walia-bigਜ਼ਿੰਦਗੀ ਖੱਟੇ-ਮਿੱਠੇ ਤਜਰਬਿਆਂ ਦੀ ਇਕ ਦਿਲਚਸਪ ਕਹਾਣੀ ਹੁੰਦੀ ਹੈ। ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਅਨੇਕਾਂ ਘਟਨਾਵਾਂ ਅਜਿਹੀਆਂ ਵਾਪਰਦੀਆਂ ਹਨ, ਜਿਹਨਾਂ ਦਾ ਅਸਰ ਦੇਰ ਤੱਕ ਸਾਡੇ ਦਿਲ ਤੇ ਦਿਮਾਗ ‘ਤੇ ਰਹਿੰਦਾ ਹੈ। ਅਜਿਹੀਆਂ ਗੱਲਾਂ ਵੀ ਘੱਟ ਨਹੀਂ ਵਾਪਰਦੀਆਂ ਜੋ ਸਾਡੇ ਜਜ਼ਬਾਤਾਂ ਨੂੰ ਜ਼ਖਮੀ ਕਰ ਜਾਂਦੀਆਂ ਹਨ। ਕਈ ਵਾਰ ਤਾਂ ਵਲੂੰਧਰੇ ਦਿਲ ‘ਚੋਂ ਉਠੀ ਟੀਸ ਅੱਖਾਂ ‘ਚੋਂ ਬਹਿ ਤੁਰਦੀ ਹੈ। ਕਈ ਵਾਰ ਅਜਿਹੇ ਵਾਕੇ ਵੀ ਹੁੰਦੇ ਹਨ, ਜਿਹਨਾਂ ਨੂੰ ਯਾਦ ਕਰਕੇ ਬੁੱਲ੍ਹਾਂ ਉਤੇ ਨਿੰਮਾ ਜਿਹਾ ਹਾਸਾ ਆ ਜਾਂਦਾ ਹੈ। ਜੀਵਨ ਪੰਧ ‘ਤੇ ਚਲਦਿਆਂ ਕਈ ਹਮਸਫ਼ਰ ਅਜਿਹੇ ਵੀ ਟੱਕਰਦੇ ਹਨ, ਜਿਹਨਾਂ ਦੀਆਂ ਯਾਦਾਂ ਰਾਹ ਦਰਸਾਊ ਬਣ ਜਾਂਦੀਆਂ ਹਨ। ਇਹ ਜੀਵਨ ਹੈ ਅਤੇ ਜੀਵਨ ਦੀ ਜਾਚ ਆਉਣੀ ਜ਼ਰੂਰੀ ਹੁੰਦੀ ਹੈ ਤੇ ਇਹ ਜਾਚ ਕਿਤੋਂ ਵੀ ਸਿੱਖੀ ਜਾ ਸਕਦੀ ਹੈ ਅਤੇ ਕਿਸੇ ਵੀ ਉਮਰ ਵਿ ਚ ਸਿੱਖੀ ਜਾ ਸਕਦੀ ਹੈ। ਜੀਵਨ ਜਾਚ ਸਿਖਾਉਣ ਵਾਲਾ ਕੋਈ ਵੀ ਹੋ ਸਕਦਾ ਹੈ- ਬੱਚਾ, ਬੁੱਢਾ ਤੇ ਜਵਾਨ, ਚੋਰ, ਯਾਰ ਤੇ ਰਿਸ਼ਤੇਦਾਰ। ਗੱਲ ਤਾਂ ਵੇਖਣ ਵਾਲੀ ਅੱਖ ਦੀ ਹੁੰਦੀ ਹੈ, ਸਮਝਣ ਵਾਲੇ ਦਿਮਾਗ ਦੀ ਹੁੰਦੀ ਹੈ। ਕਿਆਮਤ ਤੇ ਵੀ ਨਿਗਾਹ ਰੱਖਣ ਵਾਲੀ ਨਜ਼ਰ  ਦੀ ਹੁੰਦੀ ਹੈ। ਅਜਿਹੀ ਨਜ਼ਰ ਵਾਲੇ ਲੋਕ ਹੀ ਵਧੀਆ ਮਿਡਲ ਫ਼ੀਚਰ ਲਿਖ ਸਕਦੇ ਹਨ।
