4ਚੰਡੀਗੜ੍ਹ , ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਆਪ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤੁਰੰਤ ਹੀ ਇਹ ਸ਼ਪਸ਼ਟ ਕਰਨ ਲਈ ਕਿਹਾ ਕਿ ਕੀ ਉਸਦੀ ਸਰਕਾਰ ਪੰਜਾਬ ਦੇ ਪੱਖ ਵਿੱਚ ਐਸ.ਵਾਈ.ਐਲ ਮੁੱਦੇ ‘ਤੇ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦਾਇਰ ਕਰੇਗੀ ਜਾਂ ਨਹੀਂ?
ਇੱਥੇ ਇੱਕ ਬਿਆਨ ਵਿੱਚ ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਵਲੋਂ ਇਸ ਮੁੱਦੇ ਸਬੰਧੀ ਸਪਸ਼ਟ ਜਵਾਬ ਦਿੱਤਾ ਜਾਣਾ ਬਣਦਾ ਹੈ ਤਾਂ ਜੋ ਆਪਾ ਵਿਰੋਧੀ ਬਿਆਨਾਂ ਅਤੇ ਆਪ ਵਲੋਂ ਇਸ ਮੁੱਦੇ ਸਬੰਧੀ, ਜੋ ਕਿਸਾਨਾਂ ਦੇ ਭਵਿੱਖ ਨਾਲ ਸਬੰਧਤ ਹੈ, ਅਖਤਿਆਰ ਕੀਤੇ ਗਏ ਵੱਖ-ਵੱਖ ਰੁਖਾਂ ਦੇ ਰੁਝਾਨਾਂ ਨੂੰ ਠੱਲ ਪੈ ਸਕੇ। ਉਨ੍ਹਾਂ ਅਗਾਂਹ ਕਿਹਾ ਕਿ, ”ਸ਼੍ਰੋਮਣੀ ਅਕਾਲੀ ਦਲ ਵਲੋਂ ਕੇਜਰੀਵਾਲ ਨੂੰ ਇਸ ਮੁੱਦੇ ‘ਤੇ ਦੂਹਰੀ ਬੋਲੀ ਬੋਲਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ਅਤੇ ਉਸਨੂੰ ਆਪਣਾ ਸਟੈਂਡ ਸਪਸ਼ਟ ਕਰਨਾ ਪਵੇਗਾ ਜਾਂ ਫਿਰ ਦੋਗਲੀਆਂ ਗੱਲਾਂ ਕਰਨ ਵਾਲੇ ਵਜੋਂ ਆਪਣਾ ਪਰਦਾਫਾਸ਼ ਹੁੰਦਾ ਵੇਖਣ ਲਈ ਤਿਆਰ ਰਹਿਣਾ ਪਵੇਗਾ।”
ਸ੍ਰੀਮਤੀ ਬਾਦਲ ਨੇ ਕਿਹਾ ਕਿ ਆਪ ਪਾਰਟੀ ਵਲੋਂ ਪੰਜਾਬੀ ਕਿਸਾਨਾਂ ਨੂੰ ਧੋਖੇ ਵਿੱਚ ਰੱਖ ਕੇ ਉਨ੍ਹਾਂ ਦੇ ਹਿੱਤਾਂ ਖਿਲਾਫ ਕੰਮ ਕਰਨ ਦੀ ਰਣਨੀਤੀ ਲਗਾਤਾਰ ਅਪਣਾਈ ਜਾ ਰਹੀ ਹੈ ਅਤੇ ਹੁਣ ਆਪ ਵਲੋਂ ਇੱਕ ਹੋਰ ਨਾਟਕ ਖੇਡਦੇ ਹੋਏ ਸੁਪਰੀਮ ਕੋਰਟ ਵਿੱਚ ਦਿੱਲੀ ਸਰਕਾਰ ਵਲੋਂ ਦਿੱਤੇ ਗਏ ਪੰਜਾਬ ਵਿਰੋਧੀ ਹਲਫਨਾਮੇ ਲਈ ਆਪਣੇ ਵਕੀਲ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ,”ਕੋਈ ਵੀ ਵਕੀਲ ਸਰਕਾਰ ਦੀਆਂ ਹਦਾਇਤਾਂ ਤੋਂ ਬਗੈਰ ਅਜਿਹਾ ਸਟੈਂਡ ਨਹੀਂ ਲੈ ਸਕਦਾ ਅਤੇ ਵਕੀਲ ‘ਤੇ ਦੋਸ਼ ਲਾਉਣ ਨਾਲ ਪੰਜਾਬ ਦੇ ਕਿਸਾਨਾਂ ਨਾਲ ਕੀਤਾ ਗਿਆ ਧੋਖਾ ਮਿਟ ਨਹੀਂ ਜਾਵੇਗਾ।”
