7ਚੰਡੀਗੜ :  ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ਛੇ ਵਿਧਾਇਕਾਂ ਨੂੰ ਮੁੱਖ ਸੰਸਦੀ ਸਕੱਤਰ ਵਜੋਂ ਅਹੁਦਾ ਤੇ ਭੇਦ ਗੁਪਤ ਰੱਖਣ ਦਾ ਹਲਫ਼ ਦਿਵਾਇਆ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਸੰਸਦੀ ਸਕੱਤਰ ਵਜੋਂ ਸਹੁੰ ਚੁੱਕਣ ਵਾਲੇ ਛੇ ਵਿਧਾਇਕਾਂ ਵਿੱਚ ਚਾਰ ਸ਼੍ਰੋਮਣੀ ਅਕਾਲੀ ਦਲ ਦੇ ਅਤੇ ਦੋ ਵਿਧਾਇਕ ਭਾਰਤੀ ਜਨਤਾ ਪਾਰਟੀ ਦੇ ਹਨ। ਨਵੇਂ ਬਣੇ ਮੁੱਖ ਸੰਸਦੀ ਸਕੱਤਰਾਂ ਨੂੰ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਹਲਫ਼ ਦਿਵਾਇਆ ਗਿਆ ਜਿਨ੍ਹਾਂ ਵਿੱਚ ਸ. ਗੁਰਤੇਜ ਸਿੰਘ ਘੁੜਿਆਣਾ, ਸ. ਮਨਜੀਤ ਸਿੰਘ ਮੀਆਂਵਿੰਡ, ਸ. ਦਰਸ਼ਨ ਸਿੰਘ ਸ਼ਿਵਾਲਿਕ ਤੇ ਸ. ਗੁਰਪ੍ਰਤਾਪ ਸਿੰਘ ਵਡਾਲਾ (ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ) ਅਤੇ ਸ੍ਰੀਮਤੀ ਸੁਖਜੀਤ ਕੌਰ ਸਾਹੀ ਤੇ ਸ੍ਰੀਮਤੀ ਸੀਮਾ ਕੁਮਾਰੀ (ਦੋਵੇਂ ਭਾਜਪਾ ਵਿਧਾਇਕ) ਸ਼ਾਮਲ ਹਨ। ਇਸ ਦੌਰਾਨ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਨੇ ਸਹੁੰ ਚੁੱਕ ਸਮਾਗਮ ਦੀ ਕਾਰਵਾਈ ਚਲਾਈ। ਇਸ ਮੌਕੇ ਸਮਾਜਿਕ ਸੁਰੱਖਿਆ ਤੇ ਸ਼ਸ਼ਕਤੀਕਰਨ ਬਾਰੇ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਵਿਜੈ ਸਾਂਪਲਾ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ੍ਰੀ ਦਿਨੇਸ਼ ਸਿੰਘ, ਚੁੰਨੀ ਲਾਲ ਭਗਤ, ਜਥੇਦਾਰ ਤੋਤਾ ਸਿੰਘ, ਡਾ. ਦਲਜੀਤ ਸਿੰਘ ਚੀਮਾ, ਸ. ਜਨਮੇਜਾ ਸਿੰਘ ਸੇਖੋਂ, ਸ. ਅਜੀਤ ਸਿੰਘ ਕੋਹਾੜ, ਸ. ਸ਼ਰਨਜੀਤ ਸਿੰਘ ਢਿੱਲੋਂ ਤੇ ਸ. ਗੁਲਜ਼ਾਰ ਸਿੰਘ ਰਣੀਕੇ (ਸਾਰੇ ਕੈਬਨਿਟ ਮੰਤਰੀ) ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਲੀਡਰ ਤੇ ਵਰਕਰ ਅਤੇ ਅਧਿਕਾਰੀ ਹਾਜ਼ਰ ਸਨ। ਨਵੇਂ ਬਣੇ ਮੁੱਖ ਸੰਸਦੀ ਸਕੱਤਰਾਂ ਦੇ ਪਰਿਵਾਰਕ ਮੈਂਬਰ, ਦੋਸਤ-ਮਿੱਤਰ ਤੇ ਸਮਰਥਕ ਵੀ ਮੌਜੂਦ ਸਨ।

LEAVE A REPLY