ਮਿਡਲ ਫ਼ੀਚਰ, ਫ਼ੀਚਰ ਦੀ ਹੀ ਇਕ ਕਿਸਮ ਹੀ ਹੁੰਦੀ ਹੈ ।ਪੱਤਰਕਾਰੀ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਜਾਣਦੇ ਹਨ ਕਿ ਫ਼ੀਚਰ ਦੀਆਂ ਅਨੇਕਾਂ ਕਿਸਮਾਂ ਹੁੰਦੀਆਂ ਹਨ, ਜਿਵੇਂ ਖਬਰ ਫ਼ੀਚਰ, ਰੇਖਾ-ਚਿੱਤਰ, ਫ਼ੋਟੋ ਫ਼ੀਚਰ, ਯਾਤਰਾ ਬਿਰਤਾਂਤ, ਇਤਿਹਾਸਕ ਫ਼ੀਚਰ, ਵਿਗਿਆਨਕ ਫ਼ੀਚਰ, ਮਾਨਵੀ ਦਿਲਚਪੀ ਦੇ ਫ਼ੀਚਰ, ਜੰਗਲੀ ਫ਼ੀਚਰ, ਫ਼ੋਟੋ ਫ਼ੀਚਰ ਅਤੇ ਮਿਡਲ ਫ਼ੀਚਰ ਆਦਿ। ਮਿਡਲ ਫ਼ੀਚਰ ਅਜਿਹਾ ਛੋਟਾ ਤੇ ਹਲਕਾ-ਫ਼ੁਲਕਾ ਲੇਖ ਹੁੰਦਾ ਹੈ, ਜਿਹੜਾ ਸੰਪਾਦਕੀ ਪੰਨੇ ਉਤੇ ਆਰਟੀਕਲ ਦੇ ਥੱਲੇ ਅਤੇ ਪਾਠਕਾਂ ਵੱਲੋਂ ਸੰਪਾਦਕਾਂ ਦੇ ਨਾਂ ਲਿਖੀਆਂ ਚਿੱਠੀਆਂ ਦੇ ਉਪਰ ਛਪਦਾ ਹੈ। ਅਖਬਾਰ ਵਿੱਚ ਆਪਣੀ ਪ੍ਰਕਾਸ਼ਿਤ ਹੋਣ ਵਾਲੀ ਜਗ੍ਹਾ ਕਾਰਨ ਮਿਡਲ ਕਹਾਉਂਦਾ ਹੈ। ਅਸਲ ਵਿੱਚ ਮਿਡਲ ਫ਼ੀਚਰ ਦੀ ਉਹ ਕਿਸਮ ਹੈ ਜਿਸ ਵਿੱਚ ਲੇਖਕ ਆਪਣੇ ਜੀਵਨ ਤਜਰਬੇ ਪਾਠਕਾਂ ਨਾਲ ਸਾਂਝੇ ਕਰਦਾ ਹੈ। ਜ਼ਿਆਦਾਤਰ ਮਿਡਲ ਲੇਖਾਂ ਵਿੱਚ ਲੇਖਕਾਂ ਦੀ ਅਨੁਭੂਤੀ ਅਤੇ ਨਿੱਜੀ ਤਜਰਬਿਆਂ ਦਾ ਵਰਣਨ ਕੀਤਾ ਹੁੰਦਾ ਹੈ। ਮਿਡਲ ਲੇਖਕਾਂ ਦੇ ਜੀਵਨ ਅਨੁਭਵ ਵਿੱਚੋਂ ਨਿਕਲੇ ਫ਼ੀਚਰਾਂ ਵਿੱਚ ਆਮ ਪਾਠਕ ਦੀ ਦਿਲਚਸਪੀ ਇਸ ਲਈ ਵੀ ਹੁੰਦੀ ਹੈ ਕਿਉਂਕਿ ਪਾਠਕ ਉਸਨੂੰ ਆਪਣੀ ਜ਼ਿੰਦਗੀ ਨਾਲ ਮੇਲ ਕੇ ਵੇਖਦਾ ਹੈ। ਕਈ ਵਾਰ ਪਾਠਕ ਇਸ ਲਈ ਵੀ ਅਜਿਹੇ ਲੇਖਾਂ ਨੂੰ ਪੜ੍ਹਦੇ ਹਨ ਕਿਉਂਕਿ ਫ਼ੀਚਰ ਵਿੱਚਲੇ ਕਿਰਦਾਰਾਂ ਨੂੰ  ਉਹ ਜਾਣਦੇ ਤੇ ਪਛਾਣਦੇ ਹੁੰਦੇ ਹਨ। ਅਜਿਹੇ ਫ਼ੀਚਰ ਉਦੋਂ ਹੋਰ ਵੀ ਦਿਲਚਸਪ ਬਣ ਜਾਂਦੇ ਹਨ, ਜਿਸ ਵੇਲੇ ਫ਼ੀਚਰ ਲੇਖਕ ਕਿਸੇ ਵੰਡੇ ਸਿਆਸੀ ਨੇਤਾ, ਕਲਾਕਾਰ, ਲੇਖਕ ਜਾਂ ਅਦਾਕਾਰ ਬਾਰੇ ਗੱਲ ਕਰ ਰਿਹਾ ਹੁੰਦਾ ਹੈ। ਜੇ ਤੁਸੀਂ ਅਜਿਹੇ ਲੇਖ ਲਿਖਣ ਵਿੱਚ ਮਾਹਿਰ ਬਣਨਾ ਚਾਹੁੰਦੇ ਹੋ ਤਾਂ ਮੌਕਾ ਮਿਲਣ ਤੇ ਅਜਿਹੇ ਕਿਰਦਾਰਾਂ ਨੂੰ ਨੇੜਿਉਂ ਅਤੇ ਗੰਭੀਰਤਾ ਨਾਲ ਵਾਚੋ।
ਇਸੇ ਤਰ੍ਹਾਂ ਲੋਕਾਂ ਨਾਲ ਵਾਰਤਾਲਾਪ ਕਰਦੇ ਹੋਏ ਉਹਨਾਂ ਦੇ ਸੰਵਾਦਾਂ ਵਿੱਚੋਂ ਵੀ ਕਈ ਵਾਰ ਗਹਿਰਾ ਵਿਅੰਗ ਛੁਪਿਆ ਹੋਇਆ ਮਿਲ ਜਾਂਦਾ ਹੈ। ਮਿਸਾਲ ਦੇ ਤੌਰ ਤੇ ਪਿਛਲੇ ਦਿਨੀਂ ਮਹਿਰੂਮ ਅਕਾਲੀ ਨੇਤਾ ਸਰਦਾਰ ਜਸਦੇਵ ਸਿੰਘ ਸੰਧੂ ਦੀ 16ਵੀਂ ਬਰਸੀ ਮਨਾਈ ਗਈ। ਇਸ ਸਬੰਧ ਵਿੱਚ ਹੋਏ ਸਮਾਗਮ ਵਿੱਚ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ, ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਇਲਾਕੇ ਤੋਂ ਵਿਧਾਨ ਸਭਾ ਦੇ ਮੈਂਬਰ ਸਾਹਿਬਾਨਾਂ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਹਾਜ਼ਰ ਹੋਏ। ਜਸਦੇਵ ਸਿੰਘ ਦੇ ਸਪੁੱਤਰ ਅਤੇ ਮੇਰੇ ਵਿਦਿਆਰਥੀ ਰਹੇ ਤੇਜਿੰਦਰਪਾਲ ਸਿੰਘ ਸੰਧੂ ਦੇ ਵਾਰ-ਵਾਰ ਕਹਿਣ ‘ਤੇ ਮੈਨੂੰ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਣੀ ਪਈ। ਸਕੱਤਰ ਦੇ ਤੌਰ ਤੇ ਮੈਂ ਸਭ ਨੂੰ ਥੋੜ੍ਹੇ-ਥੋੜ੍ਹੇ ਸਮੇਂ ਲਈ ਬੁਲਾਉਣ ਤੋਂ ਬਾਅਦ ਜਦੋਂ ਮੁੱਖ ਮੰਤਰੀ ਦਾ ਨਾਂ ਐਲਾਨਿਆ ਤਾਂ ਬਾਦਲ ਸਾਹਿਬ ਉਠ ਕੇ ਡਾਇਸ ਦੇ ਕੋਲ ਆਏ। ਬਾਦਲ ਸਾਹਿਬ ਦੇ ਆਉਣ ਤੰਕ ਪਹਿਲਾ ਵਕਤਾ ਅਜੇ ਬੋਲ ਰਿਹਾ ਸੀ, ਜਿਸ ਕਾਰਨ ਉਹਨਾਂ ਨੂੰ ਉਥੇ ਥੋੜ੍ਹਾ ਇੰਤਜ਼ਾਰ ਕਰਨਾ ਪਿਆ। ਇਉਂ ਇੰਤਜ਼ਾਰ ਕਰਦੇ ਸਮੇਂ ਆਪਣੇ ਸੁਰੱਖਿਆ ਕਰਮਚਾਰੀਆਂ ਦੀ ਬਜਾਏ ਭੁਲੇਖੇ ਨਾਲ ਉਨ੍ਹਾਂ ਮੇਰਾ ਹੱਥ ਫ਼ੜ ਲਿਆ।  ਮੈਂ ਦੇਖਿਆ ਕਿ ਬਾਦਲ ਸਾਹਿਬ ਦੇ ਤਿੰਨ ਕੜੇ ਪਾਏ ਹੋਏ ਸਨ ਅਤੇ ਇੱਕ ਮੋਤੀ ਵਾਲੀ ਮੁੰਦਰੀ ਵੀ। ਸਮਾਗਮ ਤੋਂ ਆਉਂਦੇ ਹੋਏ ਵਾਪਸੀ ਸਮੇਂ ਮੈਂ ਆਪਣੇ ਇੱਕ ਪ੍ਰੋਫ਼ੈਸਰ ਦੋਸਤ ਨੂੰ ਕਿਹਾ ਕਿ ਬਾਦਲ ਸਾਹਿਬ ਦੇ ਹੱਥ ਤਾਂ ਬੜੇ ਨਰਮ ਸਨ। ”ਤੁਹਾਨੂੰ ਹੀ ਨਰਮ ਲੱਗੇ, ਜਿਹਨਾਂ ਨੂੰ ਬਾਦਲ ਸਾਹਿਬ ਦੇ ਹੱਥ ਲੱਗੇ ਹਨ, ਉਹਨਾਂ ਨੂੰ ਪੁੱਛ ਕੇ ਦੇਖੋ।” ਮੇਰੇ ਪ੍ਰੋਫ਼ੈਸਰ ਮਿੱਤਰ ਦਾ ਜਵਾਬ ਸੀ। ਹੁਣ ਇਸ ਵਿਅੰਗ ਵਿੱਚ ਇੱਕ ਵੱਡਾ ਫ਼ੀਚਰ ਛੁਪਿਆ ਪਿਆ ਹੈ। ਇਸ ਸੰਵਾਦ ਦੇ ਗਹਿਰੇ ਅਰਥ ਇੱਕ ਵਧੀਆ ਮਿਡਲ ਨੂੰ ਜਨਮ ਦੇ ਸਕਦੇ ਹਨ।
ਇਸੇ ਤਰ੍ਹਾਂ ਦਾ ਇਕ ਫ਼ੀਚਰ ਮੈਂ ਜਿਸ ਨੂੰ ਟੇਕ ਹੈ ਉਹ ਮਹਿਲਾਂ ‘ਚ ਟਿਕਿਆ ਬੈਠਾ’ ਲਿਖਿਆ ਸੀ। ਇਸ ਘਟਨਾ ਦੇ ਦੋਵੇਂ ਕਿਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ  ਸਿੰਘ ਪੰਜਾਬ ਦੀ ਸਿਆਸਤ ਦੇ ਮੁੱਖ ਕਿਰਦਾਰਾਂ ਵਿੱਚੋਂ ਹਨ। ਘਟਨਾ ਇਉਂ ਵਾਪਰੀ ਸੀ ਕਿ ਦਸੰਬਰ-ਜਨਵਰੀ ਦੇ ਸਰਦੀਆਂ ਦੇ ਦਿਨ ਸਨ। ਪੰਜਾਬ ਦੇ ਮੁੱਖ ਮੰਤਰੀ ਨੇ ਸੰਗਤ ਦਰਸ਼ਨ ਲਈ ਪਟਿਆਲੇ ਲਾਗੇ ਆਉਣਾ ਸੀ ਅਤੇ ਮੁੱਖ ਮੰਤਰੀ ਦੇ ਹੈਲੀਕਾਪਟਰ ਨੇ ਪੰਜਾਬੀ ਯੂਨੀਵਰਸਿਟੀ ਦੇ ਖੇਡ ਮੈਦਾਨ ਵਿੱਚ ਉਤਰਨਾ ਸੀ । ਇਸ ਕਾਰਨ ਸੁਰੱਖਿਆ ਕਰਮਚਾਰੀਆਂ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਖੇਡ ਮੈਦਾਨ ਨੂੰ ਇਕ ਦਿਨ ਲਈ ਕਬਜੇ ਵਿੱਚ ਲੈ ਲਿਆ ਗਿਆ ਸੀ। ਅਸੀਂ ਜੋ ਰੋਜ਼ਾਨਾ ਸੈਰ ਕਰਨ ਵਾਲੇ ਸਾਂ, ਸਾਨੂੰ ਵੀ ਉਧਰ ਜਾਣ ਤੋਂ ਰੋਕ ਦਿੱਤਾ ਗਿਆ। ਸਾਡਾ ਇਕ ਸਾਥੀ ਪ੍ਰੋਫ਼ੈਸਰ ਜਦੋਂ ਅੱਖ ਬਚਾ ਕੇ ਅੱਗੇ ਜਾਣ ਲੱਗਾ ਤਾਂ ਇਕ ਪੁਲਿਸ ਕਰਮਚਾਰੀ ਦੀ ਨਿਗਾਹ ਚੜ੍ਹ ਗਿਆ। ਉਸ ਪੁਲਿਸ ਵਾਲੇ ਨੇ ਜਦੋਂ ਆਪਣੇ ਪੁਲਿਸੀਆ ਅੰਦਾਜ਼ ਵਿੱਚ ਉਸਨੂੰ ਰੋਕਿਆ ਤਾਂ ਪ੍ਰੋਫ਼ੈਸਰ ਸਾਹਿਬ ਦੀ ਹਉਮੈ ਨੂੰ ਚੋਟ ਪਹੁੰਚਣੀ ਸੁਭਾਵਿਕ ਸੀ। ਉਥੇ ਬਹਿਸ ਹੋ ਗਈ। ਬੋਲ ਬੁਲਾਰਾ ਸੁਣ ਕੇ ਸਾਰੇ ਸੈਰ ਵਾਲੇ ਇਕੱਠੇ ਹੋ ਗਏ  ਸਨ। ਉਹਨਾਂ ਵਿੱਚੋਂ ਇਕ  ਬੋਲਿਆ, ”ਇਸ ਬੁੜੇ (ਮੁੱਖ ਮੰਤਰੀ ਬਾਦਲ) ਨੂੰ ਵੀ ਟੇਕ ਨਹੀਂ ਹਰ ਰੋਜ਼ ਤੁਰਿਆ ਰਹਿੰਦੈ।” ਉਸਦੀ ਗੱਲ ਸੁਣ ਕੇ ਭੀੜ ਵਿੱਚੋਂ ਕਿਸੇ ਦੀ ਆਵਾਜ਼ ਆਈ ਸੀ।
”ਜਿਸ ਨੂੰ ਟੇਕ ਹੈ ਉਹ ਮਹਿਲਾਂ ‘ਚ ਟਿਕਿਆ ਬੈਠਾ।”
ਸੋ, ਇਸ ਡਾਇਲਾਗ ਨੇ ਇਕ ਬਹੁਤ ਖੂਬਸੂਰਤ ਮਿਡਲ ਨੂੰ ਜਨਮ ਦਿੱਤਾ ਸੀ।
