4ਹੀਰੋਸ਼ੀਮਾ  : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਜਾਪਾਨ ਦੇ ਸ਼ਹਿਰ ਹੀਰੋਸ਼ੀਮਾ ਦਾ ਦੌਰਾ ਕੀਤਾ, ਜਿਥੇ ਪ੍ਰਮਾਣੂ ਹਮਲੇ ਵਿਚ ਹਜ਼ਾਰਾਂ ਹੀ ਲੋਕ ਮਾਰੇ ਗਏ ਸਨ। ਬਰਾਕ ਓਬਾਮਾ ਨੇ ਹੀਰੋਸ਼ੀਮਾ ਵਿਖੇ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਜ਼ਿਕਰਯੋਗ ਹੈ ਕਿ ਬਰਾਕ ਓਬਾਮਾ ਅਮਰੀਕਾ ਦੇ ਪਹਿਲੇ ਅਜਿਹੇ ਰਾਸ਼ਟਰਪਤੀ ਹਨ ਜੋ ਜਾਪਾਨ ਦੇ ਸ਼ਹਿਰ ਹੀਰੋਸ਼ੀਮਾ ਵਿਚ ਗਏ ਹਨ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਬਰਾਕ ਓਬਾਮਾ ਨੇ ਕਿਹਾ ਕਿ ਸਾਡੀ ਦੁਨੀਆ ਪ੍ਰਮਾਣੂ ਹਥਿਆਰਾਂ ਤੋਂ ਬਿਨਾਂ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅੱਜ ਤੋਂ 71 ਵਰ੍ਹੇ ਪਹਿਲਾਂ ਇਥੇ ਹੋਏ ਹਮਲੇ ਨੇ ਦੁਨੀਆ ਨੂੰ ਬਦਲ ਦਿੱਤਾ ਸੀ। ਇਸ ਮੌਕੇ ਉਹਨਾਂ ਨੇ ਦੁਨੀਆ ਭਰ ਵਿਚ ਲੋਕਾਂ ਨੂੰ ਸ਼ਾਂਤੀ ਨਾਲ ਰਹਿਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਹੀਰੋਸ਼ੀਮਾ ਵਰਗੀ ਘਟਨਾ ਮੁੜ ਤੋਂ ਇਤਿਹਾਸ ਵਿਚ ਨਹੀਂ ਵਾਪਰੇਗੀ।
ਜ਼ਿਕਰਯੋਗ ਹੈ ਕਿ 6 ਅਗਸਤ 1945 ਨੂੰ ਅਮਰੀਕਾ ਦੁਆਰਾ ਜਾਪਾਨ ਦੇ ਇਸ ਸ਼ਹਿਰ ਉਤੇ ਪ੍ਰਮਾਣੂ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿਚ ਲਗਪਗ 80 ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਗਏ ਸਨ ਅਤੇ ਕਈ ਜ਼ਖਮੀ ਹੋ ਗਏ ਸਨ। ਇਸ ਹਮਲੇ ਵਿਚ ਹੀਰੋਸ਼ੀਮਾ ਦਾ ਇਹ ਸ਼ਹਿਰ ਬੁਰੀ ਤਰ੍ਹਾਂ ਤਬਾਹ ਹੋ ਗਿਆ ਸੀ।

LEAVE A REPLY