3ਸੁਲਤਾਨਪੁਰ ਲੋਧੀ, 30 ਅਪ੍ਰੈਲ: ਪਿੰਡਾਂ ਦੇ ਗੰਦੇ ਪਾਣੀਆਂ ਨੂੰ ਖੇਤੀਬਾੜੀ ਲਈ ਵਰਤੇ ਜਾਣ ਲਈ ਸਥਾਪਿਤ ਕੀਤੇ ਗਏ ‘ਸੀਚੇਵਾਲ ਮਾਡਲ’ ਨੂੰ ਉਤਰਖੰਡ ਦੀਆਂ ਪਹਾੜੀਆਂ ‘ਤੇ ਲਾਗੂ ਕੀਤਾ ਜਾਵੇਗਾ। ਉਤੌਰਾਖੰਡ ਵਿੱਚ ਗੰਗਾ ਅਤੇ ਅਲਕਨੰਦਾ ਨਦੀਆਂ ਕਿਨਾਰੇ ਦੀਆਂ ਪੰਚਾਇਤਾਂ ਆਪੋ – ਆਪਣੇ ਪਿੰਡਾਂ ਦੇ ਪਾਣੀਆਂ ਨੂੰ ਬਾਗਬਾਨੀ ਲਈ ਵਰਤਣਗੀਆਂ । ਗੰਗਾ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੇ ਜੰਗ ਅਭਿਆਸ ਦੇ ਪਹਿਲੇ  ਪੜਾਅ ਦੌਰਾਨ ਉਤੌਰਾਖੰਡ ਦੀਆਂ ੨੨ ਪੰਚਾਇਤਾਂ ਨੇ ਪਿੰਡ ਸੀਚੇਵਾਲ ਦਾ ਦੌਰਾ ਕੀਤਾ।
ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕਰਕੇ ਦੂਸ਼ਿਤ ਪਾਣੀਆਂ ਨੂੰ ਦੇਸੀ ਢੰਗ ਨਾਲ ਸੋਧ ਕੇ ਖੇਤੀ ਲਈ ਵਰਤੇ ਜਾਣ ਦੇ ਗੁਰ ਉਤਰਖੰਡ ਤੋਂ ਆਈਆਂ ਪੰਚਾਇਤਾਂ ਨੂੰ ਸਿਖਾਉਂਦਿਆ ਕਿਹਾ ਕਿ ਸਾਡਾ ਦੇਸ਼ ਖੇਤੀ ਪ੍ਰਧਾਨ ਦੇਸ਼ ਹੈ ਤੇ ਇੱਥੇ ਪਾਣੀ ਦੀ ਕਿਲੱਤ ਨੂੰ ਦੂਰ ਕਰਨ ਦਾ ਸਰਲ ਤੇ ਸਸਤਾ ਢੰਗ ਤਾਰੀਕਾ ਇਹੋ ਹੀ ਹੈ ਕਿ ਪਿੰਡਾਂ ‘ਤੇ ਸ਼ਹਿਰਾਂ ਦੇ ਗੰਦੇ ਪਾਣੀਆਂ ਨੂੰ ਸੋਧ ਕੇ ਖੇਤੀ ਲਈ ਵਰਤਿਆ ਜਾਵੇ।ਇਸ ਢੰਗ ਨਾਲ ਧਰਤੀ ਹੇਠਲਾ ਪਾਣੀ ਤੇ ਬਿਜਲੀ ਦੀ ਬੱਚਤ ਦੇ ਨਾਲ-ਨਾਲ  ਰਸਾਇਣਕ ਖਾਦਾਂ ਦੀ ਵਰਤੋਂ ਵੀ  ਘਟੇਗੀ ਜਿਸ ਦਾ ਸਿੱਧਾ ਲਾਭ ਕਿਸਾਨਾਂ ਨੂੰ ਹੋਵੇਗਾ।
ਉਤਰਖੰਡ ਦੇ ਗੜਵਾਲ ਖਿੱਤੇ ਵਿੱਚੋਂ ਆਈ ਪਿੰਡ ਸ਼੍ਰੀਕੋਟ ਗੰਗਾ ਨਾਲੀ ਦੀ ਸਰਪੰਚ ਸ਼੍ਰੀਮਤੀ ਰਾਜੇਸ਼ਵਰੀ ਰਾਵਤ ਨੇ ਦੱਸਿਆ ਕਿ ਉਨ੍ਹਾ ਦੇ ਪਿੰਡ ਦੀ ਅਬਾਦੀ ੧੦ ਹਾਜ਼ਾਰ ਦੇ ਕਰੀਬ ਹੈ।ਇਹ ਪਿੰਡ ਅਲਕਨੰਦਾ ਨਦੀ ਤੋਂ ਸਿਰਫ ੫੦ ਕੁ ਮੀਟਰ ਹੀ ਦੂਰ ਹੈ ਤੇ ਪਿੰਡ ਦਾ ਸਾਰਾ ਗੰਦਾ ਪਾਣੀ ਨਦੀ ਜਾ ਰਿਹਾ ਹੈ ਜੋ ਅੱਗੇ ਜਾ ਕੇ ਗੰਗਾ ਨਾਲ ਮਿਲਦੀ ਹੈ। ਉਨ੍ਹਾ ਦੱਸਿਆ ਕਿ ਸੀਚੇਵਾਲ ਮਾਡਲ ਦੀ ਤਰਜ਼ ‘ਤੇ ਪਿੰਡ ਦੇ ਚਾਰ ਪਾਸਿਆ ‘ਤੇ ਛੋਟੇ-ਛੋਟੇ ਤਲਾਬ ਬਣਾ ਕੇ ਉਸ ਪਾਣੀ ਨੂੰ ਬਾਗਵਾਨੀ ਲਈ ਵਰਤਿਆ ਜਾਵੇਗਾ।ਰਾਜੇਸ਼ਵਰੀ ਨੇ ਦਾਅਵਾ ਕੀਤਾ ਕਿ ਇਹ ਮਾਡਲ ਹੀ ਦੇਸ਼ ਵਿੱਚੋਂ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਸਹਾਈ ਹੋ ਸਕਦਾ ਹੈ।
ਗੜਵਾਲ ਦੇ ਇੱਕ ਹੋਰ ਪਿੰਡ ਰੇਵੜੀ ਦੇ ਸਰਪੰਚ ਵਿਕਰਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਅਬਾਦੀ ੧੫੦੦ ਦੇ ਕਰੀਬ ਹੈ ਤੇ ਇਹ ਪਿੰਡ ਵੀ ਐਨ ਨਦੀ ਕਿਨਾਰੇ ਹੈ। ‘ਸੀਚੇਵਾਲ ਮਾਡਲ’ ਨੂੰ ਦੇਖਕੇ ਇਹ ਭਰੋਸਾ ਬੱਝਾ ਹੈ ਕਿ ਉਨ੍ਹਾ ਦੇ ਪਿੰਡ ਦਾ ਗੰਦਾ ਪਾਣੀ ਹੁਣ ਗੰਗਾ ਵਿੱਚ ਜਾਣ ਦੀ ਥਾਂ ਰੁੱਖਾਂ ਲਈ ਕੰਮ ਆਵੇਗਾ।
ਬਾਗੀ ਪਿੰਡ ਦੇ ਸਰਪੰਚ ਰਮੇਸ਼ ਦਾ ਕਹਿਣਾ ਸੀ ਕਿ ਭਾਵੇ ਉਨ੍ਹਾ ਦੇ ਪਿੰਡ ਦੀ ਅਬਾਦੀ ਮਹਿਜ਼ ੫੦੦ ਦੇ ਕਰੀਬ ਹੈ ਪਰ ਗੰਦਾ ਪਾਣੀ ਗੰਗਾ ਵਿੱਚ ਜਾਣ ਦਾ ਉਨ੍ਹਾ ਨੂੰ ਬੁਹਤ ਦੁੱਖ ਹੁੰਦਾ ਹੈ।ਸੀਚੇਵਾਲ ਤੇ ਸੁਲਤਾਨਪੁਰ ਦੇ ਮਾਡਲਾਂ ਨੂੰ ਦੇਖਕੇ ਮਹਿਸੂਸ ਹੋਇਆ ਕਿ ਕੋਈ ਵੀ ਕੰਮ ਅਸੰਭਵ ਨਹੀਂ ਹੁੰਦਾ।
ਇਸ ਵਫਦ ਨੇ ਸੁਲਤਾਨਪੁਰ ਦੇ ਚੰਡੀਗੜ੍ਹ ਮਹੁੱਲੇ ਦੇ ਗੰਦੇ ਪਾਣੀਆਂ ਨੂੰ ਸੋਧਣ ਵਾਲਾ ਦੇਸੀ ਪਲਾਂਟ ਵੀ ਦੇਖਿਆ ਜਿਸ ‘ਤੇ ਕੋਈ ਬਹੁਤ ਵੱਡਾ ਖਰਚਾ ਨਹੀਂ ਆਇਆ।ਸੁਲਤਾਨਪੁਰ ਟਰੀਟਮੈਂਟ ਪਲਾਂਟ ‘ਤੇ ਉਹ ਕਿਸਾਨ ਵੀ ਆਏ ਹੋਏ ਸਨ ਜਿਹੜੇ ਇਸ ਸੋਧੇ ਹੋਏ ਪਾਣੀ ਦੀ ਮੰਗ ਕਰ ਰਹੇ ਸਨ। ਵਫਤਦ ਨੂੰ ਪਵਿੱਤਰ ਵੇਈਂ ਦੀ ਕਾਰ ਸੇਵਾ ਰਾਹੀ ਕਰਵਾਈ ਸਫਾਈ ਬਾਰੇ ਬਣੀ ਦਸਤਾਵੇਜ਼ੀ ਫਿਲਮ ਵੀ ਦਿਖਾਈ।ਇਸ ਮੌਕੇ ਨਮਾਮੀ ਗੰਗਾ ਵਿਭਾਗ ਦੇ ਅਧਿਕਾਰੀ ਵੀ ਆਏ ਹੋਏ ਸਨ।

LEAVE A REPLY