ਮਿਡਲ ਲਿਖਣ ਲਈ ਮਸਾਲਾ ਲੱਭਣਾ ਕੋਈ ਜ਼ਿਆਦਾ ਤਰੱਦਦ ਦੀ ਲੋੜ ਨਹੀਂ ਹੁੰਦੀ, ਬੱਸ ਅੱਖਾਂ ਅਤੇ ਕੰਨ ਖੁੱਲ੍ਹੇ ਰੱਖਣ ਦੀ ਲੋੜ ਹੁੰਦੀ ਹੈ। ਕਈ ਵਾਰ ਤਾਂ ਅਜਿਹੀਆਂ ਘਟਨਾਵਾਂ ਸੁਭਾਵਿਕ ਹੀ ਵਾਪਰ ਜਾਂਦੀਆਂ ਹਨ, ਜੋ ਜ਼ਿੰਦਗੀ ਦੀ ਸਫ਼ਾਈ ਨੂੰ ਪੇਸ਼ ਕਰਦੀਆਂ ਹੁੰਦੀਆਂ ਹਨ। ਉਦਾਹਰਣ ਵਜੋਂ ਮੇਰਾ ਇਕ ਮਿਡਲ ‘ਮਾਂ ਬੋਲੀ ਦੀ ਪੌੜੀ’ ਪ੍ਰਕਾਸ਼ਿਤ ਹੋਇਆ ਸੀ। ਘਟਨਾ ਇਉਂ ਵਾਪਰੀ ਸੀ ਕਿ ਬੱਚਿਆਂ ਦਾ ਮਾਮਾ ਕਲਕੱਤੇ ਤੋਂ ਮਿਲਣ ਆਇਆ ਸੀ। ਮੈਨੂੰ ਇਸ ਗੱਲ ਦਾ ਭਲੀ ਭਾਂਤ ਇਲਮ ਹੈ ਕਿ ਬੱਚਿਆਂ ਦੇ ਮਾਮੇ ਨੂੰ ਖੁਸ਼ ਕਰਨ ਦਾ ਮਤਲਬ ਘਰ ਵਿੱਚ ਸ਼ਾਂਤੀ ਅਤੇ ਪਿਆਰ ਬਣਾਈ ਰੱਖਣ ਦੇ ਨਾਲ ਨਾਲ ਬੱਚਿਆਂ ਦੀ ਮਾਂ ਨੂੰ ਵੀ ਖੁਸ਼ ਰੱਖਣਾ ਹੁੰਦਾ ਹੈ। ਸੋ, ਬੱਚਿਆਂ ਦੇ ਮਾਮੇ ਸਮੇਤ ਪਰਿਵਾਰ ਕਸੌਲੀ ਘੁੰਮਣ ਚਲਾ ਗਿਆ। ਕਸੌਲੀ ਪਹੁੰਚਦੇ ਪਹੁੰਚਦੇ ਸ਼ਾਮ ਹੋ ਗਈ। ਦਸੰਬਰ ਦੇ ਦਿਨਾਂ ਵਿੱਚ ਉਂਝ ਵੀ ਆਥਣ ਜਲਦੀ ਹੋ ਜਾਂਦੀ ਹੈ। ਬੱਚੇ ਮੌਂਕੀ ਪੁਆਇੰਟ ‘ਤੇ ਚੜ੍ਹਨ ਲਈ ਕਾਹਲੇ ਸਨ ਪਰ ਕਸੌਲੀ ਵਿਖੇ ਏਅਰਫ਼ੋਰਸ ਸਟੇਸ਼ਨ ਉਤੇ ਬੈਠੇ ਡਿਊਟੀ ਅਫ਼ਸਰ ਨੇ ਇਹ ਕਹਿ ਕੇ ਪਾਸ ਦੇਣ ਤੋਂ ਨਾਂਹ ਕਰ ਦਿੱਤੀ ਕਿ ਤੁਸੀਂ ਲੇਟ ਹੋ ਗਏ ਹੋ। ਮੈਂ ਵੀ ਕਈ ਤਰ੍ਹਾਂ ਦੇ ਤਰਕ ਦਿੱਤੇ ਪਰ ਉਹ ਨਹੀਂ ਮੰਨਿਆ। ਸਾਡੀ ਗੱਲਬਾਤ ਨੂੰ ਦੂਰੋਂ ਕਾਰ ਵਿੱਚ ਬੈਠੀ ਪਤਨੀ ਸੁਣ ਰਹੀ ਸੀ। ਜਦੋਂ ਮੌਕੇ ਦੇ ਅਫ਼ਸਰ ਨੇ ਉਕਾ ਹੀ ਨਾਂਹ ਕਰ ਦਿੱਤੀ ਤਾਂ ਉਹ ਉਤਰ ਕੇ ਆਈ , ਸਾਡੇ ਉਸ ਅਫ਼ਸਰ ਨੂੰ ਬੰਗਾਲੀ ਵਿੱਚ ਪੁੱਛਿਆ,
”ਤੁਸੀਂ ਬੰਗਾਲੀ ਆਚੋ?” (ਕੀ ਤੁਸੀਂ ਬੰਗਾਲੀ ਹੋ?)”
