3ਚੰਡੀਗੜ੍ਹ : ਪੰਜਾਬ ਸਰਕਾਰ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਹੈ ਕਿ ਰਾਜ ਵਿੱਚੋਂ ਲੰਘਦੀ ਭਾਖੜਾ ਮੁੱਖ ਨਹਿਰ ‘ਤੇ ਮਿੰਨੀ ਹਾਈਡਰੋ ਪ੍ਰਾਜੈਕਟ ਲਾਉਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਦੇਸ਼ ਲਈ 63.75 ਮੈਗਾਵਾਟ ਪ੍ਰਦੂਸ਼ਣ ਰਹਿਤ ਬਿਜਲੀ ਹੋਰ ਪੈਦਾ ਕੀਤੀ ਜਾ ਸਕੇ। ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਬਿਜਲੀ, ਕੋਲਾ ਅਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ ਸ੍ਰੀ ਪਿਯੂਸ਼ ਗੋਇਲ ਦੀ ਪ੍ਰਧਾਨਗੀ ਹੇਠ ਹੋਈ ਇੱਕ ਅਹਿਮ ਮੀਟਿੰਗ ਵਿੱਚ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਇਸ ਗੱਲ ਦੀ ਵਕਾਲਤ ਕੀਤੀ ਕਿ ਹੁਣ ਜਦੋਂ ਦੇਸ਼ ਅੰਦਰ ਪ੍ਰਦੂਸ਼ਣ ਰਹਿਤ ਤਰੀਕਿਆਂ ਨਾਲ ਬਿਜਲੀ ਪੈਦਾ ਕਰਨ ਦੀ ਵੱਡੀ ਚੁਣੌਤੀ ਹੈ ਤਾਂ ਕੁਦਰਤੀ ਸਰੋਤਾਂ ਤੋਂ ਬਿਜਲੀ ਪੈਦਾ ਕਰਨ ਦੇ ਅਮਲ ਵਿੱਚ ਅੰਤਰ-ਰਾਜੀ ਵਿਵਾਦ ਅੜਿੱਕਾ ਨਹੀਂ ਬਣਨੇ ਚਾਹੀਦੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਦਾ ਇੱਕ ਪ੍ਰਸਤਾਵ ਕੇਂਦਰ ਸਰਕਾਰ ਕੋਲ ਲੰਮੇ ਸਮੇਂ ਤੋਂ ਵਿਚਾਰ-ਅਧੀਨ ਹੈ ਅਤੇ ਹੁਣ ਕੇਂਦਰੀ ਬਿਜਲੀ ਰਾਜ ਮੰਤਰੀ ਤੁਰੰਤ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਹਦਾਇਤ ਕਰਨ ਕਿ ਉਹ ਪੰਜਾਬ ਨੂੰ ਮਿੰਨੀ ਹਾਈਡਰੋ ਪ੍ਰਾਜੈਕਟਾਂ ਦੀ ਸਥਾਪਨਾ ਲਈ ਲੋੜੀਂਦਾ ਇਤਰਾਜ਼ਹੀਣਤਾ ਸਰਟੀਫ਼ਿਕੇਟ ਤੁਰੰਤ ਜਾਰੀ ਕਰੇ।
ਪੰਜਾਬ ਅੰਦਰ ਮਿੰਨੀ ਹਾਈਡਰੋ ਪ੍ਰਾਜੈਕਟਾਂ ਤੋਂ 250 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਰਾਜ ਸਰਕਾਰ ਦੀ ਉਤਸ਼ਾਹੀ ਯੋਜਨਾ ਦਾ ਖ਼ੁਲਾਸਾ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਰਾਜ ਦੀ ਭੂਗੋਲਿਕ ਸਥਿਤੀ ਅਤੇ ਸਿੰਜਾਈ ਨੈਟਵਰਕ ਸਦਕਾ ਪੰਜਾਬ ਵਿੱਚ ਛੋਟੇ ਹਾਈਡਰੋ ਪ੍ਰਾਜੈਕਟ ਲਾਏ ਜਾਣ ਦੀਆਂ ਸੰਭਾਵਨਾਵਾਂ ਮੌਜੂਦ ਹਨ ਪਰੰਤੂ ਰਾਜ ਅੰਦਰ ਉਪਲਬਧ ਮੌਜੂਦਾ ਪਾਣੀ ਦੇ ਵਹਾਅ ਜ਼ਿਆਦਾ ਤੇਜ਼ ਨਹੀਂ ਹਨ। ਰਾਜ ਅੰਦਰ ਹੁਣ ਤੱਕ 135 ਮੈਗਾਵਾਟ ਦੀ ਸਾਂਝੀ ਸਮਰੱਥਾ ਵਾਲੇ 43 ਛੋਟੇ ਅਤੇ ਮਿੰਨੀ ਹਾਈਡਰੋ ਪ੍ਰਾਜੈਕਟ ਚਲ ਰਹੇ ਹਨ। ਇਸ ਤੋਂ ਇਲਾਵਾ 31.70 ਮੈਗਾਵਾਟ ਦੀ ਸਮਰੱਥਾ ਵਾਲੇ 9 ਹੋਰ ਪ੍ਰਾਜੈਕਟ ਨਿਰਮਾਣ ਅਧੀਨ ਹਨ ਅਤੇ ਇਨ੍ਹਾਂ ਦੇ ਸਾਲ 2016 ਦੇ ਅੰਤ ਅਤੇ 2017 ਦੇ ਮੱਧ ਤੱਕ ਮੁਕੰਮਲ ਹੋ ਜਾਣ ਦੀ ਉਮੀਦ ਹੈ। ਵੱਡੇ ਹਾਈਡਲ ਪ੍ਰਾਜੈਕਟਾਂ ਦੀ ਬਜਾਏ ਮਿੰਨੀ ਹਾਈਡਲ ਪ੍ਰਾਜੈਕਟਾਂ ਦੀ ਸਥਾਪਨਾ ‘ਤੇ ਜ਼ੋਰ ਦਿੰਦਿਆਂ ਸ. ਮਜੀਠੀਆ ਨੇ ਕਿਹਾ ਕਿ ਜ਼ਮੀਨ ਐਕਵਾਇਰ ਕਰਨ ਅਤੇ ਆਬਾਦੀ ਦੇ ਨਵੀਂ ਥਾਂ ‘ਤੇ ਵਸੇਬੇ ਦੀ ਰੂਪ ਵਿੱਚ ਵੱਡੇ ਹਾਈਡਲ ਪ੍ਰਾਜੈਕਟਾਂ ਲਈ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਮੌਕੇ ਕੇਂਦਰੀ ਰਾਜ ਮੰਤਰੀ ਸ੍ਰੀ ਪਿਯੂਸ਼ ਗੋਇਲ ਨੇ ਪੰਜਾਬ ਦੀ ਹਾਈਡਲ ਅਤੇ ਨਵਿਆਉਣਯੋਗ ਊਰਜਾ ਦੇ ਖੇਤਰਾਂ ਵਿੱਚ ਮੁਹਰੈਲ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਖੜਾ ਦੇਸ਼ ਦਾ ਪਹਿਲਾ ਪ੍ਰਮੁੱਖ ਹਾਈਡਲ ਪ੍ਰਾਜੈਕਟ ਸੀ ਜਿਸ ਨੇ ਹਰੇ ਇਨਕਲਾਬ ਦਾ ਮੁੱਢ ਬੰਨ੍ਹਦਿਆਂ ਭਾਰਤ ਨੂੰ ਅਨਾਜ ਉਤਪਾਦਨ ਦੇ ਅਹਿਮ ਖੇਤਰ ਵਿੱਚ ਆਤਮ-ਨਿਰਭਰ ਬਣਾਇਆ। ਉਨ੍ਹਾਂ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵੱਲੋਂ ਪਿਛਲੇ 4 ਸਾਲਾਂ ਦੌਰਾਨ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਨਵੀਂ ਊਰਜਾ ਫੂਕਦਿਆਂ ਪੰਜਾਬ ਨੂੰ ਦੇਸ਼ ਦਾ ਅਹਿਮ ਸੂਬਾ ਬਣਾਉਣ ਅਤੇ ਪ੍ਰਦੂਸ਼ਣ ਰਹਿਤ ਬਿਜਲੀ ਪੈਦਾ ਕਰਨ ਲਈ ਉਨ੍ਹਾਂ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ।

LEAVE A REPLY