1ਚੰਡੀਗੜ : ਦਿੱਲੀ ਯੂਨਿਵਰਸਿਟੀ ਦੀਆਂ ਕਿਤਾਬਾਂ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਲਿਖਣ ਵਾਲਿਆਂ ਦੇ ਖਿਲਾਫ ਕਾਰਵਾਈ ਨਾ ਕਰਨ ਤੇ ਕੇਂਦਰੀ ਸਿੱਖਿਆ ਮੰਤਰੀ ਸਮ੍ਰਿਤੀ ਇਰਾਨੀ ਤੇ ਵਰਦਿਆਂ ਆਮ ਆਦਮੀ ਪਾਰਟੀ ਦੇ ਨੇਤਾ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਅਜਿਹਾ ਕਰਕੇ ਮੰਤਰੀ ਨੇ ਦੇਸ਼ ਦੇ ਕਰੋੜਾਂ ਲੋਕਾਂ ਦਾ ਅਪਮਾਨ ਕੀਤਾ ਹੈ। ਉਨ ਕਿਹਾ ਕਿ ਆਪਣਾ ਕੰਮ ਸਹੀ ਢੰਗ ਨਾਲ ਨਾ ਕਰਨ ਕਾਰਣ ਸਮ੍ਰਿਤੀ ਇਰਾਨੀ ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਪਿਛਲੀਆਂ ਪੰਜਾਬ ਅਤੇ ਕੇਂਦਰ ਸਰਕਾਰਾਂ ਦੀ ਆਲੋਚਨਾ ਕਰਦਿਆਂ ਘੁੱਗੀ ਨੇ ਕਿਹਾ ਕਿ ਦੇਸ਼ ਲਈ ਜਾਨ ਕੁਰਬਾਨ ਕਰ ਦੇਣ ਵਾਲਿਆਂ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਗਿਆ। ਉਨਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦ ਹੋਣ ਵਾਲਿਆਂ ਦੇ ਪਰਿਵਾਰ ਦਰ-ਦਰ ਠੋਕਰਾਂ ਖਾਣ ਲਈ ਮਜਬੂਰ ਹੋ ਗਏ ਹਨ।  ਘੁੱਗੀ ਨੇ ਕਿਹਾ, ”ਹੈਰਾਨੀ ਦੀ ਗੱਲ ਹੈ ਕਿ ਇਸ ਦੇਸ਼ ਦੇ ਮਹਾਨ ਸ਼ਹੀਦਾਂ ਦਾ ਵਿਸ਼ਵ ਦੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਤਾਂ ਸਨਮਾਨ ਕੀਤਾ ਜਾਂਦਾ ਹੈ ਪਰੰਤੂ ਉਨਾਂ ਦੇ ਆਪਣੇ ਦੇਸ ਦੀਆਂ ਸਰਕਾਰਾਂ ਸ਼ਹੀਦਾਂ ਨੂੰ ਹਮੇਸ਼ਾ ਅਣਗੋਹਲਿਆਂ ਹੀ ਕਰਦੀਆਂ ਆਈਆਂ ਹਨ।  ਆਪ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਦੀ ਯੂਨਿਵਰਸਿਟੀਆਂ ਵਿਚ ਭਗਤ ਸਿੰਘ ਦੇ ਨਾਮ ਤੇ ਚੇਅਰ ਸਥਾਪਿਤ ਕੀਤੀ ਜਾਵੇਗੀ ਤਾਂ ਜੋ ਨੌਜਵਾਨ ਇਸ ਮਹਾਨ ਸ਼ਹੀਦ ਦੇ ਬਾਰੇ ਹੋਰ ਜਾਣ ਸਕਣ ਅਤੇ ਸ਼ਹੀਦ ਨਾਲ ਸੰਬੰਧਤ ਸਾਰੇ ਤੱਥਾਂ ਤੇ ਖੋਜ ਕੀਤਾ ਜਾ ਸਕੇ। ”
ਘੁੱਗੀ ਨੇ ਕਿਹਾ ਕਿ ਆਜ਼ਾਦੀ ਦੇ 68 ਸਾਲ ਬੀਤ ਜਾਣ ਤੋਂ ਬਾਅਦ ਵੀ ਦੇਸ਼ ਦੇ ਸ਼ਹੀਦੀ ਦੇਣ ਵਾਲਿਆਂ ਦੇ ਨਾਮ ਸ਼ਹੀਦਾਂ ਦੀ ਸੂਚੀ ਵਿਚ ਦਰਜ ਨਹੀਂ ਕੀਤਾ ਗਏ, ਆਪਣੇ ਹੀ ਦੇਸ਼ ਦੀਆਂ ਸਰਕਾਰਾਂ ਵਲੋਂ ਸ਼ਹੀਦਾਂ ਦੀ ਸਾਰ ਨਾ ਲੈਣਾ ਇੱਕ ਘਿਣੌਣਾ ਕਾਰਜ ਹੈ। ਘੁੱਗੀ ਨੇ ਕਿਹਾ ”ਜੇਕਰ ਸ਼ਹੀਦ-ਏ-ਆਜ਼ਮ ਇਕ ਅੱਤਵਾਦੀ ਸਨ ਤਾਂ ਕੇਂਦਰ ਸਰਕਾਰ ਨੇ ਉਨਾਂ ਦਾ ਬੁੱਤ ਭਾਰਤ ਦੀ ਸੰਸਦ ਵਿਚ ਕਿਉਂ ਲਗਾਇਆ ਹੋਇਆ ਹੈ? ਇਥੋਂ ਤੱਕ ਕਿ ਬ੍ਰਿਟੀਸ਼ ਸਰਕਾਰ ਪੱਤਰਾਂ ਵਿਚ ਵੀ ਭਗਤ ਸਿੰਘ ਨੂੰ ‘ਇੱਕ ਸੱਚਾ ਇਨਕਲਾਬੀ’ ਲਿਖਿਆ ਗਿਆ ਹੈ ਪਰੰਤੂ ਉਸਦੇ ਆਪਣੇ ਦੇਸ਼ ਦੇ ਵਾਸੀ ਉਸਨੂੰ ਅੱਤਵਾਦੀ ਵਰਗਾ ਖਿਤਾਬ ਦਿੰਦੇ ਹਨ। ਦਿੱਲੀ ਯੂਨਿਵਰਸਿਟੀ ਦੀਆਂ ਜਿੰਨਾਂ ਕਿਤਾਬਾਂ ਵਿਚ ਭਗਤ ਸਿੰਘ ਨੂੰ ਅੱਤਵਾਦੀ ਕਿਹਾ ਗਿਆ ਹੈ ਉਨਾਂ ਨੂੰ ਬਿਨਾ ਕਿਸੇ ਦੇਰੀ ਦੇ ਹਟਾ ਕੇ ਇਸ ਕੰਮ ਲਈ ਜਿਮੇਵਾਰ ਵਿਅਕਤੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।”

LEAVE A REPLY