”ਹੈਂ ਅਸੀਂ ਬੰਗਾਲੀ ਆਚੀ” ਉਸ ਅਫ਼ਸਰ ਦੇ ਚਿਹਰੇ ‘ਤੇ ਖੁਸ਼. ਸਾਫ਼ ਝਲਕ ਰਹੀ ਸੀ। ਉਨ੍ਹਾਂ ਇਕ ਦੋ ਮਿੰਟ ਬੰਗਾਲੀ ਵਿੱਚ ਗੱਲ ਕੀਤੀ ਅਤੇ ਫ਼ਿਰ ਕਹਿਣ ਲੱਗਾ,
”ਏਹ ਨੀਨ ਪਾਸ (ਇਹ ਲਵੋ ਪਾਸ)
ਤੁਸੀਂ ਜਾਓ, ਤੁਸੀਂ ਲੇਟ ਹੋਠੋ (ਤੁਸੀਂ ਜਾਓ ਤੁਸੀਂ ਲੇਟ ਹੋ ਰਹੇ ਹੋ)
ਅਸੀਂ ਸਾਰੇ ਖੁਸ਼ੀ ਖੁਸ਼ੀ ਜਦੋਂ ਪਹਾੜ ਦੀ ਟੀਸੀ ‘ਤੇ ਪਹੁੰਚੇ ਤਾਂ ਉਥੇ ਇਕ ਬੰਦਾ ਚਾਹ ਲਈ ਖੜ੍ਹਾ ਸੀ ਜੋ ਉਸ ਬੰਗਾਲੀ ਅਫ਼ਸਰ ਨੇ ਭੇਜੀ ਸੀ। ਮੈਂ ਪਹਾੜ ਦੀ ਟੀਸੀ ‘ਤੇ ਖੜ੍ਹਾ ਗਰਮ ਚਾਹ ਦੀਆਂ ਚੁਸਕੀਆਂ ਲੈਂਦਾ ਹੋਇਆ ਸੋਚ ਰਿਹਾ ਸੀ ਕਿ ਉਚੀਆਂ ਉਚੀਆਂ ਟੀਸੀਆਂ ਸਰ ਕਰਨ ਲਈ ਮਾਂ ਬੋਲੀ ਦੀ ਪੌੜੀ ਦਾ ਹੋਣਾ ਕਿੰਨਾ ਜ਼ਰੂਰੀ ਹੁੰਦਾ ਹੈ।
ਉਕਤ ਫ਼ੀਚਰ ਜ਼ਿੰਦਗੀ ਦੀ ਇਕ ਸਚਾਈ ਨੂੰ ਬਿਆਨ ਰਿਹਾ ਹੈ। ਬੱਸ, ਬਿਆਨ ਕਰਨ ਦੀ ਵਿਧੀ ਲੇਖਕ ਨੂੰ ਆਉਣੀ ਚਾਹੀਦੀ ਹੈ। ਜਿੰਨਾ ਦਿਲਚਸਪ ਢੰਗ ਫ਼ੀਚਰ ਲੇਖਕ ਦਾ ਹੋਵੇਗਾ, ਉਨਾ ਹੀ ਵਧੀਆ ਫ਼ੀਚਰ ਲਿਖਿਆ ਜਾਂਦਾ ਹੈ। ਫ਼ੀਚਰ ਦੀ ਸਾਹਿਤਕ ਭਾਸ਼ਾ ਇਸਨੂੰ ਹੋਰ ਵੀ ਵਧੀਆ ਬਣਾ ਦਿੰਦੀ ਹੈ। ਚੰਗੇ ਮਿਡਲ ਫ਼ੀਚਰ ਪੱਤਰਕਾਰੀ ਦੀ ਵਿਧਾ ਹੋਣ ਦੇ ਬਾਵਜੂਦ ਸਾਹਿਤ ਦਾ ਹਿੱਸਾ ਬਣਨ ਦੇ ਸਮਰੱਥ ਹੁੰਦੇ ਹਨ। ਆਮ ਤੌਰ ‘ਤੇ ਚੰਗੇ ਮਿਡਲ ਸਾਹਿਤਕ ਪੱਤਰਕਾਰੀ ਅਤੇ ਸਾਹਿਬਤ ਵਿੱਚ ਹੀ ਸ਼ਾਮਲ ਹੁੰਦੇ ਹਨ। ਮਿਡਲ ਲੇਖਕ ਆਪਣੀ ਨਿੱਜੀ ਜ਼ਿੰਦਗੀ ਦੇ ਅਨੁਭਵ ਜਾਂ ਫ਼ਿਰ ਆਪਣੇ ਦੋਸਤਾਂ ਦੇ ਤਜਰਬਿਆਂ ਨੂੰ ਆਧਾਰ ਬਣਾ ਕੇ ਫ਼ੀਚਰ ਲਿਖਦੇ ਹ ਨ। ਸੋ, ਜੇ ਤੁਸੀਂ ਵੀ ਮਿਡਲ ਫ਼ੀਚਰ ਦੇ ਲੇਖਕ ਬਣਨ ਦੇ ਚਾਹਵਾਨ ਹੋ ਤਾਂ ਆਪਣੇ ਉਹਨਾਂ ਤਜਰਬਿਆਂ ਨੂੰ, ਜਿਹਨਾਂ ਦਾ ਫ਼ਾਇਦਾ ਪਾਠਕਾਂ ਨੂੰ ਹੋ ਸਕਦਾ ਹੈ, ਆਧਾਰ ਬਣਾ ਕੇ ਫ਼ੀਚਰ ਲਿਖਣ ਦਾ ਅਭਿਆਸ ਕਰੋ। ਇਸ ਲਈ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਰੋਜ਼ਾਨਾ ਅਖਬਾਰਾਂ ਵਿੱਚ ਛਪ ਰਹੇ ਫ਼ੀਚਰਾਂ ਨੂੰ ਚੰਗੀ ਤਰ੍ਹਾਂ ਪੜ੍ਹੋ ਅਤੇ ਆਪਣੀ ਸ਼ਬਦਾਵਲੀ ਦੇ ਭੰਡਾਰ ਨੂੰ ਵਿਸ਼ਾਲ ਕਰੋ। ਸਾਹਿਤਕ ਪੁਸਤਕਾਂ ਨੂੰ ਬਕਾਇਦਗੀ ਨਾਲ ਪੜ੍ਹਨ ਵਾਲੇ ਪਾਠਕਾਂ ਵਿੱਚ ਚੰਗੇ ਫ਼ੀਚਰ ਲੇਖਕ ਬਣਨ ਦੀਆਂ ਸੰਭਾਵਨਾਵਾਂ ਜ਼ਿਆਦਾ ਹੁੰਦੀਆਂ ਹਨ। ਅੱਜ ਤੁਹਾਨੂੰ ਮਿਡਲ ਲਿਖਣ ਦੀਆਂ ਕੁਝ ਕੁ ਤਕਨੀਕਾਂ ਬਾਰੇ ਹੀ ਦੱਸਿਆ ਗਿਆ ਹੈ, ਬਾਕੀ ਤਰੀਕਿਆਂ ਬਾਰੇ ਭਵਿੱਖ ਵਿੱਚ ਫ਼ਿਰ ਦੱਸਾਂਗੇ। ਤੁਸੀਂ ਅਜੀਤ ਵੀਕਲੀ ਪੜ੍ਹਦੇ ਰਹਿਣਾ।

LEAVE A REPLY