3ਚੰਡੀਗੜ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਤਹਿ ਦਿਲ ਨਾਲ ਹਾਲੇ ‘ਚ ਪੰਜ ਸੂਬਿਆਂ ਦੀਆਂ ਹੋਈਆਂ ਚੋਣਾਂ ‘ਚ ਲੋਕਾਂ ਦੇ ਫੈਸਲੇ ਨੂੰ ਸਵੀਕਾਰ ਕਰਦੀ ਹੈ। ਲੋਕ ਸਭਾ ‘ਚ ਪਾਰਟੀ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਨੇ ਕਿਹਾ ਕਿ ਜਿੱਤਣਾ ਜਾਂ ਨਾ ਜਿੱਤਣਾ ਇੰਨਾ ਮਾਇਨੇ ਨਹੀਂ ਰੱਖਦਾ, ਮਾਇਨੇ ਰੱਖਦਾ ਹੈ ਸਰਵਪੱਖੀ ਪ੍ਰਦਰਸ਼ਨ ਅਤੇ ਸਾਡੀ ਪਾਰਟੀ ਦਾ ਪ੍ਰਦਰਸ਼ਨ ਖਰਾਬ ਨਹੀਂ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਤਿੰਨ ਸੂਬਿਆਂ ‘ਚ ਨੰਬਰ ਦੋ ਦੀ ਪੁਜੀਸ਼ਨ ਬਣਾਏ ਰੱਖੀ ਹੈ ਅਤੇ ਪਾਂਡੁਚੇਰੀ ‘ਚ ਸਰਕਾਰ ਬਣਾਈ ਹੈ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੀਚੇ ਆ ਸਕਦੀ ਹੈ, ਪਰ ਉਹ ਬਾਹਰ ਨਹੀਂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਨੇ ਪੰਜਾਂ ਸੂਬਿਆਂ ‘ਚੋਂ ਇਕ ‘ਚ ਸਰਕਾਰ ਬਣਾਈ ਹੈ। ਉਹ ਪੱਛਮ ਬੰਗਾਲ, ਅਸਾਮ ਤੇ ਕੇਰਲ ਤਿੰਨ ਸੂਬਿਆਂ ‘ਚ ਮੁੱਖ ਵਿਰੋਧੀ ਧਿਰ ਬਣ ਕੇ ਸਾਹਮਣੇ ਆਈ ਹੈ। ਇਸ ਤੋਂ ਇਲਾਵਾ, ਅਸਾਮ ‘ਚ ਬੀਤੇ 15 ਸਾਲਾਂ ਦਾ ਸਰਕਾਰ ਖਿਲਾਫ ਰੋਸ ਸੀ।
ਇਸ ਦੌਰਾਨ ਉਨ੍ਹਾਂ ਨੇ ਹੈਰਾਨੀ ਪ੍ਰਗਟਾਈ ਹੈ ਕਿ ਭਾਜਪਾ ਕਿਸ ਗੱਲ ਨੂੰ ਲੈ ਕੇ ਖੁਸ਼ ਹੈ, ਜਿਸਨੂੰ ਪੰਜਾਂ ‘ਚੋਂ ਚਾਰ ਸੂਬਿਆਂ ਦੇ ਲੋਕਾਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ, ਜਦਕਿ ਕਾਂਗਰਸ ਨੇ ਇਨ੍ਹਾਂ ਸੂਬਿਆਂ ‘ਚ ਸਨਮਾਨਜਨਕ ਪੁਜੀਸ਼ਨਾਂ ਤੇ ਵੋਟ ਪ੍ਰਤੀਸਤ ਹਾਸਲ ਕੀਤੇ ਹਨ।
ਉਨ੍ਹਾਂ ਨੇ ਸਵਾਲ ਕੀਤਾ ਹੈ ਕਿ ਭਾਜਪਾ ਕਿਸ ਗੱਲ ਨੂੰ ਲੈ ਕੇ ਖੁਸ਼ੀ ਮਨਾ ਰਹੀ ਹੈ? ਭਾਵੇਂ ਭਾਜਪਾ ਨੇ ਅਸਾਮ ‘ਚ ਸਰਕਾਰ ਬਣਾਈ ਹੋਵੇ, ਪਰ ਛਾਪ ਦੀ ਗੱਲ ਛੱਡੋ ਇਹ ਪੱਛਮ ਬੰਗਾਲ, ਕੇਰਲ, ਤਾਮਿਲਨਾਡੂ ਤੇ ਪਾਂਡੁਚੇਰੀ ਵਰਗੇ ਸੂਬਿਆਂ ‘ਚ ਕੋਈ ਅਹਿਮ ਮੌਜ਼ੂਦਗੀ ਕਾਇਮ ਰੱਖਣ ‘ਚ ਵੀ ਨਾਕਾਮ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੂੰ ਇਕ ਉੱਤਰ-ਪੱਛਮੀ ਸੰਪ੍ਰਦਾਇਕ ਪਾਰਟੀ ਵਜੋਂ ਦੇਖਿਆ ਜਾ ਸਕਦਾ ਹੈ, ਜਿਹੜੀ ਕਦੇ ਵੀ ਕਾਂਗਰਸ ਦੀ ਤਰ੍ਹਾਂ ਪੂਰੇ ਭਾਰਤ ‘ਚ ਮੌਜ਼ੂਦਗੀ ਦਰਜ ਕਰਵਾਉਣ ਦਾ ਸੁਫਨਾ ਨਹੀਂ ਦੇਖ ਸਕਦੀ।

LEAVE A REPLY