3ਜਲੰਧਰ— ਪੰਜਾਬ ‘ਚ ਸਰਪਲਸ ਬਿਜਲੀ ਦਾ ਦਾਅਵਾ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਪਿਛਲੇ 2 ਸਾਲਾਂ ‘ਚ 3000 ਕਰੋੜ ਰੁਪਏ ਦਾ ਘੋਟਾਲਾ ਕਰ ਚੁੱਕੀ ਹੈ। ਨਿੱਜੀ ਕੰਪਨੀ ਨੂੰ ਲਾਭ ਪਹੁੰਚਾਉਣ ਲਈ ਜ਼ੁਰਮਾਨਾ ਤੱਕ ਨਹੀਂ ਵਸੂਲਿਆ ਗਿਆ। ਇਹ ਗੱਲ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਨੀਲ ਜਾਖੜ ਨੇ ਕਹੀ ਹੈ।
ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। 19 ਜੂਨ 2012 ਨੂੰ ਉਨ੍ਹਾਂ ਵੱਲੋਂ ਪੁੱਛੇ ਗਏ ਸਵਾਲ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਵਾਬ ਦਿੱਤਾ ਸੀ ਕਿ ਰਾਜਪੁਰਾ ਪਲਾਂਟ ਤੋਂ 2.89 ਰੁਪਏ, ਤਲਵੰਡੀ ਸਾਬੋ ਤੋਂ 2.69 ਰੁਪਏ ਅਤੇ ਗੋਇੰਦਵਾਲ ਪਲਾਂਟ ਤੋਂ 2.89 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲੇਗੀ। ਪਰ ਤਲਵੰਡੀ ਸਾਬੋ ਪਲਾਂਟ ਤੋਂ 6.66 ਰੁਪਏ ਅਤੇ ਰਾਜਪੁਰਾ ਪਲਾਂਟ ਤੋਂ 4.05 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਸਰਕਾਰ ਨੇ ਬਿਜਲੀ ਖਰੀਦੀ, ਜਦੋਂ ਕਿ ਸਾਲ 2015-16 ‘ਚ ਇਹੀ ਦਰ ਵਧ ਕੇ 7.50 ਰੁਪਏ ਅਤੇ 4.25 ਰੁਪਏ ਪ੍ਰਤੀ ਯੂਨਿਟ ਰਹੀ। ਗੋਇੰਦਵਾਲ ਪਲਾਂਟ ਹੁਣ ਤੱਕ ਸ਼ੁਰੂ ਨਹੀਂ ਹੋ ਸਕਿਆ ਹੈ। ਰਾਜਪੁਰਾ ਦੇ 4.25 ਰੁਪਏ ਪ੍ਰਤੀ ਯੂਨਿਟ ਦੇ ਮੁਕਾਬਲੇ ਤਲਵੰਡੀ ਸਾਬੋ ਤੋਂ 7.50 ਰੁਪਏ ਪ੍ਰਤੀ ਯੂਨਿਟ ਖਰੀਦ ਸਪੱਸ਼ਟ ਕਰਦੀ ਹੈ ਕਿ ਨਿੱਜੀ ਕੰਪਨੀ ਨੂੰ ਲਾਭ ਪਹੁੰਚਾਉਣ ਲਈ ਕਰੋੜਾਂ ਦਾ ਘਪਲਾ ਕੀਤਾ ਗਿਆ ਹੈ। ਜਾਖੜ ਨੇ ਕਿਹਾ ਕਿ ਤਲਵੰਡੀ ਸਾਬੋ ਪਲਾਂਟ ਤਕਰੀਬਨ 2 ਸਾਲ ਦੇਰੀ ਨਾਲ 2013 ‘ਚ ਸ਼ੁਰੂ ਹੋਇਆ, ਜਿਸ ਲਈ 950 ਕਰੋੜ ਰੁਪਏ ਜ਼ੁਰਮਾਨਾ ਲਗਾਇਆ ਗਿਆ ਸੀ। ਗੋਇੰਦਵਾਲ ਪਲਾਂਟ ‘ਤੇ 250 ਕਰੋੜ ਦਾ ਜ਼ੁਰਮਾਨਾ ਲੱਗਿਆ ਸੀ ਪਰ ਹੁਣ ਤੱਕ ਕੋਈ ਰਕਮ ਵਸੂਲੀ ਨਹੀਂ ਗਈ। ਸਤੰਬਰ 2015 ਤੱਕ ਦੋਵੇਂ ਪਲਾਂਟ ਤੋਂ 7500 ਕਰੋੜ ਦੀ ਬਿਜਲੀ ਖਰੀਦੀ ਗਈ, ਜਿਸ ‘ਚੋਂ 6000 ਕਰੋੜ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਇਸ ਹਿਸਾਬ ਨਾਲ ਪ੍ਰਤੀ ਯੂਨਿਟ ਦੁਗਣੀ ਦਰ ‘ਤੇ ਕੀਤੀ ਗਈ ਖਰੀਦ ਦੇ ਹਿਸਾਬ ਨਾਲ 2500 ਤੋਂ 3000 ਕਰੋੜ ਰੁਪਏ ਦਾ ਘਪਲਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਣ ‘ਤੇ ਵਧੀਆਂ ਦਰਾਂ ਅਤੇ ਜ਼ੁਰਮਾਨੇ ਦੀ ਰਕਮ ਵਸੂਲ ਕਰ ਗਾਹਕਾਂ ਨੂੰ ਵਾਪਸ ਕੀਤੀ ਜਾਵੇਗੀ। ਆਰਥਿਕ ਕਮਜ਼ੋਰ ਲੋਕਾਂ ਨੂੰ ਵੀ 200 ਯੂਨਿਟ ਤੱਕ ਮੁਫਤ ਬਿਜਲੀ ਦਿੱਤੀ ਜਾ ਸਕਦੀ ਹੈ। ਜਾਖੜ ਨੇ ਕਿਹਾ ਕਿ ਸਰਕਾਰ ਨੇ ਜਾਂਚ ਲਈ ਐੱਸ ਆਈ ਟੀ ਦਾ ਗਠਨ ਕੀਤਾ ਪਰ ਕੋਈ ਨਤੀਜਾ ਨਹੀਂ ਨਿਕਲਿਆ। ਉਨ੍ਹਾਂ ਨੂੰ ਅਦਾਲਤ ‘ਤੇ ਪੂਰਾ ਭਰੋਸਾ ਹੈ।

LEAVE A REPLY