1ਚੰਡੀਗੜ੍ਹ  : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਮਾਨਸਿਕ ਸਮੱਸਿਆਵਾਂ ਕਾਰਨ ਸੰਚਾਰ ਕਰਨ ਤੋਂ ਅਸਮਰਥ (ਓਟਿਜ਼ਮ) ਪੀੜਤ ਵਿਅਕਤੀਆਂ ਦੇ ਇਲਾਜ ਲਈ ਮੁਹਾਲੀ ਵਿਖੇ ਅਤੀ ਆਧੁਨਿਕ ਖੋਜ ਤੇ ਇਲਾਜ ਕੇਂਦਰ ਸਥਾਪਤ ਕਰਨ ਲਈ ਸਿਧਾਂਤਕ ਤੌਰ ‘ਤੇ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਬਾਰੇ ਫੈਸਲਾ ਸ. ਬਾਦਲ ਨੇ ਡਾਕਟਰਾਂ, ਮਾਹਿਰਾਂ ਅਤੇ ਇਸ ਬੀਮਾਰੀ ਤੋਂ ਪੀੜਤਾਂ ਨਾਲ ਨਿਪਟਣ ਵਾਲੀਆਂ ਗੈਰ-ਸਰਕਾਰੀ ਸੰਸਥਾਵਾਂ ਦੇ ਅਹੁਦੇਦਾਰਾਂ ਨਾਲ ਅੱਜ ਸ਼ਾਮ ਆਪਣੇ ਨਿਵਾਸ ਸਥਾਨ ‘ਤੇ ਹੋਈ ਮੀਟਿੰਗ ਵਿੱਚ ਲਿਆ। ਵਰਨਣਯੋਗ ਹੈ ਕਿ ਇਸ ਬੀਮਾਰੀ ਨਾਲ ਪੀੜਤ ਵਿਅਕਤੀਆਂ ਦੀ ਮਨੋ-ਦਸ਼ਾ ਅਜਿਹੀ ਬਣ ਜਾਂਦੀ ਹੈ ਕਿ ਉਹ ਦੂਜਿਆਂ ਨਾਲ ਆਪਣੇ ਭਾਵਾਂ ਦਾ ਸੰਚਾਰ ਕਰਨ ਤੋਂ ਅਸਮਰੱਥ ਹੁੰਦੇ ਹਨ।
ਵਿਚਾਰ-ਚਰਚਾ ਦੌਰਾਨ ਸ. ਬਾਦਲ ਨੇ ਇਸ ਬੀਮਾਰੀ ਨਾਲ ਨਿਪਟਣ ਲਈ ਸਮਾਂ-ਬੱਧ ਪ੍ਰਭਾਵੀ ਕਾਰਜ ਯੋਜਨਾ ਤਿਆਰ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੂੰ ਇਸ ਮੌਕੇ ਦੱਸਿਆ ਗਿਆ ਕਿ ਭਾਰਤ ਵਿੱਚ ਇਸ ਵੇਲੇ ਇਕ ਹਜ਼ਾਰ ਵਿਅਕਤੀਆਂ ਪਿੱਛੇ ਔਸਤਨ ਇਕ ਵਿਅਕਤੀ ਪੀੜਤ ਹੈ ਜਦਕਿ ਅਮਰੀਕਾ ਵਿੱਚ ਕੀਤੇ ਗਏ ਇਕ ਅਧਿਐਨ ਅਨੁਸਾਰ ਇਕ ਹਜ਼ਾਰ ਪਿੱਛੇ 100 ਵਿਅਕਤੀ ਪੀੜਤ ਹਨ।
