sports-news-300x150ਨਵੀਂ ਦਿੱਲੀ: ਨਵੇਂ ਚਿਹਰਿਆਂ ਨੂੰ ਪਹਿਚਾਣ ਦਾ ਮੰਚ ਦੇਣ ਲਈ ਮਸ਼ਹੂਰ ਆਈ. ਪੀ. ਐੱਲ. ਹਰ ਵਾਰ ਕਿਸੇ ਨਾ ਕਿਸੇ ਅਜਿਹੇ ਖਿਡਾਰੀ ਨੂੰ ਚਰਚਾ ਵਿੱਚ ਲਿਆ ਦਿੰਦਾ ਹੈ, ਜਿਸ ਦੇ ਬਾਰੇ ਵਿੱਚ ਆਮ ਤੌਰ ‘ਤੇ ਪਹਿਲਾਂ ਤੋਂ ਕੋਈ ਜਾਣਦਾ ਤਕ ਨਹੀਂ ਹੁੰਦਾ ਤੇ ਇਸ ਮਾਮਲੇ ਵਿੱਚ ਤਾਜ਼ਾ ਕੜੀ ਹੈ ਗੁਜਰਾਤ ਲਾਇਨਜ਼ ਦਾ 20 ਸਾਲਾ ਚਾਇਨਾਮੈਨ ਗੇਂਦਬਾਜ਼ ਸ਼ਿਵਿਲ ਕੌਸ਼ਿਕ। ਸ਼ਿਵਿਲ ਕੌਸ਼ਿਕ ਦੀ ਗੇਂਦਬਾਜ਼ੀ ਦੀ ਖਾਸ ਗੱਲ ਉਸਦਾ ਸਟਾਈਲ ਦੱਖਣੀ ਅਫ਼ਰੀਕਾ ਦੇ ਚਾਇਨਾਮੈਨ ਗੇਂਦਬਾਜ਼ ਪਾਲ ਐਡਮਸ ਵਰਗਾ ਹੋਣਾ ਹੈ, ਜਿਸ ਵਿੱਚ ਗੇਂਦ ਸੁੱਟਦੇ ਸਮੇਂ ਉਸਦਾ ਸਿਰ ਹੇਠਾਂ ਵੱਲ ਹੋਰ ਝੁਕ ਜਾਂਦਾ ਹੈ। ਕੌਸ਼ਿਕ ਨੇ ਐਤਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਮੁਕਾਬਲੇ ਵਿੱਚ 4 ਓਵਰਾਂ ਵਿੱਚ ਸਿਰਫ਼ 20 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸਨ। ਹਾਲਾਂਕਿ ਉਸਦਾ ਇਹ ਪ੍ਰਦਰਸ਼ਨ ਪੰਜਾਬ ਦੇ ਲੈਫ਼ਟ ਆਰਮ ਸਪਿਨਰ ਅਕਸ਼ਰ ਪਟੇਲ ਦੀ ਹੈਟ੍ਰਿਕ ਨਾਲ ਢਕਿਆ ਗਿਆ ਸੀ।
ਗੁਜਰਾਤ ਦੀ ਹਾਰ ਦੇ ਬਾਵਜੂਦ ਕੌਸ਼ਿਕ ਨੇ ਆਪਣੇ ਅਨੋਖੇ ਐਕਸ਼ਨ ਨਾਲ ਸਾਰਿਆਂ ਦਾ ਧਿਆਨ ਖਿੱਚਿਆ ਹੈ। ਆਪਣਾ ਦੂਜਾ ਆਈ. ਪੀ. ਐੱਲ. ਮੈਚ ਖੇਡ ਰਹੇ ਕੌਸ਼ਿਕ ਨੇ ਮੁਰਲੀ ਵਿਜੇ, ਸ਼ਾਨ ਮਾਰਸ਼ ਤੇ ਗਲੇਨ ਮੈਕਸਵੈੱਲ ਵਰਗੇ ਧਾਕੜ ਖਿਡਾਰੀਆਂ ਨੂੰ ਆਊਟ ਕੀਤਾ। ਕੌਸ਼ਿਕ ਇਸ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿੱਚ ਪੁਣੇ ਵਿਰੁੱਧ ਕੋਈ ਵਿਕਟ ਨਹੀਂ ਲੈ ਸਕਿਆ ਸੀ ਪਰ ਦੂਜੇ ਮੈਚ ਵਿੱਚ ਉਸਨੇ ਚੰਗਾ ਪ੍ਰਭਾਵਿਤ ਕੀਤਾ। ਕੌਸ਼ਿਕ ਦੀ ਚਾਇਨਾਮੈਨ ਗੇਂਦਬਾਜ਼ ਹੋਣ ਤੋਂ ਜ਼ਿਆਦਾ ਚਰਚਾ ਉਸ ਦੇ ਪਾਲ ਐਡਮਸ ਨਾਲ ਮਿਲਦੇ-ਜੁਲਦੇ ਐਕਸ਼ਨ ਨੂੰ ਲੈ ਕੇ ਹੋ ਰਹੀ ਹੈ।  