1ਚੰਡੀਗੜ੍ਹ  : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ. ਬਲਵਿੰਦਰ ਸਿੰਘ ਭੂੰਦੜ ਨੇ ਅੱਜ ਰਾਜ ਸਭਾ ਦੀ ਸੀਟ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ ਜਿਸ ਸਬੰਧੀ 31 ਮਈ ਨੂੰ ਚੋਣ ਹੋਣੀ ਹੈ। ਪੰਜਾਬ ਵਿਚੋਂ ਦੋ ਰਾਜ ਸਭਾ ਸੀਟਾਂ ਭਰੀਆਂ ਜਾਣੀਆਂ ਹਨ।
ਸ. ਭੂੰਦੜ ਨੇ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਪੰਜਾਬ ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਲਖਣਪਾਲ ਮਿਸ਼ਰਾ ਕੋਲ ਆਪਣੀ ਨਾਮਜ਼ਦਗੀ ਭਰੀ ਜੋ ਕਿ ਇਸ ਚੋਣ ਦੀ ਰਿਟਰਨਿੰਗ ਅਫਸਰ ਹਨ।
ਸ. ਭੂੰਦੜ ਜਿਨ੍ਹਾਂ ਵੱਲੋਂ ਕਿ ਤੀਜੀ ਵਾਰ ਰਾਜ ਸਭਾ ਦੀ ਮੈਂਬਰੀ ਲਈ ਕਾਗਜ਼ ਪੱਤਰ ਦਾਖਿਲ ਕੀਤੇ ਗਏ ਹਨ, ਨਾਲ ਸੰਸਦ ਮੈਂਬਰ ਸ. ਰਣਜੀਤ ਸਿੰਘ ਬ੍ਰਹਮਪੁਰਾ, ਕੈਬਨਿਟ ਮੰਤਰੀ ਸ. ਸਿਕੰਦਰ ਸਿੰਘ ਮਲੂਕਾ,  ਸੁਰਜੀਤ ਸਿੰਘ ਰੱਖੜਾ, ਪਰਮਿੰਦਰ ਸਿੰਘ ਢੀਂਡਸਾ ਅਤੇ ਸਾਬਕਾ ਮੰਤਰੀ ਸ. ਸਰਵਣ ਸਿੰਘ ਫਿਲੌਰ, ਮੁੱਖ ਪਾਰਲੀਮਾਨੀ ਸਕੱਤਰ ਸ. ਵਿਰਸਾ ਸਿੰਘ ਵਲਟੋਹਾ ਅਤੇ ਵਿਧਾਇਕ ਸ. ਰਵਿੰਦਰ ਸਿੰਘ ਬ੍ਰਹਮਪੁਰਾ ਹਾਜ਼ਰ ਸਨ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਭੂੰਦੜ, ਜੋ ਕਿ 1998 ਤੋਂ 2002 ਅਤੇ ਜੁਲਾਈ 2010 ਤੋਂ ਮੌਜੂਦਾ ਸਮੇਂ ਤੱਕ ਰਾਜ ਸਭਾ ਹਨ, ਨੇ ਕਿਹਾ ਕਿ ਇਸ ਮਾਣ-ਸਨਮਾਨ ਲਈ ਉਹ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਨ ਅਤੇ ਉਨ੍ਹਾਂ ਪਾਰਟੀ, ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਉਨ੍ਹਾਂ ਵਿਚ ਫਿਰ ਭਰੋਸਾ ਪ੍ਰਗਟਾਇਆ।  ਉਨ੍ਹਾਂ ਕਿਹਾ ਕਿ ਉਹ ਪਾਰਟੀ, ਲੋਕ ਮੁੱਦਿਆਂ, ਕਿਸਾਨਾਂ ਅਤੇ ਸੂਬੇ ਦੀ ਭਲਾਈ ਬਾਰੇ ਆਵਾਜ਼ ਉਪਰਲੇ ਸਦਨ ਵਿਚ ਪਹਿਲਾਂ ਦੀ ਤਰ੍ਹਾਂ ਹੀ ਉਠਾਉਂਦੇ ਰਹਿਣਗੇ।

LEAVE A REPLY