5ਚੰਡੀਗੜ : ਸੂਬੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਜ਼ਿੰਦਗੀ ਦੀ ਰੱਖਿਆ ਕਰਨ ਵਿੱਚ ਅਸਫਲ ਰਹੀ ਪੰਜਾਬ ਦੀ ਮੌਜੂਦਾ ਸਰਕਾਰ ਦੀ ‘ਆਪ’ ਨੇ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਬੀਤੇ ਦਿਨੀ ਮੰਗਲਵਾਰ ਨੂੰ ਵਾਪਰੀ ਇੱਕ ਘਟਨਾ ਵਿਚ ਕਿਸਾਨ ਬਲਜੀਤ ਸਿੰਘ ਅਤੇ ਉਸ ਦੀ ਅਧੇੜ ਉਮਰ ਦੀ ਮਾਂ ਬਲਵੀਰ ਕੌਰ ਨੇ ਕਥਿਤ ਤੌਰ ‘ਤੇ ਬਰਨਾਲਾ ਦੇ ਪਿੰਡ ਜੋਧਪੁਰ ਵਿਖੇ ਪੁਲਿਸ ਅਤੇ ਮਾਲ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ ਜਿਸਦਾ ਕਾਰਨ ਉਕਤ ਕਿਸਾਨ ਵੱਲੋਂ ਇੱਕ ਕਮੀਸ਼ਨ ਏਜੰਟ ਤੋਂ ਲਿਆ ਗਿਆ ਕਰਜ਼ਾ ਵਾਪਸ ਮੋੜਨ ‘ਚ ਅਸਮਰਥ ਹੋਣਾ ਹੈ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਗਰੂਰ ਤੋਂ ਸਾਂਸਦ ਮੈਂਬਰ ਭਗਵੰਤ ਮਾਨ ਨੇ ਕਿਹਾ, ”ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਅਤੇ ਇਸਦਾ ਅਸਲ ਕਾਰਨ ਸੂਬੇ ਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਹਨ, ਜਿਸ ਦੇ ਸਿੱਟੇ ਵਜੋਂ ਕਿਸਾਨ ਜਿਉਣ ਤੋਂ ਅਸਮਰਥ ਮਹਿਸੂਸ ਕਰ ਰਹੇ ਹਨ। ਸੂਬੇ ਦੇ 94 ਫੀਸਦੀ ਕਿਸਾਨ 5 ਏਕੜ ਜਾਂ ਇਸ ਤੋਂ ਘੱਟ ਜ਼ਮੀਨ ਦੇ ਮਾਲਕ ਹਨ ਅਤੇ ਅਜਿਹੇ ਸਮੇਂ ਵਿਚ ਛੋਟੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਬਚਾਉਣ ਲਈ ਇੱਕ ਖਾਸ ਕਿਸਮ ਦੀ ਨੀਤੀ ਤਿਆਰ ਕਰਨ ਦੀ ਸਖਤ ਲੋੜ ਹੈ।”
”ਪੰਜਾਬ ਦੇ ਦੌਰੇ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਪੱਤਰ ਲਿਖ ਕੇ ਬਾਦਲ ਸਾਹਿਬ ਨੂੰ ਬੈਂਕਾਂ ਨੂੰ ਇਹ ਅਪੀਲ ਕਰਨ ਲਈ ਕਿਹਾ ਸੀ ਕਿ ਇਕ ਸਾਲ ਦੇ ਸਮੇਂ ਲਈ ਕਰਜ਼ਈ ਕਿਸਾਨਾਂ ਦੀਆਂ ਜਮੀਨਾਂ ਦੀ ਕੁਰਕੀ ਬੰਦ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ, ਪਰੰਤੂ ਬਾਦਲ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਹੁਣ ਬੈਂਕ ਨੇ ਕਰਜ਼ਈ ਕਿਸਾਨਾਂ ਦੀਆਂ ਫੋਟੋਆਂ ਬੈਂਕਾਂ ਦੇ ਬਾਹਰ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜੋ ਕਿ ਹੋਰ ਵੀ ਸ਼ਰਮਿੰਦਗੀ ਵਾਲੀ ਗੱਲ ਹੈ।”
ਪਾਰਟੀ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਬੁਲਾਰੇ ਹਿੰਮਤ ਸਿੰਘ ਸ਼ੇਰਗਿੱਲ ਨੇ ਮ੍ਰਿਤਕ ਕਿਸਾਨ ਦੇ ਘਰ ਦਾ ਦੌਰਾ ਕੀਤਾ ਅਤੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿਵਾਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੇਰਗਿੱਲ ਨੇ ਕਿਹਾ, ”ਇਸ ਤੋਂ ਵੱਡੀ ਦੁੱਖਦਾਈ ਗੱਲ ਹੋਰ ਕੀ ਹੋ ਸਕਦੀ ਹੈ ਕਿ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਾਹਮਣੇ ਕਿਸਾਨ ਖ਼ੁਦਕੁਸ਼ੀ ਕਰ ਲੈਂਦਾ ਹੈ? ਸੁਖਬੀਰ ਬਾਦਲ ਨੂੰ ਆਪਣੀਆਂ ਮਾੜੀ ਨੀਤੀਆਂ ਕਾਰਨ ਸੂਬੇ ਦੇ ਕਿਸਾਨਾਂ ਦੀ ਹੱਤਿਆ ਕਰਨ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।” ‘ਆਪ’ ਨੇ ਕਮਿਸ਼ਨ ਏਜੰਟ ਅਤੇ ਉਸਦੇ ਸਾਥੀਆਂ ਨੂੰ ਕਿਸਾਨ ਨੂੰ ਆਤਮ ਹੱਤਿਆ ਕਰ ਲਈ ਮਜਬੂਰ ਕਰਨ ਤੇ ਉਨ੍ਹਾਂ ਦੇ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਪਾਰਟੀ ਨੇ ਮ੍ਰਿਤਕ ਕਿਸਾਨ ਦੀ ਮਦਦ ਨਾ ਕਰਨ ਅਤੇ ਉਸ ਨੂੰ ਆਤਮ ਹੱਤਿਆ ਕਰਦਿਆਂ ਦੇਖਣ ਵਾਲੀ ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਵੀ ਕਈ ਸਵਾਲੀਆ ਨਿਸ਼ਾਨ ਖੜੇ ਕੀਤੇ।

LEAVE A REPLY