ਐਡਮਸ ਜਦੋਂ ਕੌਮਾਂਤਰੀ ਕ੍ਰਿਕਟ ਵਿੱਚ ਆਇਆ ਤਦ ਇਹ ਮੰਨਿਆ ਜਾਂਦਾ ਸੀ ਕਿ ਉਸਦੇ ਵਰਗਾ ਐਕਸ਼ਨ ਹੋਣਾ ਮੁਸ਼ਕਿਲ ਹੈ ਪਰ ਦੋ ਦਹਾਕੇ ਬਾਅਦ ਆਈ. ਪੀ. ਐੱਲ. ਨੇ ਇਕ ਹੋਰ ਨੌਜਵਾਨ ਖਿਡਾਰੀ ਨੂੰ ਕੌਮਾਂਤਰੀ ਚਰਚਾ ਵਿੱਚ ਲਿਆ ਦਿੱਤਾ ਹੈ।
ਦੱਖਣੀ ਅਫ਼ਰੀਕਾ ਵਲੋਂ 1995 ਤੋਂ 2004 ਵਿੱਚਾਲੇ 45 ਟੈਸਟ ਤੇ 24 ਵਨ ਡੇ ਖੇਡਣ ਵਾਲੇ ਤੇ ਗੋਗਾ ਨਾਂ ਨਾਲ ਮਸ਼ਹੂਰ ਐਡਮਸ ਨੇ ਕੌਸ਼ਿਕ ਦੀ ਗੇਂਦਬਾਜ਼ੀ ਦੇਖਣ ਤੋਂ ਬਾਅਦ ਟਵੀਟ ਕੀਤਾ, ”ਤੁਸੀਂ ਮੈਨੂੰ ਕੁਝ ਯਾਦ ਦਿਵਾ ਦਿੱਤਾ। ਵਾਹ ਕੌਸ਼ਿਕ, ਦੇਖ ਕੇ ਚੰਗਾ ਲੱਗਾ ਕਿ ਚਾਇਨਾਮੈਨ ਸ਼ੈਲੀ ਹੁਣ ਵੀ ਜ਼ਿੰਦਾ ਹੈ।” ਕੌਸ਼ਿਕ ਨੇ 8 ਸਾਲ ਦੀ ਉਮਰ ਤੋਂ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਸੀ ਤੇ ਉਸ ਨੇ ਪਹਿਲੀ ਵਾਰ ਜਿਹੜੀ ਗੇਂਦ ਸੁੱਟੀ ਸੀ, ਉਹ ਇਸੇ ਅੰਦਾਜ਼ ਵਿੱਚ ਸੀ।
ਉਸ ਤੋਂ ਬਾਅਦ ਤੋਂ ਇਹ ਅੰਦਾਜ਼ ਬਰਕਰਾਰ ਹੈ। ਪੰਜਾਬ ਵਿਰੁੱਧ ਮੈਚ ਵਿੱਚ ਕੌਸ਼ਿਕ ਨੇ ਕਿਹਾ, ”ਮੈਂ ਆਪਣੀ ਸ਼ੈਲੀ ਨੂੰ ਤਦ ਤੋਂ ਹੁਣ ਤਕ ਵੀ ਕਦੇ ਨਹੀਂ ਬਦਲਿਆ। ਮੇਰਾ ਐਕਸ਼ਨ ਹਟ ਕੇ ਹੈ, ਜਿਸ ਨਾਲ ਬੱਲੇਬਾਜ਼ਾਂ ਨੂੰ ਮੈਨੂੰ ਪੜ੍ਹਨ ਵਿੱਚ ਮੁਸ਼ਕਿਲ ਹੁੰਦੀ ਹੈ। ਮੈਂ ਆਪਣੇ ਕੋਚਾਂ ਦਾ ਹਮੇਸ਼ਾ ਧੰਨਵਾਦੀ ਹਾਂ, ਜਿਨ੍ਹਾਂ ਨੇ ਕਦੇ ਮੇਰਾ ਐਕਸ਼ਨ ਨਹੀਂ ਬਦਲਿਆ।”

LEAVE A REPLY