2ਨਵੀਂ ਦਿੱਲੀ : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਇਕ ਵਫਦ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਗੁਰੂਦੁਆਰਾ ਸੀਸ ਗੰਜ ਸਾਹਿਬ, ਚਾਂਦਨੀ ਚੌਂਕ, ਨਵੀਂ ਦਿੱਲੀ ਵਿਖੇ ਪਿਆਊ ਢਾਹੁਣ ਦੇ ਮੁੱਦੇ ‘ਤੇ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਇਸਨੂੰ ਦੋਬਾਰਾ ਸਥਾਪਿਤ ਕੀਤਾ ਜਾਵੇ।
ਇਕ ਮੀਟਿੰਗ ਵਿਚ ਉਨ੍ਹਾਂ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਥਾਨਕ ਵਿਧਾਇਕ ਅਲਕਾ ਲਾਂਬਾ ਜੋ ਕਿ ਸ਼ਾਹਜਹਾਂਬਾਦ ਰੀਡਿਵੈਲਪਮੈਂਟ ਕਾਰਪੋਰੇਸ਼ਨ (ਐਸਆਰਡੀਸੀ) ਦੀ ਡਾਇਰੈਕਟਰ ਵੀ ਹੈ, ਇਸ ਪਿਆਊ ਨੂੰ ਢਹਾਉਣ ਲਈ ਜ਼ਿੰਮੇਵਾਰ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਨੇ ਪਿਆਊ ਦੀ ਥਾਂ ਬਾਰੇ ਅਦਾਲਤ ਨੂੰ ਗਲਤ ਜਾਣਕਾਰੀ ਦਿੱਤੀ ਹੈ ਅਤੇ ਅਦਾਲਤ ਵੱਲੋਂ ਇਸ ਸਬੰਧੀ ਕੀਤੇ ਹੁਕਮਾਂ ਦੀ ਪਾਲਣਾ ਵੀ ਗਲਤ ਤਰੀਕੇ ਨਾਲ ਇਸ ਨੂੰ ਢਾਹੁਣ ਲਈ ਕੀਤੀ ਗਈ ਹੈ।
ਉਨ੍ਹਾਂ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਅਲਕਾ ਲਾਂਬਾ ਨੇ 5 ਅਪ੍ਰੈਲ ਨੂੰ ਉੱਤਰੀ ਦਿੱਲੀ ਮਿਊਂਸੀਪਲ ਕਾਰਪੋਰੇਸ਼ਨ ਦੇ ਅਫਸਰਾਂ, ਪੁਲਿਸ ਅਤੇ ਹੋਰਾਂ ਨਾਲ ਮੀਟਿੰਗ ਕੀਤੀ ਸੀ ਅਤੇ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਕਿ 6 ਅਪ੍ਰੈਲ ਨੂੰ ਸਵੇਰੇ 6 ਵਜੇ ਪਿਆਊ ਢਾਹੁਣ ਦੀ ਕਾਰਵਾਈ ਆਰੰਭੀ ਜਾਵੇ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਉੱਥੇ ਹੋਰ ਵੀ ਧਾਰਮਿਕ ਥਾਂਵਾਂ ਹਨ ਪਰ ਢਾਹੁਣ ਦੀ ਕਾਰਵਾਈ ਗੁਰੂਦੁਆਰਾ ਸੀਸ ਗੰਜ ਸਾਹਿਬ ਤੋਂ ਸ਼ੁਰੂ ਕੀਤੀ ਗਈ ਜਿਸ ਤੋਂ ਕਿ ਸਿੱਧ ਹੁੰਦਾ ਹੈ ਕਿ ਇਹ ਸਭ ਜਾਣਬੁੱਝ ਕੇ ਕੀਤਾ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਗੇ ਦੱਸਿਆ ਕਿ ਢਾਹੁਣ ਸਬੰਧੀ ਦਿੱਲੀ ਸਿੱਖ ਗੁਰੂਦੁਆਰਾ ਮੈਨੇਜਮੈਂਟ ਕਮੇਟੀ ਨੂੰ ਸਥਾਨਕ ਪੁਲਿਸ ਨੇ ਹਾਲਾਂਕਿ ਇਕ ਦਿਨ ਪਹਿਲਾਂ ਦੱਸ ਦਿੱਤਾ ਸੀ ਪਰ ਕਮੇਟੀ ਮੈਂਬਰਾਂ ਨੇ ਇਸਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਗਈ ਇਸ ਕਾਰਵਾਈ ਤੋਂ ਸਿੱਧ ਹੁੰਦਾ ਹੈ ਕਿ ਪਿਆਊ ਢਾਹੁਣ ਪਿੱਛੇ ਆਪ ਸਰਕਾਰ ਦੀ ਗਹਿਰੀ ਸਾਜਿਸ਼ ਹੈ ਤਾਂ ਜੋ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਸੱਟ ਮਾਰੀ ਜਾ ਸਕੇ।
ਉਨ੍ਹਾਂ ਗ੍ਰਹਿ ਮੰਤਰੀ ਤੋਂ ਮੰਗ ਕੀਤੀ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖ ਕੇ ਉਹ ਇਸ ਮਾਮਲੇ ਵਿਚ ਦਖਲ ਦੇਣ ਅਤੇ ਦਿੱਲੀ ਦੇ ਲੈਫ. ਗਵਰਨਰ ਨੂੰ ਵੀ ਮਾਮਲੇ ਵੱਲ ਖਾਸ ਧਿਆਨ ਦੇਣ ਲਈ ਕਹਿਣ। ਉਨ੍ਹਾਂ ਕਿਹਾ ਕਿ ਪਿਆਊ ਸਬੰਧੀ ਅਦਾਲਤ ਵਿਚ ਸਹੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਗੁਰੂਦੁਆਰਾ ਸਾਹਿਬ ਦੇ ਪਿਆਊ ਨੂੰ ਮੁੜ ਸਥਾਪਿਤ ਕੀਤਾ ਜਾ ਸਕੇ। ਵਫਦ ਨੂੰ ਭਰੋਸਾ ਦਿੰਦਿਆਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਿਆਊ ਦੀ ਸਥਾਪਤੀ ਲਈ ਗੰਭੀਰਤਾ ਨਾਲ ਕੋਸ਼ਿਸ਼ ਕੀਤੀ ਜਾਵੇਗੀ।

LEAVE A REPLY