5ਸੰਗਰੂਰ/ਚੰਡੀਗੜ੍ਹ : ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦਲਿਤ ਲੋਕਾਂ ਨੂੰ ਨਾ ਛੱਡੇ ਜਾਣ ‘ਤੇ ਪੰਜਾਬ ਕਾਂਗਰਸ ਬੁੱਧਵਾਰ ਨੂੰ ਭਵਾਨੀਗੜ੍ਹ ਪੁਲਿਸ ਥਾਣੇ ਦਾ ਘੇਰਾਓ ਕਰੇਗੀ। ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਪਿੰਡ ਬਲਦ ਕਲਾਂ ਵਿਖੇ ਦਲਿਤਾਂ ਵੱਲੋਂ ਦਿੱਤੇ ਧਰਨੇ ‘ਚ ਹਿੱਸਾ ਲੈਂਦਿਆਂ ਪੁਲਿਸ ਵੱਲੋਂ ਔਰਤਾਂ ਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਪੁਰਸ਼ਾਂ ਨਾਲ ਅਪਣਾਏ ਗਏ ਗੈਰ ਮਨੁੱਖੀ ਵਤੀਰੇ ਲਈ ਅਕਾਲੀ ਭਾਜਪਾ ਸਰਕਾਰ ਦੀ ਨਿੰਦਾ ਕੀਤੀ। ਚੰਨੀ ਨੇ ਇਸ ਭਿਆਨਕ ਅਪਰਾਧ ਲਈ ਕਸੂਰਵਾਰ ਪੁਲਿਸ ਅਫਸਰਾਂ ਖਿਲਾਫ ਵੀ ਤੁਰੰਤ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਉਨ੍ਹਾਂ ਦੀਆਂ ਮੰਗਾਂ ਤੇ ਉਦੇਸ਼ ਪੂਰੇ ਹੋਣ ਤੱਕ ਉਨ੍ਹਾਂ ਨਾਲ ਧਰਨੇ ‘ਤੇ ਬੈਠੇਗੀ।
ਚੰਨੀ ਨੇ ਕਿਹਾ ਕਿ ਪਿੰਡਾਂ ‘ਚ ਐਸ.ਸੀ ਸਮਾਜ ਲਈ ਉਪਲਬਧ ਇਕ ਤਿਹਾਈ ਪੰਚਾਇਤੀ ਜ਼ਮੀਨ ਉਨ੍ਹਾਂ ਨੂੰ ਹੀ ਰਾਖਵੀਂ ਕੀਮਤ ‘ਤੇ ਦਿੱਤੀ ਜਾਣੀ ਚਾਹੀਦੀ ਹੈ, ਨਾ ਕਿ ਇਸਦੀ ਨੀਲਾਮੀ ਹੋਣੀ ਚਾਹੀਦੀ ਹੈ, ਜੋ ਪਾਰਦਰਸ਼ੀ ਨਹੀਂ ਹੈ। ਕਾਂਗਰਸ ਪਾਰਟੀ ਪਿੰਡਾਂ ‘ਚ ਐਸ.ਸੀ ਵਰਗ ਲਈ ਉਪਲਬਧ ਜ਼ਮੀਨਾਂ ਦੇ ਸਬੰਧ ‘ਚ ਇਕ ਕਾਨੂੰਨ ਬਣਾਏਗੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਕਤ ਜ਼ਮੀਨ ਸੱਤਾਧਾਰੀ ਪਾਰਟੀ ਦੇ ਆਗੂਆਂ ਵੱਲੋਂ ਸਥਾਨਕ ਅਥਾਰਿਟੀਆਂ ਨਾਲ ਮਿਲੀਭੁਗਤ ਕਰਕੇ ਹਾਸਲ ਕਰਕੇ ਲਈ ਗਈ ਹੈ, ਜੋ ਐਸ.ਸੀ ਵਰਗ ਨੂੰ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਤੋਂ ਵਾਂਝਾ ਕਰਨ ਦੇ ਸਮਾਨ ਹੈ। ਕਾਂਗਰਸ ਪਾਰਟੀ ਆਉਦੀਆਂ ਵਿਧਾਨ ਸਭਾ ਚੋਣਾਂ ਲਈ ਮੈਨਿਫੈਸਟੋ ‘ਚ ਵੀ ਇਸ ਮੁੱਦੇ ਨੂੰ ਸ਼ਾਮਲ ਕਰੇਗੀ ਤੇ ਸਰਕਾਰ ਬਣਾਉਣ ਤੋਂ ਬਾਅਦ ਇਸਨੂੰ ਪ੍ਰੈਕਟੀਕਲ ਰੂਪ ਦੇਵੇਗੀ। ਕਾਂਗਰਸ ਪਾਰਟੀ ਇਹ ਵੀ ਚਾਹੁੰਦੀ ਹੈ ਕਿ ਦਲਿਤ ਇਕ ਕੋਪ੍ਰਆਇਵ ਸੁਸਾਇਟੀ ਬਣਾਉਣ ਤੇ ਖੇਤੀਬਾੜੀ ਜ਼ਮੀਨ ਦਾ ਖੁਦ ਪ੍ਰਬੰਧ ਕਰਨ।
