5ਚੰਡੀਗੜ ਪੰਜਾਬ ਭਰ ਵਿਚ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਦੇ ਖਿਲਾਫ ਵਿਦਿਆਰਥੀਆਂ ਦੇ ਮਾਪਿਆਂ ਦੁਆਰਾ ਕੀਤੇ ਜਾ ਰਹੇ ਰੋਸ਼ ਪ੍ਰਦਰਸ਼ਨ ਦਾ ਮੁੱਦਾ ਅੱਜ ਆਪ ਸੰਸਦ ਮੈਂਬਰ ਭਗਵੰਤ ਮਾਨ ਨੇ ਲੋਕ ਸਭਾ ਵਿਚ ਚੁੱਕਿਆ।  ਮਾਨ ਨੇ ਸਦਨ ਨੂੰ ਦੱਸਿਆ ਕਿ ਕਿਸ ਪ੍ਰਕਾਰ ਪੰਜਾਬ ਵਿਚ ਪ੍ਰਾਈਵੇਟ ਸਕੂਲ ਨਿਯਮਾਂ ਨੂੰ ਛਿੱਕੇ ਟੰਗ ਕੇ ਹਰ ਸਾਲ ਵਿਦਿਆਰਥੀਆਂ ਤੋਂ ਭਾਰੀ ਦਾਖਲਾ ਫੀਸਾਂ ਵਸੂਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਦੌਰ ਵਿਚ ਸਰਕਾਰੀ ਸਿੱਖਿਆ ਦੇ ਘਟੀਆ ਪੱਧਰ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਭਾਰੀ ਫੀਸਾਂ ਕਾਰਨ ਆਮ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਦੇਣ ਤੋਂ ਵੀ ਅਸਮਰਥ ਹਨ।
ਲੋਕ ਸਭਾ ਵਿਚ ਬੋਲਦਿਆਂ ਮਾਨ ਨੇ ਕੇਂਦਰੀ ਐਚ.ਆਰ.ਡੀ ਮੰਤਰੀ ਸਮ੍ਰਿਤੀ ਇਰਾਨੀ ਦੀ ਮੌਜੂਦਗੀ ਵਿਚ ਪੰਜਾਬ ਵਿਚ ਵਿਦਿਆਰਥੀਆਂ ਦੇ ਮਾਪਿਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਵਿਚ ਸਰਕਾਰੀ ਸਿੱਖਿਆ ਦੇ ਮਾੜੇ ਪੱਧਰ ਕਾਰਨ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਪੜਾਉਣ ਲਈ ਮਜਬੂਰ ਹਨ। ਜਿਸ ਕਾਰਨ ਮਾਤਾ ਪਿਤਾ ਦੀ ਮਜਬੂਰੀ ਦਾ ਨਾਜਾਇਜ ਫਾਇਦਾ ਉਠਾਉਂਦੇ ਹੋਏ ਪ੍ਰਾਈਵੇਟ ਸਕੂਲ ਉਨ੍ਹਾਂ ਨੂੰ ਕਿਤਾਬਾਂ, ਵਰਦੀਆਂ ਅਤੇ ਸਕੂਲ ਨਾਲ ਸੰਬੰਧਤ ਹੋਰ ਵਸਤਾਂ ਕਿਸੇ ਵਿਸ਼ੇਸ਼ ਦੁਕਾਨ ਤੋਂ ਖਰੀਦਣ ਲਈ ਮਜਬੂਰ ਕਰਦੇ ਹਨ। ਉਨ੍ਹਾਂ ਨੇ ਸਮ੍ਰਿਤੀ ਇਰਾਨੀ ਇਸ ਸੰਬੰਧੀ ਜਲਦ ਹੀ ਠੋਸ ਕਦਮ ਉਠਾਉਣ ਦੀ ਅਪੀਲ ਕੀਤੀ, ਜਿਸ ਉਤੇ ਇਰਾਨੀ ਹਾਮੀ ਭਰਦੀ ਨਜ਼ਰ ਆਈ।
ਮੀਡੀਆ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ”ਕਿੰਨਾ ਮੰਦਭਾਗਾ ਹੈ ਕਿ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਦੇਣ ਲਈ ਵੀ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਹਨ। ਮਹਿੰਗਾਈ ਦੇ ਦੌਰ ਵਿਚ ਅਗਲੀ ਪੀੜ੍ਹੀ ਨੂੰ ਉਚੇਰੀ ਸਿੱਖਿਆ ਦੇਣ ਦੇ ਸੁਪਨੇ ਸਰਕਾਰ ਦੀ ਨਲਾਇਕੀ ਕਾਰਨ ਟੁਟ ਰਹੇ ਹਨ। ਜੇਕਰ ਦਿੱਲੀ ਸਰਕਾਰ ਦੀ ਤਰਜ ਤੇ ਸਮੁਚੇ ਦੇਸ਼ ਵਿਚ ਰਾਜ ਸਰਕਾਰਾਂ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਤੇ ਰੋਕ ਲਗਾ ਕੇ ਉਨ੍ਹਾਂ ਨੂੰ ਦਾਖਲਾ ਅਤੇ ਵਧੀਆਂ ਫੀਸਾਂ ਵਾਪਸ ਕਰਨ ਦਾ ਫੈਸਲਾ ਲਾਗੂ ਕਰਨ ਤਾਂ ਸਾਰੇ ਦੇਸ਼ ਵਿਚ ਬੱਚੇ ਸਿੱਖਿਆ ਦੇ ਅਧਿਕਾਰੀ ਤੋਂ ਵਾਂਝੇ ਨਹੀਂ ਰਹਿਣਗੇ।”  ਮਾਨ ਨੇ ਕਿਹਾ ਕਿ ਇਕ ਪਾਸੇ ਦਿੱਲੀ ਵਿਚ ਆਮ ਆਦਮੀ ਪਾਰਟੀ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਤੇ ਰੋਕ ਲਗਾਉਂਦਿਆਂ ਸਕੂਲਾਂ ਨੂੰ ਗਲਤ ਢੰਗ ਨਾਲ ਵਸੂਲੀ ਜਾ ਰਹੀ ਦਾਖਲਾ ਫੀਸ ਨੂੰ ਵਾਪਿਸ ਕਰਵਾਇਆ ਹੈ ਅਤੇ ਦੂਜੇ ਪਾਸੇ ਪੰਜਾਬ ਵਿਚ ਲਗਾਤਾਰ ਧਰਨੇ ਪ੍ਰਦਰਸ਼ਨ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ। ਮਾਨ ਨੇ ਕਿਹਾ ਕਿ ਇਸ ਸਮੇਂ ਪੂਰੇ ਦੇਸ਼ ਵਿਚ ਸਿੱਖਿਆ ਦਾ ਭਗਵਾਂਕਰਨ ਅਤੇ ਵਪਾਰੀਕਰਨ ਹੋ ਰਿਹਾ ਹੈ। ਜੋ ਕਿ ਅਤਿ ਨਿੰਦਣਯੋਗ ਅਤੇ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਕੇਂਦਰ ਸਰਕਾਰ ਜਿਮੇਵਾਰ ਹੈ।

LEAVE A REPLY