7ਮੋਹਾਲੀ  : ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਸਵਤੰਤਰ ਕੁਮਾਰ ਨੇ ਅੱਜ ਇਥੇ ਮੁਲਕ ਦੀ ਨੌਜਵਾਨ ਪੀੜ•ੀ ਨੂੰ ਸੱਦਾ ਦਿੱਤਾ ਹੈ ਕਿ ਉਹ ਕੁਦਰਤੀ ਵਾਤਾਰਣ ਨੂੰ ਪ੍ਰਦੂਸ਼ਣ ਦੀ ਮਾਰ ਤੋਂ ਬਚਾਉਣ ਲਈ ਖੁਦ ਅੱਗੇ ਆਉਣ ਤਾਂ ਕਿ ਦਿਨੋ ਦਿਨ ਘਟਦੇ ਜਾ ਰਹੇ ਕੁਦਰਤੀ ਸ੍ਰੋਤਾਂ ਨੂੰ ਅਗਲੀਆਂ ਪੀੜੀਆਂ ਤੱਕ ਬਚਾ ਕੇ ਰੱਖਿਆ ਜਾ ਸਕੇ। ਉਹਨਾਂ ਕਿਹਾ ਕਿ ਗੰਭੀਰ ਹੁੰਦੀ ਜਾ ਰਹੀ ਪ੍ਰਦੂਸ਼ਣ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਨੌਜਵਾਨ ਪੀੜ•ੀ ਹੀ ਇੱਕੋ ਇੱਕ ਆਸ ਰਹਿ ਗਈ ਹੈ ਕਿਉਂਕਿ ”ਸਾਡੀ ਪੀੜ•ੀ ਨੇ ਤਾਂ ਇਸ ਸਮੱਸਿਆ ਨੂੰ ਰੱਬ ਆਸਰ ਛੱਡਿਆ ਹੋਇਆ ਹੈ।”
ਪੰਜਾਬ ਪ੍ਰਦੁਸ਼ਣ ਕੰਟਰੋਲ ਬੋਰਡ ਵਲੋਂ ਡਾਇਲਾਗ ਹਾਈਵੇ ਦੇ ਸਹਿਯੋਗ ਨਾਲ ਅੱਜ ਇਥੋਂ ਦੀ ਚੰਡੀਗੜ• ਯੂਨੀਵਰਸਿਟੀ ਵਿਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ, ਜਸਟਿਸ ਸਵਤੰਤਰ ਕੁਮਾਰ ਨੇ ਆਖਿਆ ਕਿ ਹਰ ਮਨੁੱਖੀ ਗਤੀਵਿਧੀ ਕੁਦਰਤੀ ਵਾਤਾਵਰਣ ਵਿਚ ਵਿਗਾੜ ਪੈਦਾ ਕਰ ਰਹੀ ਹੈ। ਉਹਨਾਂ ਕਿਹਾ ਕਿ ਕਿੱਡੇ ਦੁੱਖ ਦੀ ਗੱਲ ਹੈ ਕਿ ਮਨੁੱਖ ਜਿਸ ਧਰਤੀ ਉੱਤੇ ਰਹਿ ਰਿਹਾ ਹੈ ਉਸ ਨੂੰ ਹੀ ਤਬਾਹ ਕਰ ਰਿਹਾ ਹੈ ਅਤੇ ਜਿਸ ਹਵਾ-ਪਾਣੀ ਕਰਕੇ ਉਸ ਦਾ ਜੀਵਨ ਧੜਕ ਰਿਹਾ ਹੈ ਉਸ ਨੂੰ ਹੀ ਗੰਧਲਾ ਕਰ ਰਿਹਾ ਹੈ।  ਜਸਟਿਸ ਸਵਤੰਤਰ ਕੁਮਾਰ ਨੇ ਵਿਕਾਸ ਦੇ ਮੌਜ਼ੂਦਾ ਮਾਡਲ ਉੱਤੇ ਉਂਗਲ ਉਠਾਉਂਦਿਆਂ ਕਿਹਾ ਕਿ ਇਹ ਕੁਦਰਤ ਅਨੁਸਾਰੀ ਨਾ ਹੋ ਕੇ ਕੁਦਰਤ ਨੂੰ ਨਸ਼ਟ ਕਰਨ ਵਾਲਾ ਹੈ ਇਸ ਲਈ ਇਹ ਬਹੁਤੀ ਦੇਰ ਟਿਕ ਨਹੀਂ ਸਕਦਾ। ਉਹਨਾਂ ਕਿਹਾ ਕਿ ਸਾਨੂੰ ਅਜਿਹੇ ਵਿਕਾਸ ਮਾਡਲ ਦੀ ਲੋੜ ਹੈ ਜੋ ਸਿਰਫ ਮਨੁੱਖ ਕੇਂਦਰਤ ਨਾ ਹੋਕੇ ਜੀਵ-ਜੰਤੂ, ਬਨਸਪਤੀ ਅਤੇ ਕੁਦਰਤੀ ਵਾਤਾਰਣ ਨੂੰ ਵੀ ਵਿਗਸਣ ਜੋਗੀ ਥਾਂ ਦੇਵੇ। ਵਿਕਾਸ ਪ੍ਰਾਜੈਕਟਾਂ ਲਈ ਦਰਖਤਾਂ ਦੀ ਹੁੰਦੀ ਅੰਧਾਧੁੰਦ ਕਟਾਈ ਉੱਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ, ਜਸਟਿਸ ਸਵਤੰਤਰ ਕੁਮਾਰ ਨੇ ਕਿਹਾ ਕਿ ਦਰਖਤਾਂ ਨੂੰ ਕੱਟਣ ਦੀ ਥਾਂ ਇਹਨਾਂ ਨੂੰ ਖੁੱਗ ਕੇ ਕਿਸੇ ਹੋਰ ਜਗ•ਾ ਲਾਇਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਦੋਂ ਦਿਲ ਤੇ ਗੁਰਦਿਆਂ ਵਰਗੇ ਮਨੁੱਖੀ ਅੰਗ ਬਦਲੇ ਜਾ ਸਕਦੇ ਹਨ ਤਾਂ ਦਰਖਤ ਪੁੱਟ ਕੇ ਹੋਰ ਥਾਂ ਕਿਉਂ ਨਹੀਂ ਲਾਏ ਜਾ ਸਕਦੇ?
ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਮੁੱਖੀ ਨੇ ਅੰਕੜੇ ਦਿੰਦੇ ਕਿਹਾ ਕਿ ਸਾਡੇ ਮੁਲਕ ਵਿਚ ਜੰਗਲ ਲਗਾਤਾਰ ਘਟਦੇ ਜਾ ਰਹੇ ਹਨ, ਗਲੇਸ਼ੀਅਰ ਪਿਘਲਦੇ ਜਾ ਰਹੇ ਹਨ, ਹਵਾ ਗੰਧਲੀ ਹੁੰਦੀ ਜਾ ਰਹੀ ਹੈ ਅਤੇ ਸ਼ਹਿਰ ਗੰਦਗੀ ਦਾ ਢੇਰ ਬਣਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਭਾਰਤ ਵਿਚ ਇੱਕ ਵੀ ਸ਼ਹਿਰ ਅਜਿਹਾ ਨਹੀਂ ਹੈ ਜਿੱਥੇ ਕੂੜਾ ਕਰਕਟ ਇਕੱਠਾ ਕਰਨ, ਢੁਕਵੀਂ ਜਗਾ ਲੈ ਕੇ ਜਾਣ ਅਤੇ ਉਸ ਨੂੰ ਸੁਰੱਖਿਅਤ ਢੰਗ ਨਾਲ ਬਿਲੇ ਲਾਉਣ ਦਾ ਉਚਿੱਤ ਪ੍ਰਬੰਧ ਹੋਵੇ।  ਜਸਟਿਸ ਸਵਤੰਤਰ ਕੁਮਾਰ ਨੇ ਨੌਜਵਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਜਿੰਨ•ਾਂ ਵਿਚ ਤੱਕ ਨੌਜਵਾਨ ਤਬਕਾ ਵਾਤਾਵਰਣ ਨੂੰ ਬਚਾਉਣ ਦੀ ਸਹੁੰ ਨਹੀਂ ਖਾ ਲੈਂਦਾ ਉਸ ਸਮੇਂ ਤੱਕ ਇਸ ਦਿਸ਼ਾ ਵਿਚ ਬਹੁਤਾ ਕੁਝ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਨੌਜਵਾਨ ਅਜਿਹੀ ਸ਼ਕਤੀ ਹਨ ਜਿਹੜੀ ਜੋ ਵੀ ਮਿੱਥ ਲੈਂਦੀ ਹੈ ਹਾਸਲ ਕਰਕੇ ਹੀ ਰਹਿੰਦੀ ਹੈ।
ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਅਦਾਲਤੀ ਦਖ਼ਲਅੰਦਾਜ਼ੀ ਦੇ ਰੋਲ ਸਬੰਧੀ ਬੋਲਦਿਆਂ, ਜਸਟਿਸ ਸਵਤੰਤਰ ਕੁਮਾਰ ਨੇ ਕਿਹਾ ਕਿ ਇਸ ਦੀ ਭੂਮਿਕਾ ਦਾ ਇੱਕ ਦਾਇਰਾ ਹੈ, ਪਰ ਕਈ ਕੇਸਾਂ ਵਿਚ ਇਸ ਦਾ ਬਹੁਤ ਫਾਇਦਾ ਹੋਇਆ ਹੈ। ਪਰ ਉਹਨਾਂ ਨਾਲ ਹੀ ਕਿਹਾ ਕਿ ਇਸ ਸਮੱਸਿਆ ਤੋਂ ਨਿਜਾਤ ਤਾਂ ਫਿਰ ਹੀ ਪਾਈ ਜਾ ਸਕਦੀ ਹੈ ਜੇ ਹਰ ਵਿਅਕਤੀ ਆਪਣੀ ਆਪਣੀ ਜ਼ਿਮੇਵਾਰੀ ਤਨਦੇਹੀ ਨਾਲ ਨਿਭਾਵੇ। ਜਸਟਿਸ ਸਵਤੰਤਰ ਕੁਮਾਰ ਨੇ ਮੁਲਕ ਵਾਸੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਅਸੀਂ ਕੁਦਰਤ ਨਾਲ ਕੀਤਾ ਜਾ ਰਿਹਾ ਖਿਲਵਾੜ ਬੰਦ ਨਾ ਕੀਤਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਕੁਦਰਤ ਆਪਣੀ ਖੇਡ ਖੇਡ ਕੇ ਸਾਨੂੰ ਭਿਆਨਕ ਸਜ਼ਾ ਦੇਵੇਗੀ। ਉਹਨਾਂ ਇਸ ਮੌਕੇ ਨੌਜਵਾਨਾਂ ਨੂੰ ਅੱਜ ਤੋਂ ਹੀ ਪ੍ਰਦੂਸ਼ਣ ਦੀ ਰੋਕਥਾਮ ਤੇ ਕੁਦਰਤੀ ਵਾਤਾਵਰਣ ਨੂੰ ਬਚਾਉਣ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਸਹੁੰ ਚੁਕਾਈ ਅਤੇ ਯੂਨੀਵਰਸਿਟੀ ਕੈਂਪਸ ਵਿਚ ਇੱਕ ਦਰਖਤ ਵੀ ਲਾਇਆ।
ਡਾਇਲਾਗ ਹਾਈਵੇ ਦੇ ਸੰਸਥਾਪਕ ਟਰਸਟੀ ਸ਼੍ਰੀ ਦਵਿੰਦਰ ਸ਼ਰਮਾ ਨੇ ਇਸ ਸਮਾਗਮ ਵਿਚ ਦਿੱਤੇ ਆਪਣੇ ਮੁੱਖ ਭਾਸ਼ਨ ਵਿਚ ਕਿਹਾ ਕਿ ਵਾਤਾਵਰਣ ਅਨੁਸਾਰੀ ਭਾਰਤੀ ਸਭਿਅਤਾ ਤੋਂ ਮੂੰਹ ਮੋੜ ਕੇ ਅੰਨੇਵਾਹ ਪੱਛਮੀ ਤਰਜ਼ੇ-ਜ਼ਿੰਦਗੀ ਅਤੇ ਵਿਕਾਸ ਮਾਡਲ ਅਪਣਾ ਕੇ ਅਸੀਂ ਆਪਣਾ ਕੁਦਰਤੀ ਵਾਤਾਵਰਣ ਤਬਾਹ ਕਰ ਲਿਆ ਹੈ। ਉਹਨਾਂ ਕਿਹਾ ਕਿ ਭਾਰਤੀ ਸਭਿਅਤਾ ਵਿਚ ਧਰਤੀ, ਹਵਾ ਤੇ ਪਾਣੀ ਵਰਗੇ ਕੁਦਰਤੀ ਤੱਤਾਂ ਦਾ ਸਤਿਕਾਰ ਕਰਨਾ ਸਿਖਾਇਆ ਜਾਂਦਾ ਸੀ ਜਿਹੜਾ ਹੁਣ ਨਹੀਂ ਰਿਹਾ। ਉਹਨਾਂ ਗਰੀਨ ਟ੍ਰਿਬਿਊਨਲ ਦੇ ਚੇਅਰਮੈਨ ਤੋਂ ਮੰਗ ਕੀਤੀ ਕਿ ਹਰ ਸ਼ਹਿਰ ਵਿਚ ਉਥੋਂ ਦੀ ਆਬਾਦੀ ਦੇ ਹਿਸਾਬ ਨਾਲ ਦਰਖਤਾਂ ਦੀ ਹੋਂਦ ਦੀ ਗਿਣਤੀ ਵੀ ਮਿੱਥੀ ਜਾਵੇ। ਦਰਖਤਾਂ ਦੀ ਮਹੱਤਤਾ ਦਸਦਿਆਂ, ਉਹਨਾਂ ਕਿਹਾ ਕਿ ਨਿੰਮ ਦੇ ਦਰਖਤ ਵਿਚ ਘੱਟੋ ਘੱਟ ਇਕ ਸੌ ਬੀਮਾਰੀ ਦਾ ਇਲਾਜ ਕਰਨ ਦੇ ਗੁਣ ਹਨ ਅਤੇ ਇਹ ਦਰਖਤ ਆਪਣੇ ਹੇਠਾਂ ਦੀ ਤਪਸ਼ ਨੂੰ ਦਸ ਡਿਗਰੀ ਘਟਾ ਦੇਣ ਦੇ ਸਮਰੱਥ ਹੈ। ਉਹਨਾਂ ਨੌਜਵਾਨਾਂ ਨੂੰ ਦਰਖਤ ਲਾਉਣ ਅਤੇ ਉਹਨਾਂ ਨੂੰ ਪਾਲਣ ਦੀ ਅਪੀਲ ਵੀ ਕੀਤੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਮਨਪ੍ਰੀਤ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅੱਜ ਸ਼ੁਰੂ ਕੀਤੀ ਗਈ ਵਾਤਾਵਰਣ ਜਾਗਰੂਕਤਾ ਮੁਹਿੰਮ ਨੂੰ ਪਿੰਡ ਪੱਧਰ ਦੇ ਸਕੂਲ ਤੱਕ ਲਿਜਾ ਕੇ ਪੰਜਾਬ ਦੇ ਹਰ ਵਿਦਿਆਰਥੀ ਨੂੰ ਪ੍ਰਦੂਸ਼ਣ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਪੂਰੀ ਤਰਾਂ ਦ੍ਰਿ•ੜ ਹੈ।
ਪ੍ਰੋਗਰਾਮ ਦੇ ਸ਼ੁਰੂ ਵਿਚ ਚੰਡੀਗੜ• ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਆਪਣੇ ਸਵਾਗਤੀ ਭਾਸ਼ਨ ਵਿਚ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਨੂੰ ਕੁਦਰਤੀ ਵਾਤਾਵਰਣ ਤੇ ਕੁਦਰਤੀ ਸਾਧਨਾਂ ਨੂੰ ਬਚਾਉਣ ਲਈ ਜਾਗਰੂਕ ਕਰਨ ਲਈ ਕੀਤੇ ਜਾਂਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਯੂਨੀਵਰਸਿਟੀ ਹਰ ਉਹ ਕਦਮ ਚੁੱਕਣ ਲਈ ਤਿਆਰ ਹੈ ਜਿਸ ਨਾਲ ਵਾਤਾਵਰਣ ਜਾਗਰੂਕਤਾ ਪੈਦਾ ਹੁੰਦੀ ਹੋਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਿਮਾਚਲ ਪਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ਼੍ਰੀ ਕੁਲਦੀਪ ਪਠਾਣੀਆ, ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਐਸ. ਨਰਾਇਣਨ, ਚੰਡੀਗੜ• ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਵਾਈਸ ਚੇਅਰਮੈਨ ਸ੍ਰੀ ਸੰਤੋਸ਼ ਕੁਮਾਰ, ਪ੍ਰਸਿੱਧ ਵਕੀਲ ਰੀਟਾ ਕੋਹਲੀ ਅਤੇ ਜੇ.ਕੇ. ਸੂਰੀ ਨੇ ਵੀ ਸੰਬੋਧਨ ਕੀਤਾ।  ਸਮਾਗਮ ਦੇ ਦੁਪਹਿਰ ਬਾਅਦ ਹੋਏ ਤਕਨੀਕੀ ਸੈਸ਼ਨ ਵਿਚ ਪਿੰਗਲਵਾੜਾ ਦੀ ਮੁੱਖੀ ਬੀਬੀ ਇੰਦਰਜੀਤ ਕੌਰ, ਖੇਤੀ ਵਿਰਾਸਤ ਮਿਸ਼ਨ ਦੇ ਸੰਸਥਾਪਕ ਉਮਿੰਦਰ ਦੱਤ, ਪ੍ਰਸਿੱਧ ਵਿਗਿਆਨੀ ਡਾ. ਐਮ. ਐਚ. ਵਾਣੀ ਨੇ ਵਿਦਿਆਰਥੀਆਂ ਨਾਲ ਵਾਤਾਵਰਣ ਦੇ ਵੱਖ ਵੱਖ ਪਹਿਲੂਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਦੋਂ ਕਿ ਇਸ ਸੈਸ਼ਨ ਦੀ ਪ੍ਰਧਾਨਗੀ ਪੰਜਾਬ ਐਜੂਕੇਸ਼ਨ ਟ੍ਰਿਨਿਊਨਲ ਦੇ ਚੇਅਰਮੈਨ ਜਸਟਿਸ ਰਾਜੀਵ ਭੱਲਾ ਨੇ ਕੀਤੀ।

LEAVE A REPLY