ਸ. ਬਾਦਲ ਨੇ ਮੁਹਾਲੀ ਵਿਖੇ ਬਣਾਏ ਜਾ ਰਹੇ ਇਸ ਅਤਿ ਆਧੁਨਿਕ ਇੰਸਟੀਚਿਊਟ ਲਈ ਗਮਾਡਾ ਨੂੰ ਢੁਕਵੀਂ ਜ਼ਮੀਨ ਦੀ ਸ਼ਨਾਖਤ ਕਰਨ ਲਈ ਆਖਿਆ ਹੈ। ਇਸ ਕੇਂਦਰ ਵਿੱਚ ਇਸ ਬੀਮਾਰੀ ਤੋਂ ਪੀੜਤ ਬੱਚਿਆਂ ਨੂੰ ਵਿਸ਼ੇਸ਼ ਸਿੱਖਿਆ ਦੇਣ ਲਈ ਮਾਹਿਰ ਤਿਆਰ ਕਰਨ ਵਾਸਤੇ ਇਕ ਡਿਪਲੋਮਾ ਕੋਰਸ ਕਰਵਾਇਆ ਜਾਵੇਗਾ। ਇਸ ਕੇਂਦਰ ਵਿੱਚ ਖੋਜ ਤੇ ਸਿਹਤ ਸੰਭਾਲ ਦੀਆਂ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਨੇ ਇੱਛਾ ਪ੍ਰਗਟ ਕੀਤੀ ਕਿ ਇਸ ਦੇ ਬਣਨ ਉਪਰੰਤ ਸਾਰੇ ਜ਼ਿਲ੍ਹਾ ਹੈੱਡ ਕੁਆਰਟਰਾਂ ਰਾਹੀਂ ਇਸ ਕੇਂਦਰ ਨਾਲ ਜੋੜਿਆ ਜਾਵੇ ਤਾਂ ਕਿ ਸਭਨਾਂ ਇਲਾਕਿਆਂ ਦੇ ਅਜਿਹੇ ਮਰੀਜ਼ਾਂ ਨੂੰ ਵਧੀਆ ਸਿਹਤ ਸਹੂਲਤਾਂ ਇਸ ਕੇਂਦਰ ਰਾਹੀਂ ਮੁਹੱਈਆ ਕਰਵਾਈਆਂ ਜਾ ਸਕਣ।
ਇਕ ਹੋਰ ਅਹਿਮ ਮਸਲੇ ‘ਤੇ ਸ. ਬਾਦਲ ਨੇ ਸਿਹਤ ਵਿਭਾਗ ਨੂੰ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ‘ਤੇ ਅਪੰਗਤਾ ਮੈਡੀਕਲ ਬੋਰਡਾਂ ਨੂੰ ਇਸ ਬੀਮਾਰੀ ਬਾਰੇ ਸੰਵੇਦਨਸ਼ੀਲ ਰਵੱਈਆ ਅਪਨਾਉਣ ਲਈ ਆਖਿਆ ਹੈ ਅਤੇ ਅਜਿਹੇ ਪੀੜਤਾਂ ਨੂੰ ਵੀ ਅਪੰਗਤਾ ਸਰਟੀਫਿਕੇਟ ਜਾਰੀ ਕਰਨ ਲਈ ਨਿਰਦੇਸ਼ ਦੇਣ ਵਾਸਤੇ ਆਖਿਆ ਹੈ ਕਿਉਂਕਿ ਬੋਰਡ ਦੇ ਬਹੁਤ ਅਮਲੇ ਨੂੰ ਇਸ ਬਾਰੇ ਲੋੜੀਂਦੇ ਗਿਆਨ ਦੀ ਘਾਟ ਹੈ ਜਿਸ ਕਰਕੇ ਇਸ ਬੀਮਾਰੀ ਨਾਲ ਪੀੜਤ ਲੋਕਾਂ ਨੂੰ ਹੋਰ ਵੀ ਜ਼ਿਆਦਾ ਸਖਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਹੀ ਮੁੱਖ ਮੰਤਰੀ ਨੇ ਅਜਿਹੇ ਬੱਚਿਆਂ ਨੂੰ ਆਮ ਸਕੂਲਾਂ ਵਿੱਚ ਦਾਖ਼ਲਾ ਦੇਣ ਲਈ ਸਿਹਤ ਵਿਭਾਗ ਨੂੰ ਇਹ ਮੁੱਦਾ ਸਰਗਰਮੀ ਨਾਲ ਸਿੱਖਿਆ ਵਿਭਾਗ ਕੋਲ ਉਠਾਉਣ ਲਈ ਕਿਹਾ ਕਿਉਂਕਿ ਅਜਿਹਾ ਨਾ ਕਰਨ ਨਾਲ ਇਨ੍ਹਾਂ ਬੱਚਿਆਂ ਵਿਚ ਬਰਾਬਰਤਾ, ਅਪਣਾਪਨ ਅਤੇ ਆਤਮ-ਸਨਮਾਨ ਦੀ ਭਾਵਨਾ ਨਹੀਂ ਆਉਂਦੀ। ਇਸ ਦਾ ਮਕਸਦ ਇਨ੍ਹਾਂ ਬੱਚਿਆਂ ਨੂੰ ਵਿਤਕਰੇ ਅਤੇ ਹੀਣ-ਭਾਵਨਾ ਤੋਂ ਬਚਾਉਣਾ ਹੈ। ਗੌਰਤਲਬ ਹੈ ਕਿ ਇਸ ਵੇਲੇ ਇਸ ਬੀਮਾਰੀ ਨਾਲ ਪੀੜਤ ਬਹੁ-ਗਿਣਤੀ ਬੱਚੇ ਵਿਸ਼ੇਸ਼ ਸਕੂਲਾਂ ਵਿੱਚ ਪੜ੍ਹੇ ਰਹੇ ਹਨ। ਮੁੱਖ ਮੰਤਰੀ ਨੇ ਪੀ.ਜੀ.ਆਈ. ਦੇ ਮਨੋਵਿਗਿਆਨ ਰੋਗਾਂ ਦੇ ਵਿਭਾਗ ਦੇ ਮੁਖੀ ਤੇ ਪ੍ਰੋਫੈਸਰ ਡਾ. ਅਜੀਤ ਅਵਸਥੀ ਨੂੰ ਇਸ ਖੋਜ ਤੇ ਇਲਾਜ ਕੇਂਦਰ ਦੀ ਸਥਾਪਨਾ ਲਈ ਵਿਸਤ੍ਰਿਤ ਰੂਪ-ਰੇਖਾ ਇਕ ਮਹੀਨੇ ਵਿਚ ਤਿਆਰ ਕਰਨ ਲਈ ਆਖਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪਟਿਆਲਾ, ਅੰਮ੍ਰਿਤਸਰ ਤੇ ਫਰੀਦਕੋਟ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਇਸ ਬੀਮਾਰੀ ਨਾਲ ਪੀੜਤਾਂ ਵਾਸਤੇ ਵਿਸ਼ੇਸ਼ ਵਿੰਗ ਸਥਾਪਤ ਕਰਨ ਲਈ ਬਾਲ ਮਨੋਰੋਗਾਂ, ਬੋਲਣ ਲਈ ਥਰੈਪੀ ਦੇਣ ਵਾਲੇ ਮਾਹਿਰ, ਕਲੀਨੀਕਲ ਮਨੋਵਿਗਿਆਨਕ ਅਤੇ ਇਸ ਬੀਮਾਰੀ ਨਾਲ ਪੀੜਤਾਂ ਨੂੰ ਬੋਲਣ ਦਾ ਅਭਿਆਸ ਕਰਵਾਉਣ ਵਾਲੇ ਮਾਹਿਰਾਂ ‘ਤੇ ਅਧਾਰਿਤ ਸਿੱਖਿਅਤ ਮਾਨਵੀ ਸ਼ਕਤੀ ਬਾਰੇ ਸੁਝਾਅ ਦੇਣ ਲਈ ਆਖਿਆ ਹੈ। ਸ. ਬਾਦਲ ਨੇ ਇਸ ਬੀਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਹੁਨਰ ਸਿਖਲਾਈ ਤੇ ਸਿੱਖਿਆ ਦੇਣ ਲਈ ਰੈੱਡ ਕਰਾਸ ਸੁਸਾਇਟੀ ਫਰੀਦਕੋਟ ਵੱਲੋਂ ਇਕ ਸਿੱਖਿਆ ਸੰਸਥਾਨ ਚਲਾਏ ਜਾਣ ਲਈ ਸ਼ਲਾਘਾ ਕੀਤੀ ਅਤੇ ਬਾਕੀ ਰੈੱਡ ਕਰਾਸ ਸੁਸਾਇਟੀਆਂ ਨੂੰ ਇਹ ਮਾਡਲ ਅਪਨਾਉਣ ਲਈ ਆਖਿਆ।

LEAVE A REPLY