3ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਬੁਲਾਈ ਗਈ ਮੀਟਿੰਗ ਵਿਚ ਕੋਈ ਵੀ ਐਸਜੀਪੀਸੀ ਮੈਂਬਰ ਨਹੀਂ ਪਹੁੰਚਿਆ
ਜਥੇਦਾਰ ਨੇ ਦਿੱਤੀ ਸਫਾਈ, ਕਿਹਾ ਕਿ ਮੀਟਿੰਗ ਰੱਦ ਕਰ ਦਿੱਤੀ ਗਈ ਸੀ
ਅੰਮ੍ਰਿਤਸਰ : ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਬੁਲਾਈ ਗਈ ਮੀਟਿੰਗ ਵਿਚ ਐਸਜੀਪੀਸੀ ਵੱਲੋਂ ਕਿਸੇ ਦੇ ਵੀ ਨਾਂ ਸ਼ਾਮਿਲ ਹੋਣ ਦੇ ਮਾਮਲੇ ਤੇ ਜਥੇਦਾਰ ਨੇ ਸਫਾਈ ਦਿੱਤੀ ਹੈ। ਹਾਲਾਂਕਿ ਜਥੇਦਾਰ ਵੱਲੋਂ ਦਿੱਤੀ ਸਫਾਈ ਅਤੇ ਪੇਸ਼ ਕੀਤੇ ਗਏ ਤਰਕ ਕਿਸੇ ਨੂੰ ਹਜਮ ਨਹੀਂ ਹੋ ਰਹੇ। ਐਸ ਜੀ ਪੀ ਸੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਨੂੰ ਮੀਡੀਆ ਵਿਚ ਆਉਣ ਦਾ ਸ਼ੌਕ ਹੈ। ਇਨ੍ਹਾਂ ਸਾਰੀਆਂ ਗੱਲਾਂ ਦਾ ਸਪੱਸ਼ਟ ਹੋ ਗਿਆ ਹੈ ਕਿ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਐਸਜੀਪੀਸੀ ਵਿਚਕਾਰ ਮਤਭੇਦ ਕਾਫੀ ਵਧ ਗਏ ਹਨ।
ਜਥੇਦਾਰ ਮੁਤਾਬਕ ਉਨ੍ਹਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਧ ਰਹੀਆਂ ਘਟਨਾਵਾਂ ਅਤੇ ਕਈ ਹੋਰ ਅਹਿਮ ਮਸਲਿਆਂ ਲਈ ਰੱਖੀ ਗਈ ਇਸ ਬੈਠਕ ਨੂੰ ਕੁੱਝ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ ਹੈ। ਪਰ ਸੱਚਾਈ ਇਹ ਹੈ ਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਬੈਠਕ ਕਰਨ ਦੀ ਪੂਰੀ ਤਿਆਰੀ ਵਿੱਚ ਸਨ। ਉਹ ਸਮੇਂ ਸਿਰ ਹੀ ਆਪਣੇ ਦਫਤਰ ਵਿੱਚ ਬੈਠ ਕੇ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਆਉਣ ਵਾਲੇ ਸ਼੍ਰੋਮਣੀ ਕਮੇਟੀ ਨੁਮਾਇੰਦਿਆਂ ਦਾ ਇੰਤਜ਼ਾਰ ਕਰ ਰਹੇ ਸਨ। ਪਰ ਜਦੋਂ 10 ਵਜੇ ਸ਼ੁਰੂ ਹੋਣ ਵਾਲੀ ਮੀਟਿੰਗ ਦੁਪਹਿਰ ਦੇ 2 ਵਜੇ ਤੱਕ ਵੀ ਸ਼ੁਰੂ ਨਾ ਹੋ ਸਕੀ ਤਾਂ ਜਥੇਦਾਰ ਨੇ ਮੀਡੀਆ ਨੂੰ ਸਫਾਈ ਦਿੱਤੀ ਕਿ ਮੀਟਿੰਗ ਰੱਦ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਨਿਜੀ ਸਕੱਤਰ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪਹਿਲਾਂ ਖੁਦ ਜਥੇਦਾਰ ਅਕਾਲ ਤਖਤ ਸਾਹਿਬ ਨਾਲ ਇੱਕ ਬੈਠਕ ਕਰਨਾ ਚਾਹੁੰਦੇ ਹਨ। ਇਸ ਤੋਂ ਬਾਅਦ ਬਾਕੀ ਮੁਲਾਜਮਾਂ ਅਤੇ ਸਕੱਤਰਾਂ ਨਾਲ ਬੈਠਕ ਕੀਤੀ ਜਾਵੇਗੀ।

LEAVE A REPLY