1ਅੰਮ੍ਰਿਤਸਰ : ਗੁਰੂ ਮਾਤਾ ਚੰਦ ਕੌਰ ਦੇ ਕਤਲ ਦੇ ਮਾਮਲੇ ‘ਚ ਇੱਕ ਧਿਰ ਵੱਲੋਂ ਦੋਸ਼ ਲਾਏ ਜਾਣ ਉਪਰੰਤ ਦੂਜੀ ਧਿਰ ਨਿੱਤਰ ਕੇ ਸਾਹਮਣੇ ਆ ਗਈ ਹੈ ਅਤੇ ਉਸ ਵੱਲੋਂ ਕਤਲ ਸਬੰਧੀ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਬੇਬੁਨਿਆਦ ਹੀ ਨਹੀਂ ਸਗੋਂ ਇਹ ਵੀ ਕਿਹਾ ਗਿਆ ਹੈ ਕਿ ਕੁਝ ਲੋਕ ਇਸ ਅਤਿ-ਸੰਵੇਦਨਸ਼ੀਲ ਮਾਮਲੇ ਨੂੰ ਲੈ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਤੋਂ ਬਾਜ਼ ਨਹੀਂ ਆ ਰਹੇ।
ਪੰਥਕ ਏਕਤਾ ਹਿਤੈਸ਼ੀ ਨਾਮਧਾਰੀ ਸਾਧ-ਸੰਗਤ ਦੀ ਮੀਟਿੰਗ ਨਾਮਧਾਰੀ ਧਰਮਸ਼ਾਲਾ ਛੇਹਰਟਾ ਵਿਖੇ ਹੋਈ, ਜਿਸ ਵਿਚ ਚੇਅਰਮੈਨ ਸੰਤ ਲਾਲ ਸਿੰਘ, ਪ੍ਰਧਾਨ ਗੁਰਬਚਨ ਸਿੰਘ, ਸੰਤ ਦਵਿੰਦਰ ਸਿੰਘ ਲਾਡੀ, ਨਿਰਮਲ ਸਿੰਘ ਮਿੰਟੂ, ਗੁਰਦੀਪ ਸਿੰਘ ਰਿੰਕੂ, ਮੁਲਤਾਨ ਸਿੰਘ, ਸੁਖਵੰਤ ਸਿੰਘ, ਸੁਰਜੀਤ ਸਿੰਘ, ਬੂਟਾ ਸਿੰਘ, ਰਤਨ ਸਿੰਘ, ਹਰਪਾਲ ਸਿੰਘ, ਸਵਰਨ ਸਿੰਘ ਤੇ ਦਵਿੰਦਰ ਸਿੰਘ ਨਾਗੀ ਤੋਂ ਇਲਾਵਾ ਹੋਰ ਵੀ ਪੰਥ ਏਕਤਾ ਦੇ ਆਗੂ ਹਾਜ਼ਰ ਸਨ।  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਲਾਲ ਸਿੰਘ ਜੀ ਨੇ ਕਿਹਾ ਕਿ ਹਰਪਾਲ ਸਿੰਘ ਨਾਮਧਾਰੀ ਅਤੇ ਸਾਬਕਾ ਕਾਂਗਰਸੀ ਕੈਬਨਿਟ ਮੰਤਰੀ ਦਰਸ਼ਨ ਸਿੰਘ ਬਰਾੜ ਬੇਬੁਨਿਆਦ ਬਿਆਨਬਾਜ਼ੀ ਕਰਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ।
ਉਨ੍ਹਾਂ ਇਸ ਸਮੇਂ ਸੰਤ ਹਰਪਾਲ ਸਿੰਘ ਅਤੇ ਦਰਸ਼ਨ ਸਿੰਘ ਬਰਾੜ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਪੰਥ ਦੇ ਅਜਿਹੇ ਨਾਜ਼ੁਕ ਸਮੇਂ ‘ਚ ਸੁਹਿਰਦ ਯਤਨ ਕਰਨ, ਨਾ ਕਿ ਪੰਥ ਨੂੰ ਹੋਰ ਅੱਗ ਲਾਉਣ ਦੀ ਕੋਸ਼ਿਸ਼ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸਰਕਾਰ ਵੱਲੋਂ ਬਣਾਈ ਜਾਂਚ ਟੀਮ ਨੂੰ ਆਪਣਾ ਕੰਮ ਕਰਨ ਦੇਣ, ਨਾ ਕਿ ਸਿਆਸੀ ਰੋਟੀਆਂ ਸੇਕ ਕੇ ਨਾਮਧਾਰੀ ਪੰਥ ਨੂੰ ਸਿਆਸਤ ਦਾ ਅਖਾੜਾ ਬਣਾਉਣ। ਉਨ੍ਹਾਂ ਬਰਾੜ ਨੂੰ ਕਿਹਾ ਕਿ ਉਹ ਕਾਂਗਰਸੀ ਮੰਚ ਨੂੰ ਹੀ ਆਪਣੀ ਸਿਆਸਤ ਲਈ ਵਰਤਣ, ਨਾ ਕਿ ਨਾਮਧਾਰੀ ਮੰਚ ਨੂੰ, ਇਸੇ ‘ਚ ਹੀ ਉਨ੍ਹਾਂ ਦਾ ਤੇ ਇਸ ਨਾਮਧਾਰੀ ਪੰਥ ਦਾ ਭਲਾ ਹੋਵੇਗਾ।

LEAVE A REPLY