ਬੀਤੇ ਨੌ ਸਾਲਾਂ ਦੌਰਾਨ ਅਕਾਲੀ ਸਰਕਾਰ ਦੀਆਂ ਨੀਤੀਆਂ ‘ਤੇ ਹਮਲਾ ਬੋਲਦਿਆਂ ਚੰਨੀ ਨੇ ਕਿਹਾ ਕਿ ਅਕਾਲੀ ਦਲ ਦੇ ਸ਼ਾਸਨ ਦੌਰਾਨ ਦਲਿਤਾਂ ਨੁੰ ਉਨ੍ਹਾਂ ਦੇ ਰਾਖਵੇਂ ਅਧਿਕਾਰਾਂ ਤੋਂ ਵਾਂਝਾ ਕਰ ਦਿੱਤਾ ਗਿਆ ਹੈ। ਸਰਕਾਰ ਕਿਸੇ ਵੀ ਪੱਧਰ ‘ਤੇ ਪਿਛੜੀਆਂ ਸ਼੍ਰੇਣੀਆਂ ਲਈ ਬਣੇ ਰਾਖਵੇਂਕਰਨ ਨਹੀਂ ਦੇ ਰਹੀ ਹੈ। ਖਾਲੀ ਅਸਾਮੀਆਂ ਨੂੰ ਆਊਟ ਸੋਰਸਿੰਗ ਰਾਹੀਂ ਭਰਿਆ ਜਾ ਰਿਹਾ ਹੈ, ਜੋ ਸਪੱਸ਼ਟ ਤੌਰ ‘ਤੇ ਦਲਿਤਾਂ ਦੇ ਰਾਖਵੇਂਕਰਨ ਦੇ ਅਧਿਕਾਰ ਉਪਰ ਡਾਕਾ ਮਾਰਨ ਸਮਾਨ ਹੈ। ਪੰਜਾਬ ਦਾ ਦਲਿਤ ਸਮਾਜ ਸਰਕਾਰ ਦੇ ਗੁੰਡਿਆਂ ਤੋਂ ਕਈ ਅੱਤਿਆਚਾਰਾਂ ਦਾ ਸਾਹਮਣਾ ਕਰ ਰਿਹਾ ਹੈ। ਬੀਤੇ ਕੁਝ ਸਾਲਾਂ ਦੌਰਾਨ ਇਹ ਘਟਨਾਵਾਂ ਕਈ ਗੁਣਾਂ ਵੱਧ ਚੁੱਕੀਆਂ ਹਨ, ਜਿਥੇ ਸੱਤਾਧਾਰੀ ਸਰਕਾਰ ਦੀ ਪੁਲਿਸ ਤੇ ਗੁੰਡੇ ਦਲਿਤਾਂ ਖਿਲਾਫ ਥਰਡ ਡਿਗਰੀ ਅਪਣਾ ਰਹੇ ਹਨ।
ਦਲਿਤਾਂ ਦੀ ਬੇਹਤਰੀ ਲਈ ਕਾਂਗਰਸ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕਰਦਿਆਂ ਚੰਨੀ ਨੇ ਕਿਹਾ ਕਿ ਇੰਦਰਾ ਗਾਂਧੀ ਨੇ ਹੀ ਦਲਿਤਾਂ ਨੂੰ ਰਾਖਵਾਂਕਰਨ ਦੇ ਕੇ ਉਨ੍ਹਾਂ ਦੇ ਹੱਥ ਮਜ਼ਬੂਤ ਕੀਤੇ। ਕਾਂਗਰਸ ਸਰਕਾਰ ਨੇ ਹੀ ਪਿੰਡਾਂ ਦੇ ਗਰੀਬ ਲੋਕਾਂ ਨੂੰ 5 ਮਰਲੇ ਪਲਾਟ ਦੇਣ ਦਾ ਫੈਸਲਾ ਲਿਆ ਸੀ। ਅੱਜ ਇਕ ਦਲਿਤ ਆਗੂ ਹੋਣ ਨਾਤੇ ਕਾਂਗਰਸ ਹਾਈ ਕਮਾਂਡ ਨੇ ਉਨ੍ਹਾਂ ਨੂੰ ਕਾਂਗਰਸ ਵਿਧਾਈ ਪਾਰਟੀ ਦਾ ਆਗੂ ਬਣਾਇਆ ਹੈ।
ਇਸ ਮੌਕੇ ਚੰਨੀ ਰਜਿੰਦਰਾ ਹਸਪਤਾਲ ਪਟਿਆਲਾ ਵੀ ਗਏ, ਜਿਥੇ ਉਨ੍ਹਾਂ ਨੇ ਜ਼ਖਮੀਆਂ ਦਾ ਹਾਲ ਜਾਣਿਆ। ਪਰਿਵਾਰਾਂ ਨੇ ਪੰਜਾਬ ਪੁਲਿਸ ਦੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ ਉਪਰ ਲਾਠੀਚਾਰਜ਼ ਦੀ ਪੂਰੀ ਦਰਦ ਭਰੀ ਘਟਨਾ ਬਾਰੇ ਉਨ੍ਹਾਂ ਨੂੰ ਦੱਸਿਆ। ਜਿਸ ਦੌਰਾਨ ਘੱਟੋਂ ਘੱਟ ਚਾਰ ਦਲਿਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਉਨ੍ਹਾਂ ਦਾ ਰਜਿੰਦਰਾ ਹਸਪਤਾਲ ‘ਚ ਇਲਾਜ਼ ਜ਼ਾਰੀ ਹੈ।

LEAVE A REPLY