾ ਸੀ।  ਉਨ•ਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖਾਂ ਦੇ ਗੁਰੂ ਹੀ ਨਹੀਂ, ਬਲਕਿ ਸਾਰੀ ਮਾਨਵਤਾ ਦੇ ਰਾਹ ਦਸੇਰਾ ਹਨ ਅਤੇ ਇੰਨਾ ਦਾ ਅਪਮਾਨ ਕਰਨ ਵਾਲੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇ ਕੇ ਸਬਕ ਸਿਖਾਉਣਾ ਜ਼ਰੂਰੀ ਹੈ। ਇਸੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੀਤੇ ਦਿਨੀਂ ਹੋਈ ਬੇਅਦਬੀ ਦੀ ਹਿਰਦੇਵੇਧਕ ਘਟਨਾ ਪਿੱਛੋਂ ਅੱਗ ਨਾਲ ਨੁਕਸਾਨੇ ਗਏ ਗੁਰਦੁਆਰਾ ਸਾਹਿਬ ਦੀ ਮੁਰੰਮਤ ਦੀ ਸੇਵਾ ਮੁਕੰਮਲ ਹੋਣ ਪਿੱਛੋਂ ਸੈਂਕੜੇ ਸਿੱਖ ਸੰਗਤਾਂ ਤੇ ਮਹਾਂਪੁਰਸ਼ਾਂ ਦੀ ਹਾਜ਼ਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅੱਜ ਗੁਰਦੁਆਰਾ ਸਾਹਿਬ ਵਿੱਚ ਸਥਾਪਿਤ ਕੀਤੇ ਗਏ ਹਨ। ਸ. ਮਜੀਠੀਆ ਨੇ ਅੱਜ ਇਸ ਸਮਾਗਮ ਮੌਕੇ ਪਿੰਡ ਰਾਮਦਿਵਾਲੀ ਦੇ ਵਿਕਾਸ ਲਈ ੫੫ ਲੱਖ ਰੁਪਏ ਦੀ ਗਰਾਂਟ ਦਾ ਚੈੱਕ ਸਰਪੰਚ ਕ੍ਰਿਪਾਲ ਸਿੰਘ ਅਤੇ ਪੰਚਾਇਤ ਹਵਾਲੇ ਕੀਤਾ।

LEAVE A REPLY