5ਜਲੰਧਰ੍ਹ :  ਉਪ-ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਦੀਆਂ 1.20 ਲੱਖ ਅਸਾਮੀਆਂ ਆਉਂਦੇ ਤਿੰਨ ਮਹੀਨੇ ਦੇ ਅੰਦਰ-ਅੰਦਰ ਭਰੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਕੈਬਨਿਟ ਵੱਲੋਂ ਇਨ੍ਹਾਂ ਅਸਾਮੀਆਂ ਨੂੰ ਮੰਨਜ਼ੂਰੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਹੁਨਰ ਵਿਕਾਸ ਦੀ ਸਿਖਲਾਈ ਦੇਣ ਲਈ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ 2000 ਹੁਨਰ ਵਿਕਾਸ ਕੇਂਦਰ ਖੋਲ੍ਹੇ ਜਾ ਰਹੇ ਹਨ ਜਿਥੇ ਸਾਲ ਅੰਦਰ ਇਕ ਲੱਖ ਤੋਂ ਵੱਧ ਨੌਜਵਾਨਾਂ ਨੂੰ ਪੇਸ਼ੇਵਰ ਸਿਖਲਾਈ ਦੇ ਕੇ ਰੋਜ਼ਗਾਰ ਦੇ ਸਮਰੱਥ ਬਣਾਇਆ ਜਾਵੇਗਾ। ਅੱਜ ਇਥੇ ਰਾਜ ਪੱਧਰੀ ਸਮਾਗਮ ਦੌਰਾਨ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਕਿਸਾਨਾਂ ਨੂੰ ਸਿਹਤ ਬੀਮਾ ਕਾਰਡਾਂ ਦੀ ਵੰਡ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਆਉਂਦੇ ਦੋ ਹਫਤਿਆਂ ਵਿੱਚ ਇਨ੍ਹਾਂ ਅਸਾਮੀਆਂ ਨੂੰ ਭਰਨ ਸਬੰਧੀ ਇਸ਼ਤਿਹਾਰ ਜਾਰੀ ਕੀਤੇ ਜਾ ਰਹੇ ਹਨ। ਸਿਹਤ ਬੀਮਾ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਪੰਜਾਬ ਦੇ 11 ਲੱਖ ਕਿਸਾਨ ਪਰਿਵਾਰਾਂ ਨੂੰ ਕਾਰਡ ਜਾਰੀ ਕੀਤੇ ਜਾ ਰਹੇ ਹਨ ਜਿਨ੍ਹਾਂ ਨਾਲ ਉਹ ਕਿਸੇ ਵੀ ਬਿਮਾਰੀ ਦੀ ਸੂਰਤ ਵਿੱਚ 403 ਹਸਪਤਾਲਾਂ ਵਿੱਚ ਆਪਣਾ 50 ਹਜ਼ਾਰ ਰੁਪਏ ਤੱਕ ਦਾ ਇਲਾਜ ਮੁਫਤ ਕਰਵਾ ਸਕਦੇ ਹਨ। ਜਲੰਧਰ ਵਿੱਚ ਪਹਿਲੇ ਫੇਜ਼ ਵਿੱਚ 25149 ਕਿਸਾਨਾਂ ਨੂੰ ਸਿਹਤ ਬੀਮਾ ਕਾਰਡ ਵੰਡੇ ਜਾ ਰਹੇ ਹਨ।
ਦੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਨੂੰ ਦਰਪੇਸ਼ ਸੰਵੇਦਨਸ਼ੀਲ ਮੁੱਦਿਆਂ ਜਿਵੇਂ ਕਿ ਸਤਲੁਜ ਜਮਨਾ ਲਿੰਕ ਨਹਿਰ ਅਤੇ ਨਵੀਂ ਦਿੱਲੀ ਵਿਖੇ ਗੁਰੂਦੁਆਰਾ ਸੀਸ ਗੰਜ ਸਾਹਿਬ ਵਿਖੇ ਪਿਆਓ ਨੂੰ ਤੋੜਨ ‘ਤੇ ਲਏ ਗਏ ਪੰਜਾਬ ਵਿਰੋਧੀ ਸਟੈਂਡ ਬਾਰੇ ਉਨ੍ਹਾਂ ਕਿਹਾ ਕਿ ਸ੍ਰੀ ਕੇਜਰੀਵਾਲ ਦਾ ਪੰਜਾਬ ਦੇ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਅਤੇ ਉਨ੍ਹਾਂ ਦੇ ਪੰਜਾਬ ਪ੍ਰਤੀ ਝੂਠਾ ਹੇਜ ਜਤਾਉਣ ਦਾ ਪਰਦਾ ਫਾਸ਼ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਕੇਵਲ ਤੇ ਕੇਵਲ ਇਕ ਮਕਸਦ ਪੰਜਾਬ ਨੂੰ ਬਦਨਾਮ ਕਰਕੇ ਸੱਤਾ ਹਥਿਆਉਣਾ ਹੈ। ਕਿਸਾਨਾਂ ਨੂੰ ਖੇਤੀ ਲਈ ਪ੍ਰਤੀ ਫਸਲ 50 ਹਜ਼ਾਰ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ 5 ਲੱਖ ਰੁਪਏ ਤੱਕ ਵਿਆਜ ਰਹਿਤ ਕਰਜ਼ ਦੇਣ ਦੀ ਯੋਜਨਾ ਬਾਰੇ ਸ. ਬਾਦਲ ਨੇ ਕਿਹਾ ਕਿ ਇਸ ਨਾਲ ਜਿਥੇ ਕਿਸਾਨ ਕਰਜੇ ਦੇ ਜਾਲ ਵਿੱਚੋਂ ਬਾਹਰ ਨਿਕਲਣ ਦੇ ਸਮਰੱਥ ਹੋਣਗੇ ਉਥੇ ਨੌਜਵਾਨ ਵੀ ਆਪਣੇ ਪੇਸ਼ੇਵਰ ਪੜ੍ਹਾਈ ਪੂਰੀ ਕਰਕੇ ਰੁਜ਼ਗਾਰ ਪ੍ਰਾਪਤ ਕਰ ਸਕਣਗੇ। ਕਿਸਾਨਾਂ ਲਈ ਇਹ ਕਰਜ ਸਾਲ ਵਿੱਚ ਦੋ ਵਾਰ ਮਿਲਿਆ ਕਰੇਗਾ ਅਤੇ ਮੂਲ ਰਕਮ ਦੀ ਅਦਾਇਗੀ ਵੀ ਕਿਸਾਨਾਂ ਵੱਲੋਂ ਕਿਸ਼ਤਾਂ ਵਿੱਚ ਦਿੱਤੀ ਜਾ ਸਕੇਗੀ।
ਪੰਜਾਬ ਵਿੱਚ ਦੇਸ਼ ਦਾ ਸਰਬੋਤਮ ਬੁਨਿਆਦੀ ਢਾਂਚਾ ਸਥਾਪਤ ਕਰਨ ਦਾ ਜ਼ਿਕਰ ਕਰਦਿਆਂ ਸ. ਬਾਦਲ ਨੇ ਕਿਹਾ ਕਿ ਵਾਧੂ ਬਿਜਲੀ ਵਾਲਾ ਸੂਬਾ ਬਣਨ ਤੋਂ ਪਿੱਛੋਂ ਹੁਣ ਸੂਬਾ ਸਰਕਾਰ ਵੱਲੋਂ ਸਾਰੇ ਸ਼ਹਿਰਾਂ ਨੂੰ 22 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਚਾਰ-ਛੇ ਮਾਰਗੀ ਸੜਕਾਂ ਨਾਲ ਜੋੜਨ ਦਾ ਟੀਚਾ ਰੱਖਿਆ ਗਿਆ ਹੈ। ਇਨ੍ਹਾਂ ਸੜਕਾਂ ਵਿੱਚ ਮੁੱਖ ਤੌਰ ‘ਤੇ ਜਲੰਧਰ-ਮੋਗਾ, ਫਗਵਾੜਾ-ਚੰਡੀਗੜ੍ਹ, ਬਠਿੰਡਾ-ਚੰਡੀਗੜ੍ਹ, ਜਲੰਧਰ-ਹੁਸ਼ਿਆਰਪੁਰ, ਮੋਗਾ-ਬਰਨਾਲਾ ਅਤੇ ਅੰਮ੍ਰਿਤਸਰ-ਬਠਿੰਡਾ ਆਦਿ ਹਨ।

LEAVE A REPLY