1ਚੰਡੀਗੜ੍ਹ :  ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈ. ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਖੁਦਕਸ਼ੀਆਂ ਦਾ ਰਸਤਾ ਛੱਡਣ ਦੀ ਬੇਨਤੀ ਕਰਦਿਆਂ ਕਿਹਾ ਕਿ ਉਹ ਸੱਤਾ ‘ਚ ਆਉਣ ਤੋਂ ਬਾਅਦ ਉਨ੍ਹਾਂ ਦਾ ਕਰਜ਼ਾ ਮੁਆਫ਼ ਕਰਨਗੇ। ਅਮਰੀਕਾ ਦੌਰੇ ਤੋਂ ਪਰਤਣ ਮਗਰੋਂ ਸੋਮਵਾਰ ਨੂੰ ਪਾਰਟੀ ਦੇ ਪ੍ਰਦੇਸ਼ ਮੁੱਖ ਦਫ਼ਤਰ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਉਮੀਦ ਜਤਾਈ ਕਿ ਕਾਂਗਰਸ ਸੱਤਾ ‘ਚ ਵਾਪਸ ਆਵੇਗੀ ਅਤੇ ਕਿਸਾਨਾਂ ਦਾ ਸਹਿਕਾਰੀ ਬੈਂਕਾਂ ਦਾ ਕਰਜ਼ਾ ਮੁਆਫ਼ ਕਰਨ ਤੋਂ ਇਲਾਵਾ ਭਵਿੱਖ ਵਿਚ ਕਰਜ਼ੇ ਦੇ ਹੱਲ ਲਈ ਪ੍ਰਭਾਵਸ਼ਾਲੀ ਕਰਜ਼ਾ ਕੰਟਰੋਲ ਐਕਟ ਵੀ ਬਣਾ ਕੇ ਲਾਗੂ ਕਰੇਗੀ। ਪਾਰਟੀ ਦੇ ਬਣਾਏ ਜਾਣ ਵਾਲੇ ਘੋਸ਼ਣਾ ਪੱਤਰ ‘ਚ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਲਿਆ ਜਾਵੇਗਾ।
ਉਨ੍ਹਾਂ ਨੇ ਅਮਰੀਕਾ ਦੌਰੇ ‘ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਇਸ ਨੂੰ ਪੂਰੀ ਤਰ੍ਹਾਂ ਸਫ਼ਲ ਦੱਸਿਆ। ਉਨ੍ਹਾਂ ਕਿਹਾ ਕਿ ਉਥੇ 1 ਲੱਖ ਟੈਕਸੀ ਡਰਾਈਵਰ ਹਨ, ਜਿਨ੍ਹਾਂ ‘ਚੋਂ 25 ਹਜ਼ਾਰ ਪੰਜਾਬੀ ਭਾਈਚਾਰੇ ਨਾਲ ਸਬੰਧਤ ਹਨ, ਜਿਨ੍ਹਾਂ ਦਾ ਉਨ੍ਹਾਂ ਨੂੰ ਸਮਰਥਨ ਮਿਲਿਆ ਹੈ। ਅਮਰੀਕੀ ਸੰਗਠਨ ਸਿੱਖਸ ਫਾਰ ਜਸਟਿਸ ‘ਤੇ ਆਈ. ਐੱਸ. ਆਈ. ਨਾਲ ਸੰਬੰਧਾਂ ਦੇ ਬਾਰੇ ਮੁੜ ਦੋਸ਼ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੁੱਝ ਮੈਂਬਰ ਆਈ. ਐੱਸ. ਆਈ. ਤੋਂ ਫੰਡ ਲੈ ਕੇ ਹੀ ਖਾਲਿਸਤਾਨ ਲਈ ਹੀ ਕੰਮ ਕਰਦੇ ਹਨ। ਉਨ੍ਹਾਂ ਦੇ ਦੌਰੇ ਦੌਰਾਨ ਉਨ੍ਹਾਂ ਨੇ ਇਕ ਵੀ ਨਾਅਰਾ ਜਸਟਿਸ ਦਾ ਨਹੀਂ ਲਗਾਇਆ, ਬਲਕਿ ਖਾਲਿਸਤਾਨ ਦੇ ਨਾਅਰੇ ਹੀ ਲੱਗਦੇ ਰਹੇ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਨੇ ਉਨ੍ਹਾਂ ਦੇ ਖਿਲਾਫ਼ ਮਨੁੱਖੀ ਅਧਿਕਾਰ ਉਲੰਘਣ ਦੇ ਮਾਮਲੇ ‘ਚ ਉਨ੍ਹਾਂ ‘ਤੇ ਕੈਨੇਡਾ ‘ਚ ਕੇਸ ਦਾਇਰ ਕੀਤਾ, ਪਰ ਉਹ ਇਸ ਦਾ ਨਿਪਟਾਰਾ ਹੋਣ ‘ਤੇ ਕੈਨੇਡਾ ਜ਼ਰੂਰ ਜਾਣਗੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਿਸੇ ਵੀ ਤਰ੍ਹਾਂ ਦਾ ਮਨੁੱਖੀ ਅਧਿਕਾਰ ਉਲੰਘਣ ਨਹੀਂ ਹੋਇਆ ਅਤੇ ਉਨ੍ਹਾਂ ਨੇ ਸੁਮੇਧ ਸਿੰਘ ਸੈਣੀ ਨੂੰ ਵੀ ਆਪਣੀ ਸਰਕਾਰ ਵਿਚ ਕਦੇ ਪਹਿਲੇ ਸਥਾਨ ‘ਤੇ ਨਹੀਂ ਰੱਖਿਆ ਸੀ।
ਪਾਰਟੀ ਦੇ ਨਵੇਂ ਸੰਗਠਨ ਦੀ ਸੂਚੀ ‘ਤੇ ਕੁਝ ਨੇਤਾਵਾਂ ਵਲੋਂ ਉਠਾਏ ਜਾ ਰਹੇ ਸਵਾਲਾਂ ਦੇ ਬਾਰੇ ‘ਚ ਜਵਾਬ ਦਿੰਦਿਆਂ ਉਨ੍ਹਾਂ ਨੇ ਜਾਰੀ ਜੰਬੋ ਸੂਚੀ ਨੂੰ ਪੂਰੀ ਸਹੀ ਠਹਿਰਾਇਆ। ਉਨ੍ਹਾਂ ਕਿਹਾ ਕਿ ਇਸ ‘ਚ ਪੁਰਾਣੇ ਢਾਂਚੇ ਵਿਚ ਛੇੜਛਾੜ ਨਹੀਂ ਕੀਤੀ ਗਈ, ਬਲਕਿ ਪਾਰਟੀ ਦੇ ਰਵੱਈਏ ਦੇ ਹਿਸਾਬ ਨਾਲ ਹੋਰ ਲੋਕ ਹੀ ਸ਼ਾਮਲ ਕੀਤੇ ਗਏ ਹਨ, ਜੋ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਰੂਰੀ ਸਨ।

LEAVE A REPLY