ਕੇਂਦਰੀ ਮੰਤਰੀ ਨੇ ਅਗਾਂਹ ਕਿਹਾ ਕਿ ਐਸ.ਵਾਈ.ਐਲ ਮੁੱਦੇ ‘ਤੇ ਅਰਵਿੰਦ ਕੇਜਰੀਵਾਲ ਵਲੋਂ ਕਦੇ ਹਾਂ, ਕਦੇ ਨਾਂਹ ਦੇ ਅਪਣਾਏ ਜਾ ਰਹੇ ਰੁਖ ਨੂੰ ਦੇਖਦੇ ਹੋਏ ਉਸਨੂੰ ਇਹ ਸਪਸ਼ਟ ਕਰ ਦੇਣਾ ਚਾਹੀਦਾ ਹੈ ਕਿ ਕੀ ਉਹ ਸੁਪਰੀਮ ਕੋਰਟ ਵਿੱਚ ਇਸ ਕੇਸ ਦੀ ਅਗਲੀ ਤਾਰੀਖ ‘ਤੇ ਪੰਜਾਬ ਦੇ ਪੱਖ ਵਿੱਚ ਸਟੈਂਡ ਲਵੇਗਾ ਜਾਂ ਨਹੀਂ। ਉਨਾਂ ਇਹ ਵੀ ਕਿਹਾ ਕਿ, ”ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਇਹ ਨਾਲ ਇਹ ਸਾਬਤ ਹੋ ਜਾਵੇਗਾ ਕਿ ਉਸਨੇ ਸੁਪਰੀਮ ਕੋਰਟ ਵਿੱਚ ਆਪਣੀ ਸਰਕਾਰ ਵਲੋਂ ਲਏ ਗਏ ਸਟੈਂਡ ਅਨੁਸਾਰ ਆਪਣੇ ਗ੍ਿਰਹ ਸੂਬੇ ਹਰਿਆਣਾ ਦਾ ਪੱਖ ਪੂਰਿਆ ਹੈ।”
ਸ੍ਰੀਮਤੀ ਬਾਦਲ ਨੇ ਕਿਹਾ ਕਿ ਉਹ ਨਹੀਂ ਮੰਨਦੇ ਕਿ ਕੇਜਰੀਵਾਲ ਵਲੋਂ ਪੰਜਾਬ ਦੇ ਹੱਕ ਵਿੱਚ ਸਪਸ਼ਟ ਸਟੈਂਡ ਲਿਆ ਜਾਵੇਗਾ। ਉਨ੍ਹਾਂ ਅੱਗੇ ਖੁਲਾਸਾ ਕਰਦੇ ਹੋਏ ਕਿਹਾ ਕਿ, ”ਦਿੱਲੀ ਦੇ ਮੁੱਖ ਮੰਤਰੀ ਨੂੰ ਹਰ ਮੁੱਦੇ ‘ਤੇ ਦੋਗਲੀਆਂ ਗੱਲਾਂ ਕਰਨ ਵਿੱਚ ਵਿਸ਼ਵਾਸ ਹੈ ਅਤੇ ਉਸਨੇ ਐਸ.ਵਾਈ.ਐਲ ਨਹਿਰ ਮੁੱਦੇ ‘ਤੇ ਦੋਗਲੀ ਬੋਲੀ ਬੋਲਣੀ ਸ਼ੁਰੂ ਵੀ ਕਰ ਦਿੱਤੀ ਹੈ ਜਿਸਦਾ ਸਬੂਤ ਇਸੇ ਗੱਲ ਤੋਂ ਮਿਲਦਾ ਹੈ ਕਿ ਉਹ ਪੰਜਾਬ ਵਿੱਚ ਕੁੱਝ ਹੋਰ ਅਤੇ ਦਿੱਲੀ ਵਿੱਚ ਕੁੱਝ ਹੋਰ ਗੱਲ ਕਰਦਾ ਹੈ। ਪਰ ਹੁਣ ਦੋਗਲੀ ਬੋਲੀ ਬੋਲਣ ਦਾ ਸਮਾਂ ਲੰਘ ਚੁੱਕਿਆ ਹੈ। ਕੇਜਰੀਵਾਲ ਨੂੰ ਸਾਫ ਤੌਰ ‘ਤੇ ਪੰਜਾਬ ਦੇ ਕਿਸਾਨਾਂ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਕੀ ਉਹ ਉਨ੍ਹਾਂ ਦੇ ਹੱਕ ਵਿੱਚ ਖੜ੍ਹਾ ਹੈ ਜਾਂ ਉਨ੍ਹਾਂ ਦੇ ਖਿਲਾਫ ਹੈ।”
ਕੇਂਦਰੀ ਮੰਤਰੀ ਨੇ ਅਗਾਂਹ ਦੱਸਿਆ ਕਿ ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦਾ ਸਬੰਧ ਹੈ, ਇਸ ਵਲੋਂ ਐਸ.ਵਾਈ.ਐਲ ਨਹਿਰ ਦੀ ਉਸਾਰੀ ਨਾ ਹੋਣ ਦੇਣ ਪ੍ਰਤੀ ਆਪਣੇ ਦ੍ਰਿੜ ਨਿਸ਼ਚੇ ‘ਤੇ ਪੂਰਾ ਉਤਰਿਆ ਜਾਵੇਗਾ ਅਤੇ ਕਿਸਾਨੀ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ, ”ਅਸੀਂ ਸਾਡੇ ਸੂਬੇ ਦੀ ਜਿੰਦ ਜਾਨ ਸਾਡੇ ਮਾਣਮਤੇ ਕਿਸਾਨਾਂ ਨਾਲ ਕਦੇ ਵੀ ਧੋਖਾ ਨਹੀਂ ਕਰ ਸਕਦੇ ਜਿਵੇਂ ਕਿ ਕੇਜਰੀਵਾਲ ਨੇ ਕੀਤਾ ਹੈ। ਉਨ੍ਹਾਂ ਦੇ ਹਿੱਤਾਂ ਦੀ ਰਾਖੀ ਯਕੀਨੀ ਬਣਾਉਣ ਲਈ ਕੋਈ ਵੀ ਕੁਰਬਾਨੀ ਵੱਡੀ ਨਹੀਂ ਹੈ।”

LEAVE A REPLY