3ਚੰਡੀਗੜ : ਸਥਾਨਕ ਸਰਕਾਰ ਵਿਭਾਗ ਵੱਲੋਂ ਪੰਜਾਬ ਰਾਜ ਦੀਆਂ ਸਮੂਹ ਨਗਰ ਨਿਗਮਾਂ/ਨਗਰ ਕੌਂਸਿਲਾਂ/ਨਗਰ ਪੰਚਾਇਤਾਂ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਰੋਕਣ ਲਈ ਸਾਰੇ ਸ਼ਹਿਰਾਂ ਵਿੱਚ ਸਿੱਧੀਆਂ ਪਾਈਪਾਂ ਲਗਾ ਕੇ ਗੱਡੀਆਂ/ਵਿਹੜੇ ਧੌਣ ਵਾਲਿਆਂ ਵਿਰੁੱਧ ਪਹਿਲੀ ਵਾਰ ਉਲੰਘਣਾ ਕਰਨ ਤੇ 1000/- ਰੁਪਏ, ਦੂਜੀ ਵਾਰ ਉਲੰਘਣਾ ਕਰਨ ਤੇ 2000/- ਰੁਪਏ ਜੁਰਮਾਨਾ ਅਤੇ ਤੀਸਰੀ ਵਾਰ ਉਲੰਘਣਾ ਕਰਨ ਤੇ ਉਸ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ ਅਤੇ 5000/- ਰੁਪਏ ਜੁਰਮਾਨਾ ਵਸੂਲ ਕਰਨ ਉਪਰੰਤ ਦੁਬਾਰਾ ਕੁਨੈਕਸ਼ਨ ਜੋੜਿਆ ਜਾਵੇਗਾ।  ਇਹ ਜਾਣਕਾਰੀ ਦਿੰਦਿਆਂ ਅਨਿਲ ਜੋਸ਼ੀ, ਸਥਾਨਕ ਸਰਕਾਰ ਮੰਤਰੀ ਨੇ ਦੱਸਿਆ ਕਿ ਬੂਟਿਆਂ ਬਗੀਚਿਆਂ ਨੂੰ ਪਾਈਪ ਨਾਲ ਪਾਣੀ ਦੀ ਵਰਤੋਂ ਸ਼ਾਮ ਪੰਜ ਵਜੇ ਤੋਂ ਬਾਅਦ ਹੀ ਕੀਤੀ ਜਾ ਸਕੇਗੀ। ਮੰਤਰੀ ਜੀ ਵੱਲੋਂ ਇਹ ਅਪੀਲ ਵੀ ਕੀਤੀ ਗਈ ਹੈ ਕਿ ਪਾਣੀ ਦੀ ਕਿੱਲਤ ਨੂੰ ਵੇਖਦਿਆਂ ਹੋਇਆਂ ਸਮੂਹ ਨਾਗਰਿਕਾਂ ਦਾ ਫਰਜ਼ ਬਣ ਜਾਂਦਾ  ਹੈ ਕਿ ਪੀਣ ਵਾਲੇ ਪਾਣੀ ਦੀ ਸੰਜਮ ਨਾਲ ਵਰਤੋਂ ਕੀਤੀ ਜਾਵੇ ਤਾਂ ਜੋ ਪਾਣੀ ਦੀ ਉਪਲਬਧਤਾ ਬਾਰੇ ਕੋਈ ਪ੍ਰੇਸ਼ਾਨੀ ਨਾ ਆਵੇ ਅਤੇ ਭਵਿੱਖ ਵਿੱਚ ਪਾਣੀ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ।
ਮੰਤਰੀ ਵੱਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਇਸ ਬਾਰੇ ਹਰ ਪੰਦਰਵਾੜਾ ਰਿਪੋਰਟ ਮੁੱਖ ਦਫਤਰ ਨੂੰ ਭੇਜੀ ਜਾਵੇ ਜਿਸ ਵਿੱਚ ਇਹ ਦਰਸਾਇਆ ਜਾਵੇ ਕਿ ਇਸ ਅਧਿਕਾਰੀ ਵੱਲੋਂ ਕਿੰਨੇ ਵਾਰ ਕਿੱਥੇ-ਕਿੱਥੇ ਚੈਕਿੰਗ ਕੀਤੀ ਗਈ ਅਤੇ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਤੇ ਕਿੰਨਾ-ਕਿੰਨਾ ਜੁਰਮਾਨਾ ਲਗਾਇਆ ਗਿਆ ਹੈ।
ਇਸ ਦੇ ਨਾਲ ਹੀ ਵੱਧ ਰਹੀ ਗਰਮੀ ਨੂੰ ਵੇਖਦਿਆਂ ਹੋਇਆਂ ਮੰਤਰੀ ਜੀ ਵੱਲੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਨ੍ਹਾਂ ਦੇ ਅਧੀਨ ਆਉਂਦੇ ਫਾਇਰ ਦੇ ਅਮਲੇ ਨੂੰ ਮੁਸਤੈਦ ਰਹਿਣ ਲਈ ਲਿਖਿਆ ਜਾਵੇ ਅਤੇ ਨਾਲ ਹੀ ਜਿੱਥੇ ਕਿਤੇ ਲੋੜੀਂਦੇ ਸਾਧਨ ਦੀ ਘਾਟ ਹੋਵੇ, ਉਹ ਵੀ ਪੂਰੀ ਕਰ ਲਈ ਜਾਵੇ।

LEAVE A REPLY