default.aspxਨਵੀਂ ਦਿੱਲੀ : ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਉਨਾਂ ਵੱਲੋਂ ਕਿਸਾਨਾਂ ਦੀ ਜਿਨਸ ਲਈ ਕੈਸ਼ ਕਰੈਡਿਟ ਲਿਮਟ ਜਾਰੀ ਕਰਵਾਉਣ ਅਤੇ ਸਹਿਜਧਾਰੀ ਬਿਲ ਨੂੰ ਪਾਸ ਕਰਵਾਉਣ ਲਈ ਉਚੇਚਾ ਧੰਨਵਾਦ ਕੀਤਾ। ਇਹ ਜਾਣਕਾਰੀ ਦਿੰਦੇ ਹੋਏ ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਨੇ ਦੱਸਿਆ ਕਿ ਇਸ ਰਸਮੀ ਧੰਨਵਾਦੀ ਮੀਟਿੰਗ ਦੌਰਾਨ ਸ. ਬਾਦਲ ਨੇ ਪ੍ਰਧਾਨ ਮੰਤਰੀ ਦਾ ਕਿਸਾਨਾਂ ਦੇ ਹਿੱਤ ਵਿੱਚ ਵੱਡਾ ਫੈਸਲਾ ਕਰਵਾਉਣ ਲਈ ਧੰਨਵਾਦ ਕੀਤਾ ਕਿਉਂਕਿ ਉਨਾਂ ਵੱਲੋਂ ਪਿਛਲੇ ਦਿਨੀਂ ਪੰਜਾਬ ਦੇ ਕਿਸਾਨਾਂ ਨੂੰ ਖਰੀਦ ਦੀ ਅਦਾਇਗੀ ਲਈ ਕੈਸ਼ ਕਰੈਡਿਟ ਲਿਮਟ ਜਾਰੀ ਕਰਵਾਉਣ ਸਬੰਧੀ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੇ ਯਤਨਾਂ ਮੁਤਾਬਕ ਖੁਦ ਦਖਲ ਦੇ ਕੇ ਇਹ ਲਿਮਟ ਜਾਰੀ ਕਰਵਾਈ ਸੀ। ਉਪ ਮੁੱਖ ਮੰਤਰੀ ਨੇ ਸ੍ਰੀ ਮੋਦੀ ਨੂੰ ਦੱਸਿਆ ਕਿ ਇਸ ਫੈਸਲੇ ਸਦਕਾ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਜਿਨਸਾਂ ਦੀ ਸਮੇਂ ਸਿਰ ਅਦਾਇਗੀ ਨੂੰ ਯਕੀਨੀ ਬਣਾਇਆ ਹੈ।
ਬਾਦਲ ਨੇ ਸ੍ਰੀ ਮੋਦੀ ਦਾ ਇਸ ਗੱਲੋਂ ਵੀ ਉਚੇਚਾ ਧੰਨਵਾਦ ਕੀਤਾ ਕਿ ਉਨਾਂ ਦੇ ਵਿਸ਼ੇਸ਼ ਯਤਨਾਂ ਸਦਕਾ ਹੀ ਸਹਿਜਧਾਰੀਆਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਪਾਉਣ ਤੋਂ ਰੋਕਣ ਵਾਲਾ ਸੋਧ ਬਿਲ ਦੋਹਾਂ ਸਦਨਾਂ ਵਿੱਚ ਪਾਸ ਕਰਵਾ ਕੇ ਸਿੱਖਾਂ ਦੇ ਇੱਕ ਵੱਡੇ ਮਸਲੇ ਦਾ ਹੱਲ ਕੱਢਿਆ ਹੈ। ਉਨਾਂ ਪ੍ਰਧਾਨ ਮੰਤਰੀ ਨੂੰ ਇਹ ਵੀ ਦੱਸਿਆ ਕਿ ਕਾਂਗਰਸ ਦੀ ਅਗਵਾਈ ਵਾਲੀ ਪਿਛਲੀ ਯੂ.ਪੀ.ਏ. ਸਰਕਾਰ ਨੇ ਇਸ ਮੁੱਦੇ ਉਪਰ ਸਿੱਖਾਂ ਨੂੰ ਕੋਈ ਰਾਹਤ ਦੇਣ ਦੀ ਥਾਂ ਸਗੋਂ ਸਿੱਖਾਂ ਦੇ ਮਸਲਿਆਂ ਵਿੱਚ ਸਿੱਧੀ ਦਖਲਅੰਦਾਜੀ ਕੀਤੀ। ਸ੍ਰੀ ਜੰਗਵੀਰ ਸਿੰਘ ਨੇ ਦੱਸਿਆ ਕਿ ਸ. ਬਾਦਲ ਦੀ ਪ੍ਰਧਾਨ ਮੰਤਰੀ ਨਾ ਇਹ ਮੀਟਿੰਗ ਬਹੁਤ ਹੀ ਖੁਸ਼ੀ ਭਰੇ ਮਹੋਲ ਵਿੱਚ ਹੋਈ ਅਤੇ ਸ੍ਰੀ ਮੋਦੀ ਨੇ ਉਪ ਮੁੱਖ ਮੰਤਰੀ ਨੂੰ ਭਵਿੱਖ ਵਿੱਚ ਵੀ ਪੰਜਾਬ ਅਤੇ ਸਿੱਖ ਮਸਲਿਆਂ ਉਪਰ ਹਰ ਸੰਭਵ ਨਾਲ ਖੜੇ ਹੋਣ ਦਾ ਭਰੋਸਾ ਵੀ ਦਿੱਤਾ ਹੈ।

LEAVE A REPLY