4ਨਵੀਂ ਦਿੱਲੀ— ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਈ. ਡੀ. ਦੀ ਬੇਨਤੀ ‘ਤੇ ਮਾਲਿਆ ਦਾ ਡਿਪਲੋਮੈਟਿਕ ਪਾਸਪੋਰਟ ਮੁਲਤਵੀ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਈ. ਡੀ. ਦੇ ਅਧਿਕਾਰੀਆਂ ਨੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ ਪਾਸਪੋਰਟ ਕਾਨੂੰਨ 1967 ਦੇ ਤਹਿਤ ਉਨ੍ਹਾਂ ਦਾ ਡਿਪਲੋਮੈਟਿਕ ਪਾਸਪੋਰਟ ਰੱਦ ਕਰਨ ਦੀ ਮੰਗ ਕੀਤੀ ਸੀ। ਮਾਲਿਆ ਨੂੰ ਅਜਿਹਾ ਪਾਸਪੋਰਟ ਰਾਜ ਸਭਾ ਦਾ ਮੈਂਬਰ ਹੋਣ ਦੇ ਨਾਤੇ ਦਿੱਤਾ ਗਿਆ ਸੀ।   ਪਾਸਪੋਰਟ ਕਾਨੂੰਨ ਦੇ ਤਹਿਤ ਜਦੋਂ ਕਿਸੇ ਵਿਅਕਤੀ ਨੂੰ ਡਿਪਲੋਮੈਟਿਕ ਪਾਸਪੋਰਟ ਦਿੱਤਾ ਜਾਂਦਾ ਹੈ ਤਾਂ ਉਸ ਦਾ ਨਿਯਮਿਤ ਯਾਤਰਾ ਦਸਤਾਵੇਜ਼ ਜਮਾ ਕਰ ਲਿਆ ਜਾਂਦਾ ਹੈ। ਜਦੋਂ ਡਿਪਲੋਮੈਟਿਕ ਪਾਸਪੋਰਟ ਰੱਦ ਕੀਤਾ ਜਾਂਦਾ ਹੈ ਤਾਂ ਇਹ ਦਸਤਾਵੇਜ਼ ਵੀ ਰੱਦ ਹੋ ਜਾਂਦਾ ਹੈ। ਹੁਣ ਵਿਦੇਸ਼ ਮੰਤਰਾਲਾ ਬ੍ਰਿਟੇਨ ਦੇ ਅਧਿਕਾਰੀਆਂ ਨੂੰ ਮਾਲਿਆ ਦਾ ਪਾਸਪੋਰਟ ਮੁਲਤਵੀ ਕਰਨ ਸਬੰਧੀ ਜਾਣਕਾਰੀ ਦੇਵੇਗਾ ਅਤੇ ਉਨ੍ਹਾਂ ਨੂੰ ਭਾਰਤ ਵਾਪਸ ਭੇਜਣ ਦੀ ਬੇਨਤੀ ਕਰੇਗਾ। ਦਰਅਸਲ ਈ. ਡੀ. ਨੇ ਮਾਲਿਆ ਨੂੰ ਪੇਸ਼ ਹੋਣ ਲਈ ਲਗਾਤਾਰ ਤਿੰਨ ਸੰਮਨ ਭੇਜੇ ਸਨ ਪਰ ਉਹ ਇਕ ਵੀ ਵਾਰ ਈ. ਡੀ. ਸਾਹਮਣੇ ਪੇਸ਼ ਨਹੀਂ ਹੋਏ। ਜਿਸ ਤੋਂ ਬਾਅਦ ਈ. ਡੀ. ਨੇ ਪਾਸਪੋਰਟ ਅਥਾਰਟੀ ਨੂੰ ਉਨ੍ਹਾਂ ਦਾ ਪਾਸਪੋਰਟ ਰੱਦ ਕਰਨ ਦੀ ਮੰਗ ਕੀਤੀ।
ਦੱਸਣਯੋਗ ਹੈ ਕਿ ਈ. ਡੀ. ਨੇ ਮਾਲਿਆ ਨੂੰ ਤੀਜਾ ਸੰਮਨ 9 ਅਪ੍ਰੈਲ ਨੂੰ ਪੇਸ਼ ਹੋਣ ਲਈ ਭੇਜਿਆ ਸੀ ਪਰ ਉਨ੍ਹਾਂ ਨੇ ਇਹ ਕਹਿ ਕੇ ਮਈ ਤੱਕ ਪੇਸ਼ ਹੋਣ ਦਾ ਸਮਾਂ ਮੰਗਿਆ ਕਿ ਉਹ ਬੈਂਕਾਂ ਲਈ ਦੂਜਾ ਪ੍ਰਸਤਾਵ ਤਿਆਰ ਕਰ ਰਹੇ ਹਨ। ਦੱਸ ਦੇਈਏ ਕਿ ਮਾਲਿਆ ਨੇ ਕੁਝ ਸਮਾਂ ਪਹਿਲਾਂ ਬੈਂਕਾਂ ਨੂੰ 4 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦੇ ਭੁਗਤਾਨ ਦਾ ਆਫਰ ਦਿੱਤਾ ਸੀ, ਜਿਸ ਨੂੰ ਬੈਂਕਾਂ ਨੇ ਨਾਮਨਜ਼ੂਰ ਕਰ ਦਿੱਤਾ। ਮਾਲਿਆ ‘ਤੇ ਸਟੇਟ ਬੈਂਕ ਸਮੇਤ 17 ਬੈਂਕਾਂ ਦਾ ਕਰੀਬ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ ਹੈ। ਮੌਜੂਦਾ ਸਮੇਂ ‘ਚ ਉਹ ਲੰਡਨ ‘ਚ ਹਨ ਅਤੇ ਈ. ਡੀ. ਉਨ੍ਹਾਂ ਦੇ ਖਿਲਾਫ ਮਨੀ ਲਾਂਡਰਿੰਗ ਦੇ ਕੇਸ ਦੀ ਜਾਂਚ ਕਰ ਰਿਹਾ ਹੈ।

LEAVE A REPLY