1ਮੋਹਾਲੀ/ਚੰਡੀਗੜ੍ਹ : ਲੋਕਾਂ ਨੂੰ ਸਾਫ਼ ਅਤੇ ਸੁਰੱਖਿਅਤ ਫੂਡ ਮੁਹੱਇਆ ਕਰਵਾਇਆ ਜਾਵੇ ਅਤੇ ਗਰਮੀ ਦੇ ਸੀਜ਼ਨ ਵਿੱਚ ਖਾਸ ਤੌਰ ਤੇ ਦੁੱਧ, ਪਾਣੀ, ਫ਼ਲ, ਤੇਲ ਤੇ ਹੋਰ ਖਾਣ-ਪੀਣ ਦੇ ਪਦਾਰਥਾਂ ਦੇ ਸੈਂਪਲ ਭਰੇ ਜਾਣ ਅਤੇ ਲੋਕਾਂ ਦੇ ਸਿਹਤ ਨਾਲ ਖਿਲਵਾੜ ਕਰਨ ਵਾਲੇ ਦੋਸ਼ਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਇਹ ਨਿਰਦੇਸ਼ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਡੈਜ਼ੀਗਨੇਟਡ ਅਫ਼ਸਰ ਤੇ ਫੂਡ ਸੈਫਟੀ ਅਫ਼ਸਰਾਂ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਿੱਚ ਮੀਟਿੰਗ ਦੌਰਾਨ ਦਿੱਤੇ। ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਇਥਲੀਨ ਤੇ ਹੋਰ ਗਲਤ ਕੈਮੀਕਲਸ ਨਾਲ ਪਕਾਏ ਜਾ ਰਹੇ ਫ਼ਲਾਂ ਤੇ ਸਖ਼ਤ ਨਜ਼ਰ ਰੱਖੀ ਜਾਵੇ ਅਤੇ ਅਜਿਹਾ ਕਰਨ ਵਾਲੇ ਕਾਰੋਬਾਰੀਆਂ ਦੇ ਸੈਂਪਲ ਭਰੇ ਜਾਣ ਅਤੇ ਸਖਤ ਕਾਰਵਾਈ ਕੀਤੀ ਜਾਵੇ। ਗਰਮੀ ਦੇ ਮੌਸਮ ਵਿੱਚ ਅੰਬ, ਕੇਲੇ ਵਰਗੇ ਹੋਰ ਫ਼ਲਾਂ ਨੂੰ ਕੈਮੀਕਲਸ ਨਾਲ ਪਕਾਉਣ ਵਾਲੇ ਕਾਰੋਬਾਰੀਆਂ ਨੂੰ ਕਿਸੇ ਵੀ ਹਾਲ ਵਿੱਚ ਨਾ ਬਖ਼ਸ਼ਿਆ ਜਾਵੇ। ਜੇਕਰ ਕਾਰਬਨ ਕਰਬਾਈਟ ਦੀ ਮਾਤਰਾ ਪਾਈ ਜਾਂਦੀ ਹੈ ਤਾਂ ਉਸਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਇਸੇ ਤਰ੍ਹਾਂ ਗਰਮੀਆਂ ਵਿੱਚ ਲੋਕਲ ਪੱਧਰ ਤੇ ਤਿਆਰ ਕੀਤੇ ਜਾ ਰਹੇ ਪਾਣੀ, ਕੋਲਡ ਡਰਿੰਕ ਤੇ ਹੋਰ ਪਦਾਰਥਾਂ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਵੇ। ਇਸੇ ਤਰ੍ਹਾਂ ਦੁੱਧ, ਤੇਲ, ਕੋਲਡ ਡਰਿੰਗ ਤੇ ਹੋਰ ਪਦਾਰਥਾਂ ਵਿੱਚ ਮਿਲਾਵਟ ਕਰਨ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਸਿਹਤ ਮੰਤਰੀ ਨੇ ਕਿਹਾ ਕਿ ਕੋਈ ਵੱਡੀ ਛਾਪਾਮਾਰੀ ਕਰਨ ਦੇ ਲਈ ਪੁਲਿਸ ਦੀ ਮਦਦ ਲਈ ਜਾਵੇ ਅਤੇ ਪੂਰੀ ਛਾਪਾਮਾਰੀ ਦੀ ਵਿਡੀਓਗਰਾਫੀ ਜਾਂ ਫੋਟਗਰਾਫੀ ਕਰਵਾਈ ਜਾਵੇ। ਜੇਕਰ ਕਿਸੇ ਪ੍ਰੋਡਕਟ ਦਾ ਸੈਂਪਲ ਫੇਲ ਆਉਂਦਾ ਹੈ ਤਾਂ ਉਸ ਦਾ ਪੰਜਾਬ ਭਰ ਵਿੱਚ ਸਪਲਾਈ ਨੂੰ ਵਾਪਿਸ ਮੰਗਵਾਈ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ। ਇਸ ਦੇ ਲਈ ਤੁਰੰਤ ਅਧਿਕਾਰੀਆਂ ਵੱਲੋਂ ਉਕਤ ਕਾਰਖਾਨੇ ਨਾਲ ਸੰਪਰਕ ਕਰਕੇ ਤੁਰੰਤ ਜ਼ਰੂਰਤ ਪੈਣ ਤੇ ਪ੍ਰੋਡਕਸ਼ਨ ਬੰਦ ਕਰਵਾਈ ਜਾਵੇ।
ਇਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਕਿਹਾ ਕਿ ਆਪਣੇ ਜ਼ਿਲ੍ਹਿਆਂ ਦੇ ਵਿੱਚ ਜਿਥੇ ਵੀ ਖਾਣਪੀਣ ਦੇ ਸਮਾਨ ਦੇ ਵਿਕਰੇਤਾਵਾਂ ਨੇ ਲਾਈਸੰਸ ਨਹੀਂ ਲਿਆ। ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾਣ ਅਤੇ ਬਿਨ੍ਹਾਂ ਲਾਈਸੰਸ ਤੋਂ ਖਾਣਪੀਣ ਦਾ ਸਮਾਨ ਵੇਚ ਰਹੇ ਕਾਰੋਬਾਰੀਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਜਿਥੇ ਵੀ ਸੈਂਪਲ ਫੇਲ ਹੋਣ ਬਾਰੇ ਪਤਾ ਲਗਦਾ ਹੈ ਤਾਂ ਤੁਰੰਤ ਸਟੇਟ ਹੈਡਕੁਆਟਰ ਨੂੰ ਦੱਸ ਕੇ ਪੰਜਾਬ ਭਰ ਵਿੱਚ ਸਪਲਾਈ ਕੀਤੇ ਮਾਲ ਨੂੰ ਵਾਪਿਸ ਮੰਗਵਾਇਆ ਜਾਵੇ। ਇਸੇ ਤਰ੍ਹਾਂ ਜੇਕਰ ਲੋਕਲ ਪੁਲਿਸ ਵੱਲੋਂ ਸਹਿਯੋਗ ਨਹੀਂ ਕੀਤਾ ਜਾਂਦਾ ਤਾਂ ਤੁਰੰਤ ਸਟੇਟ ਹੈਡਕੁਆਟਰ ਦੇ ਧਿਆਨ ਵਿੱਚ ਲਿਆਂਦਾ ਜਾਵੇ। ਇਸੇ ਤਰ੍ਹਾਂ ਪੰਜਾਬ ਭਰ ਵਿੱਚ ਬਰੈਡ ਦੇ ਸੈਂਪਲਾਂ ਵੀ ਭਰੇ ਜਾਣ।
ਵਿਨੀ ਮਹਾਜਨ ਨੇ ਕਿਹਾ ਕਿ ਸਿਹਤ ਵਿਭਾਗ ਪੰਜਾਬ ਵੱਲੋਂ ਨਕਲੀ ਅਤੇ ਗੈਰ ਕਾਨੂੰਨੀ ਦਵਾਈਆਂ ਬਣਾਉਣ ਜਾਂ ਕਾਰੋਬਾਰ ਕਰਨ ਵਾਲਿਆਂ ਖਿਲਾਫ ਵੱਡੇ ਪੱਧਰ ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਦੇ ਚੱਲਦੇ ਪੰਜਾਬ ਭਰ ਵਿੱਚ ਕਈ ਨਕਲੀ ਅਤੇ ਗੈਰ ਕਾਨੂੰਨੀ ਦਵਾਈਆਂ ਬਣਾਉਣ ਜਾਂ ਕਾਰੋਬਾਰ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਗਈ ਹੈ। ਸਾਲ 2015 ਵਿੱਚ ਅਜਿਹੇ ਵਿਅਕਤੀਆਂ ਖਿਲਾਫ 1 ਸਾਲ ਤੋਂ ਲੈ ਕੇ 5 ਸਾਲ ਤੱਕ ਦੀ ਸਜ਼ਾ ਤੋਂ ਇਲਾਵਾ 31 ਲੱਖ 13 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਵੱਖ-ਵੱਖ ਕੋਰਟਾਂ ਵੱਲੋਂ ਲਗਾਇਆ ਜਾ ਚੁੱਕਿਆ ਹੈ।  ਸਕੱਤਰ ਸਿਹਤ ਤੇ ਫੂਡ ਐਂਡ ਡਰੱਗ ਐਡਮਿਨੀਸਟਰੇਸ਼ਨ ਪੰਜਾਬ ਦੇ ਕਮਿਸ਼ਨਰ ਸ੍ਰੀ ਹੁਸਨ ਲਾਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪੰਜਾਬ ਵਿੱਚ ਡਰੱਗ ਐਂਡ ਕੋਸਮੈਟਿਕ ਐਕਟ 1940 ਨੂੰ ਪੂਰੀ ਤਰ੍ਹਾਂ ਅਤੇ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਸ ਦੇ ਲਈ ਤਿੰਨ ਜੋਨਲ ਲਾਈਸੰਸਿੰਗ ਅਥਾਰਟੀ (ਡਰੱਗ) ਨੂੰ ਮਿਲਾ ਕੇ ਸੈਂਟਰਲਾਈਜ਼ਡ ਡਰੱਗ ਸੈੱਲ ਦਾ ਗਠਨ ਵੀ ਕੀਤਾ ਜਾ ਚੁੱਕਾ ਹੈ, ਜੋ ਪੰਜਾਬ ਭਰ ਵਿੱਚ ਡਰੱਗਜ਼ ਤੇ ਕਾਸਮੈਟਿਕ ਐਕਟ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰਦੀਆਂ ਹਨ।

LEAVE A REPLY