1ਚੰਡੀਗੜ :  ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ‘ਤੇ ਸੁਪਰੀਮ ਕੋਰਟ ਵਿਚ ਇਕ ਹੋਰ ਪੰਜਾਬ ਵਿਰੋਧੀ ਹਲਫਨਾਮਾ ‘ਨਿਰਪੱਖ’ ਸਟੈਂਡ ਦੀ ਆੜ ਵਿਚ ਦਾਇਰ ਕਰਨ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਇਸ ਸਟੈਂਡ ਨਾਲ ਸਪਸ਼ਟ ਹੋ ਗਿਆ ਹੈ ਕਿ ਸ੍ਰੀ ਕੇਜਰੀਵਾਲ ਪੰਜਾਬ ਨਾਲ ਕਾਂਗਰਸ ਪਾਰਟੀ ਵੱਲੋਂ ਕੀਤੇ ਵਿਤਕਰੇ ਬਾਰੇ ਕੁਝ ਵੀ ਬੋਲਣ ਦੀ ਜੁਰੱਅਤ ਨਹੀਂ ਰੱਖਦੇ।
ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਤੇ ਬੁਲਾਰੇ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਹਨਾਂ ਦੇ ਵਿਚਾਰਾਂ ਅਤੇ ਸਟੈਂਡ ਨੇ ਦੁਨੀਆਂ ਭਰ ਵਿਚ ਬੈਠੇ ਪੰਜਾਬੀਆਂ ਨੂੰ ਹੈਰਾਨ ਕਰ ਦਿੱਤਾ ਹੈ ਤੇ ਇਸ ਨਾਲ ਉਹਨਾਂ ਦੀ ਦਿੱਲੀ ਵਿਚ ਸੱਤਾ ਪ੍ਰਤੀ ਲਾਲਸਾ ਦਾ ਸਿਖ਼ਰ ਉਜਾਗਰ ਹੋ ਗਿਆ ਹੈ। ਡਾ. ਚੀਮਾ ਨੇ ਹੋਰ ਕਿਹਾ ਕਿ ਜੋ ਵਿਅਕਤੀ ਸੱਚ ਨੂੰ ਸੱਚ ਕਹਿਣ ਦਾ ਹੌਂਸਲਾ ਨਹੀਂ ਰੱਖਦਾ, ਉਸ ਤੋਂ ਪੰਜਾਬ ਦੇ ਲੋਕ ਕੀ ਆਸ ਕਰ  ਸਕਦੇ ਹਨ ਅਤੇ ਆਪ ਕਿਸ ਰਾਜ ਦੇ ਉਹਨਾਂ ਲੋਕਾਂ ਨੂੰ ਕਿਸ ਤਰ੍ਹਾਂ ਦੀ ਲੀਡਰਸ਼ਿਪ ਪ੍ਰਦਾਨ ਕਰ ਸਕਦੀ ਹੈ ਜਿਹਨਾਂ ਨੇ ਦਰਿਆਈ ਪਾਣੀਆਂ ਦੇ ਅਧਿਕਾਰ ਤੇ ਖੇਤਰੀ ਮੁੱਦਿਆਂ ‘ਤੇ ਦਹਾਕਿਆਂ ਤੋਂ ਲੰਬਾ ਸੰਘਰਸ਼ ਕੀਤਾ ਹੋਵੇ ਅਤੇ  ਜਿਹਨਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਹਜ਼ਾਰਾਂ ਆਗੂ ਤੇ ਵਰਕਰ ਲੰਬਾ ਸਮਾਂ ਜੇਲ੍ਹ ਵਿਚ ਰਹੇ ਹੋਣ।  ਡਾ. ਚੀਮਾ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਆਗੂਆਂ ਨੂੰ ਆਖਿਆ ਕਿ ਉਹ ਸ੍ਰੀ ਕੇਜਰੀਵਾਲ  ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ‘ਤੇ ਰਾਜ ਦੇ ਲੋਕਾਂ ਨਾਲ ਕੀਤੇ ਤਾਜ਼ਾ ਧੋਖੇ ਤੇ ਵਿਖਾਈ ਕਾਇਰਤਾ ਬਾਰੇ ਲੋਕਾਂ ਨੂੰ ਜਵਾਬ ਦੇਣ।  ਉਹਨਾਂ ਕਿਹਾ ਕਿ ਪਹਿਲਾ ਹਲਫਨਾਮਾ ਦਾਇਰ ਕਰਨ ਵਾਲੇ ਵਕੀਲ ਸ੍ਰੀ ਸੁਰੇਸ਼ ਤ੍ਰਿਪਾਠੀ ਦੇ  ਬਿਆਨ ਨੇ ਸ੍ਰੀ ਅਰਵਿੰਦ ਕੇਜਰੀਵਾਲ ਦੇ ਪਾਖੰਡ ਤੇ ਝੂਠ ਦੇ ਪੁਲੰਦੇ ਨੂੰ ਉਜਾਗਰ ਕੀਤਾ ਹੈ। ਉਹਨਾਂ ਕਿਹਾ ਕਿ ਵਕੀਲ ਵੱਲੋਂ ਅਦਾਲਤ ਵਿਚ ਬਿਆਨ ਦੇਣ ਨੇ ਸਪਸ਼ਟ ਕਰ ਦਿੱਤਾ ਹੈ ਕਿ ਪਹਿਲਾ ਹਲਫਨਾਮਾ ਦਾਇਰ ਕਰਨ ਦਾ ਮਾਮਲਾ ਸ੍ਰੀ ਕੇਜਰੀਵਾਲ ਅਤੇ ਉਹਨਾਂ ਦੀ ਟੀਮ ਦੇ ਧਿਆਨ ਵਿਚ ਸੀ।

LEAVE A REPLY