1ਮੋਹਾਲੀ : ਚਉਮਾਜਰਾ ਨਿਵਾਸੀ ਜਗਬੀਰ ਸਿੰਘ ਜੱਗੂ (21) ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਦੇ ਮਾਮਲੇ ‘ਤੇ ਗੰਭੀਰ ਸਵਾਲ ਉਠਾਉਂਦੇ ਹੋਏ ਆਮ ਆਦਮੀ ਪਾਰਟੀ ( ਆਪ ) ਨੇ ਇਸ ਕੇਸ ਵਿਚ ਮੁੜ ਤੋਂ ਜਾਂਚ ਦੀ ਮੰਗੀ ਕੀਤੀ ਹੈ। ਪਾਰਟੀ ਨੇ ਦੋਸ਼ ਲਗਾਇਆ ਕਿ ਇਹ ਮਾਮਲਾ ਪੁਲਿਸ ਵਿਚ ਹਿਰਾਸਤ ਵਿਚ ਮੌਤ ਦਾ ਹੈ ਅਤੇ ਕੇਸ ਵਿਚ ਮੋਹਾਲੀ ਪੁਲਿਸ ਦੀ ਭੂਮਿਕਾ ਸ਼ੱਕ ਦੇ ਦਾਇਰੇ ਵਿਚ ਹੈ।
ਆਮ ਆਦਮੀ ਪਾਰਟੀ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਪਾਰਟੀ ਦੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇ ਪੁਰ ਅਤੇ ਮਹਿਲਾ ਵਿੰਗ ਦੇ ਜੁਆਇੰਟ ਸੈਕਟਰੀ ਸੁਰਿੰਦਰ ਕੌਰ ਨੇ ਕਿਹਾ ਕਿ ਕਿਉਂ ਜੋ ਮਾਮਲਾ ਪੁਲਿਸ ਵਿਚ ਹਿਰਾਸਤ ਵਿਚ ਮੌਤ ਦਾ ਹੈ ਇਸ ਕਰਕੇ ਇਸਦੀ ਜਾਂਚ ਕਿਸੇ ਸੀਨੀਅਰ ਅਧਿਕਾਰੀ ਵਲੋਂ ਕੀਤੀ ਜਾਣੀ ਚਾਹੀਦੀ ਹੈ। ਆਗੂਆਂ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਜੱਗੂ ਦੀ ਮੌਤ ਪੁਲਿਸ ਦੀ ਕੁਟਮਾਰ ਦੌਰਾਨ ਹੋਈ ਅਤੇ ਪੁਲਿਸ ਨੇ ਇਸਨੂੰ ਆਤਮ ਹੱਤਿਆ ਗਰਦਾਨਣ ਲਈ ਖੁਦ ਹੀ ਲਾਸ਼ ਨੂੰ ਥਾਣੇ ਤੋਂ ਕੁਝ ਹੀ ਮੀਟਰ ਦੀ ਦੂਰੀ ਤੇ ਦਰਖੱਤ ਨਾਲ ਟੰਗ ਦਿੱਤਾ ਸੀ।
ਛੋਟੇਪੁਰ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਕੋਲ ਬਹੁਤ ਸਾਰੇ ਅਜਿਹੇ ਸਬੂਤ ਹਨ ਜਿਸਦੇ ਅਨੁਸਾਰ ਉਸਦੇ ਸਰੀਰ ਦੇ ਕੁੱਟਮਾਰ ਦੇ ਨਿਸ਼ਾਨ ਸਾਫ ਦਿਖਾਈ ਦਿੰਦੇ ਸਨ। ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਪੁਲਿਸ ਨੇ ਜੱਗੂ ਨੂੰ ਇਸ ਹੱਦ ਤੱਕ ਕੁਟਿਆ ਕੀ ਉਸਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਮਾਲਕ ਅਤੇ ਪੁਲਿਸ ਦੀ ਇਸ ਕੇਸ ਵਿਚ ਬਰਾਬਰ ਦੀ ਭੂਮਿਕਾ ਹੈ।
ਸੁਰਿੰਦਰ ਕੌਰ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਅਨੁਸਾਰ ਜੱਗੂ ਅਤੇ ਉਸਦੇ ਮਾਲਕ ਵਿਚਕਾਰ ਪੈਸੇ ਦੇ ਲੈਣ-ਦੇਣ ਕਾਰਨ ਤਕਰਾਰ ਹੋਇਆ ਅਤੇ ਜੱਗੂ ਨੂੰ ਲੈ ਕੇ ਥਾਣੇ ਆ ਗਿਆ। ਇਸ ਤੋਂ ਬਾਅਦ ਮਾਲਕ ਦੇ ਕਹਿਣ ‘ਤੇ ਪੁਲਿਸ ਨੇ ਜੱਗੂ ਦੀ ਕੁੱਟਮਾਰ ਕੀਤੀ ਅਤੇ ਥਾਣੇ ਵਿਚ ਹੀ ਉਸਦੀ ਮੌਤ ਹੋ ਗਈ।
ਛੋਟੇਪੁਰ ਨੇ ਕਿਹਾ ਕਿ ਬਾਅਦ ਵਿਚ ਪੀੜਤ ਪਰਿਵਾਰ ਅਤੇ ਆਮ ਲੋਕਾਂ ਦੇ ਦਬਾਅ ਕਾਰਨ ਪੁਲਿਸ ਨੇ ਆਪਣਾ ਪੱਖ ਬਚਾਉਣ ਲਈ ਜੱਗੂ ਦੇ ਮਾਲਕ ‘ਤੇ ਆਤਮ ਹੱਤਿਆ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ ਨਾ ਮਿਲਣ ਦੀ ਸੂਰਤ ਵਿਚ ਆਮ ਆਦਮੀ ਪਾਰਟੀ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਧਰਨੇ ਪ੍ਰਦਰਸ਼ਨ ਕਰੇਗੀ। ਛੋਟੇਪੁਰ ਨੇ ਪੀੜਤ ਪਰਿਵਾਰ ਨੂੰ ਵਿਸ਼ਵਾਸ਼ ਦਿਵਾਇਆ ਕੀ ਪਾਰਟੀ ਹਰ ਹਾਲਤ ਵਿਚ ਉਨ੍ਹਾਂ ਦੇ ਨਾਲ ਖੜੇਗੀ।

LEAVE A REPLY