3ਲੁਧਿਆਣਾ/ਚੰਡੀਗੜ੍ਹ  : ਪੰਜਾਬ ਸਰਕਾਰ ਦੇ ਮਾਲ, ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਨੇ ਅੱਜ ਆਪਣੀ ਕਿਸਮ ਦਾ ਪਹਿਲਾ ਮੋਬਾਈਲ ਐਪ (ਐਪਲੀਕੇਸ਼ਨ) ‘ਆਈ ਰੈਵੇਨਿਊ’ ਲਾਂਚ ਕੀਤਾ, ਜੋ ਕਿ ਮਾਲ ਵਿਭਾਗ ਦੇ ਕੰਮਕਾਰਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਐਪਲੀਕੇਸ਼ਨ ਰਾਹੀਂ ਵਰਤੋਂਕਾਰ ਨੂੰ ਮਾਲ ਵਿਭਾਗ ਨਾਲ ਸੰਬੰਧਤ ਸਾਰੀ ਜਾਣਕਾਰੀ ਜਿਵੇਂਕਿ ਕੁਲੈਕਟਰ ਰੇਟ, ਸਟੈਂਪ ਡਿਊਟੀ, ਸੇਵਾ ਦਾ ਅਧਿਕਾਰ ਕਾਨੂੰਨ, ਐੱਮ-ਫਰਦ ਅਤੇ ਹੋਰ ਉਪਯੋਗੀ ਜਾਣਕਾਰੀ ਮਿਲ ਸਕੇਗੀ। ਇਹ ਐਪ ਸੂਬੇ ਦਾ ਇੱਕਮਾਤਰ ਅਜਿਹਾ ਐਪ ਹੈ, ਜਿਸ ਵਿੱਚ ਜ਼ਿਲ੍ਹੇ ਨਾਲ ਸੰਬੰਧਤ ਮਾਲ ਵਿਭਾਗ ਦਾ ਸਾਰਾ ਰਿਕਾਰਡ ਦਰਜ ਕੀਤਾ ਗਿਆ ਹੈ, ਇਹ ਐਪ ਪੂਰੇ ਸੂਬੇ ਵਿੱਚ ਵੀ ਵਰਤਿਆ ਜਾ ਸਕਦਾ ਹੈ। ਇਸ ਐਪ ਨੂੰ ਤਿਆਰ ਕਰਨ ਲਈ ਉਨ੍ਹਾਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਰੱਖੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ. ਮਜੀਠੀਆ ਨੇ ਕਿਹਾ ਕਿ ਅੱਜ ਈ-ਗਵਰਨੈੱਸ ਦੇ ਦੌਰ ