4ਸੋ ਜ਼ੂ (ਸ਼ੰਘਾਈ) : ਪੰਜਾਬ ਵਿਚ ਇਲੈਕਟ੍ਰਿਕ ਸਾਈਕਲ ਦਾ ਨਿਰਮਾਣ ਸ਼ੁਰੂ ਕਰਨ ਲਈ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਹਰੀ ਝੰਡੀ ਦੇ ਦਿੱਤੀ ਹੈ ਅਤੇ ਇਸ ਮਕਸਦ ਲਈ ਲੁਧਿਆਣਾ ਵਿਚ ਪ੍ਰਸਤਾਵਿਤ ਈ-ਸਾਈਕਲ ਵੈਲੀ ਵਿਚ ਅਗਸਤ ਮਹੀਨੇ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਘਰੇਲੂ ਅਤੇ ਕੌਮਾਂਤਰੀ ਬਾਜ਼ਾਰ ਲਈ ਈ-ਸਾਈਕਲ ਤਿਆਰ ਕਰਨ ਲਈ ਪੰਜ ਕੌਮਾਂਤਰੀ ਕੰਪਨੀਆਂ ਨੂੰ ਜ਼ਮੀਨ ਵੀ ਅਲਾਟ ਕੀਤੀ ਜਾਵੇਗੀ।
ਉੱਪ ਮੁੱਖ ਮੰਤਰੀ ਨੇ ਇਹ ਫੈਸਲਾ ਇੱਥੇ ਸਨਅਤੀ ਪਾਰਕ ਵਿਚ ਨਾਮੀਂ ਈ-ਸਾਈਕਲ ਕੰਪਨੀ ‘ਬਾਫੰਗ’ ਦਾ ਦੌਰਾ ਕਰਨ ਤੋਂ ਬਾਅਦ ਕੀਤਾ। ਉਨ੍ਹਾਂ ਮੋਹਰੀ ਈ-ਸਾਈਕਲ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਕਿਹਾ, ”ਵਾਜਬ ਦਰ ‘ਤੇ ਈ-ਸਾਈਕਲ ਤਿਆਰ ਕਰਨ ਲਈ ਮੈਂ ਜ਼ਰੂਰੀ ਈਕੋ-ਸਿਸਟਮ ਸਬੰਧੀ ਸਾਰੀ ਪੜਤਾਲ ਕਰ ਲਈ ਹੈ ਅਤੇ ਮੈਨੂੰ ਯਕੀਨ ਹੈ ਕਿ ਇਸ ਨੂੰ ਲੁਧਿਆਣਾ ਦੀ ਈ-ਸਾਈਕਲ ਵੈਲੀ ਵਿਚ ਸਫਲਤਾਪੂਰਕ ਲਾਗੂ ਕੀਤਾ ਜਾ ਸਕਦਾ ਹੈ।” ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਈਕਲ ਵੈਲੀ ਵਿਚ ਆਪਣੇ ਯੂਨਿਟ ਸਥਾਪਿਤ ਕਰਨ ਵਾਲੀਆਂ ਪੰਜੇ ਕੌਮਾਂਤਰੀ ਕੰਪਨੀਆਂ, ਜਿਨ੍ਹਾਂ ਵਿਚ ਚਾਰ ਚੀਨੀ ਅਤੇ ਇਕ ਤਾਇਵਾਨ ਤੋਂ ਹੈ, ਨੂੰ ਸਾਰੀਆਂ ਪ੍ਰਵਾਨਗੀਆਂ ਅਤੇ ਜ਼ਮੀਨ ਤੇਜ਼ੀ ਨਾਲ ਅਤੇ ਪਹਿਲ ਦੇ ਆਧਾਰ ‘ਤੇ ਦੇਵੇਗੀ।
ਸ. ਬਾਦਲ ਨੇ ਇਸ ਮੌਕੇ ਨਿਵੇਸ਼ਕਾਂ, ਜਿਨ੍ਹਾਂ ਵਿਚ ‘ਬਾਫੰਗ’ ਕੰਪਨੀ ਦੇ ਸੰਨੀ ਹੀ ਅਤੇ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕੀਤੀ। ਪ੍ਰੋਮੈਕਸ ਤਾਇਵਾਨ ਕੰਪਨੀ ਦੇ ਜੋਨੀ ਲਿਨ ਨੇ ਕਿਹਾ ਕਿ ਭਾਰਤ ਵਿਚ ਈ-ਸਾਈਕਲ ਹਾਲੇ ਪ੍ਰਚਲਨ ਵਿਚ ਨਹੀਂ ਹਨ ਇਸ ਲਈ ਇਨ੍ਹਾਂ ਦੇ ਨਿਰਮਾਣ ਦੀ ਬੇਹੱਦ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਕੰਪਨੀਆਂ ਭਾਰਤ ਵਿਚ ਈ-ਸਾਈਕਲ ਦਾ ਨਿਰਮਾਣ ਕਰਨਗੀਆਂ ਉਨ੍ਹਾਂ ਨੂੰ ਬੇਹੱਦ ਲਾਭ ਹੋਵੇਗਾ।
ਉੱਪ ਮੁੱਖ ਮੰਤਰੀ ਨੇ ਕਿਹਾ ਕਿ ਜਿੱਥੋਂ ਤੱਕ ਪੰਜਾਬ ਸਰਕਾਰ ਦਾ ਤਾਲੁੱਕ ਹੈ, ਰਾਜ ਸਰਕਾਰ ਈ-ਸਾਈਕਲ ਵੈਲੀ ਨੂੰ ਵਿਸ਼ਵ ਸਾਈਕਲ ਦੇ ਧੁਰੇ ਵੱਜੋਂ ਉਤਸ਼ਾਹਿਤ ਕਰੇਗੀ ਜੋ ਕਿ 300 ਏਕੜ ਵਿਚ ਬਣੇਗੀ। ਉਨ੍ਹਾਂ ਕਿਹਾ ਕਿ ਇੱਥੇ 15 ਲੱਖ ਸਾਈਕਲ ਸਾਲਾਨਾ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਡੇਢ ਲੱਖ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮਿਲਣਗੇ।
ਸ. ਬਾਦਲ ਨੇ ਇਸ ਮੌਕੇ ‘ਬਾਫੰਗ’ ਕੰਪਨੀ ਦਾ ਦੌਰਾ ਵੀ ਕੀਤਾ ਅਤੇ ਈ-ਸਾਈਕਲ ਦੇ ਨਿਰਮਾਣ ਬਾਰੇ ਵਿਸਥਾਰ ਵਿਚ ਜਾਣਕਾਰੀ ਵੀ ਲਈ। ਉਨ੍ਹਾਂ ਕੰਪਨੀ ਨੂੰ ਭਾਰਤ ਅਤੇ ਯੂਰਪੀ ਬਾਜ਼ਾਰਾਂ ਦੀ ਲੋੜ ਲਈ ਈ-ਸਾਈਕਲਾਂ ਬਣਾਉਣ ‘ਤੇ ਜ਼ੋਰ ਦਿੱਤਾ।
ਇਸ ਮੌਕੇ ਹੀਰੋ ਸਾਈਕਲਜ਼ ਦੇ ਚੇਅਰਮੈਨ ਪੰਕਜ ਮੁੰਜਾਲ ਨੇ ਭਾਰਤ ਵਿਚ ਈ-ਸਾਈਕਲ ਉਦਯੋਗ ਅਤੇ ਇਸ ਦੀ ਸੰਭਾਵਨਾ ਬਾਰੇ ਪੇਸ਼ਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਈਕਲ ਤੇ ਮੋਟਰ ਸਾਈਕਲ ਖੇਤਰਾਂ ਵਿਚ ਪਾੜਾ ਕਾਫੀ ਵੱਡਾ ਹੈ ਕਿਉਂ ਜੋ ਉਪਭੋਗਤਾਵਾਂ ਨੂੰ ਔਸਤਨ ਇਕ ਸਾਈਕਲ ਲਈ 4000 ਰੁਪਏ ਅਤੇ ਮੋਟਰ ਸਾਈਕਲ ਲਈ 50000 ਰੁਪਏ ਦੀ ਕੀਮਤ ਅਦਾ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਵਾਜਬ ਕੀਮਤਾਂ ਵਾਲੀਆਂ ਈ-ਸਾਈਕਲਾਂ ਲਈ ਸੰਭਾਵਨਾਵਾਂ ਕਾਫੀ ਜ਼ਿਆਦਾ ਹਨ ਜਿਨ੍ਹਾਂ ਦੀਆਂ ਕੀਮਤਾਂ 10000 ਤੋਂ ਲੈ ਕੇ 25000 ਰੁਪਏ ਦੇ ਦਰਮਿਆਨ ਹੋਣ।
ਇਸ ਤੋਂ ਪਹਿਲਾਂ ਉੱਪ ਮੁੱਖ ਮੰਤਰੀ ਨੇ 80 ਸਕੁਏਅਰ ਕਿਲੋਮੀਟਰ ਵਿਚ ਫੈਲੇ ਸੋ ਜ਼ੂ ਸਨਅਤੀ ਪਾਰਕ ਦਾ ਵੀ ਦੌਰਾ ਕੀਤਾ। ਇਸ ਪਾਰਕ ਵਿਚ ਚੀਨ ਤੇ ਸਿੰਘਾਪੁਰ ਦੀ ਭਾਈਵਾਲੀ ਹੈ ਅਤੇ ਇਸ ਵਿਚ ਸਿੱਖਿਆ, ਸੈਰ-ਸਪਾਟਾ ਜਗਤ ਤੋਂ ਇਲਾਵਾ ਇਕ ਕੌਮਾਂਤਰੀ ਵਪਾਰਕ ਜ਼ੋਨ ਅਤੇ ਕਈ ਸ਼ਹਿਰੀ ਖੇਤਰ ਹਨ। ਸ. ਬਾਦਲ ਨੇ ਇਸ ਪਾਰਕ ਨੂੰ ਵੱਖ-ਵੱਖ ਮੰਤਵਾਂ ਲਈ ਵਰਤੋਂ ਵਿਚ ਲਿਆਉਣ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਿਊ ਚੰਡੀਗੜ੍ਹ ਨੂੰ ਵਿਕਸਿਤ ਕਰਨ ਸਮੇਂ ਸੋ ਜ਼ੂ ਸਨਅਤੀ ਪਾਰਕ ਦੀਆਂ ਵਿਸ਼ੇਸ਼ਤਾਵਾਂ ਦਾ ਧਿਆਨ ਰੱਖਿਆ ਜਾਵੇਗਾ।
ਇਸ ਉੱਚ ਪੱਧਰੀ ਵਫਦ ਵਿਚ ਮੁੱਖ ਪਾਰਲੀਮਾਨੀ ਸਕੱਤਰ ਐਨ.ਕੇ. ਸ਼ਰਮਾ, ਉੱਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ, ਵਧੀਕ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਉੱਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀਐਸ ਔਜਲਾ, ਇਨਵੈਸਟ ਪੰਜਾਬ ਦੇ ਵਧੀਕ ਸਕੱਤਰ ਡੀਕੇ ਤਿਵਾੜੀ, ਉੱਪ ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਰਾਹੁਲ ਤਿਵਾੜੀ ਅਤੇ ਬਿਜਨਸ ਡੈਲੀਗੇਟ ਵਜੋਂ ਸ੍ਰੀ ਟੂਲਜ਼ ਦੇ ਐਸ ਸੀ ਰੱਲਣ ਵੀ ਹਾਜ਼ਰ ਸਨ।

LEAVE A REPLY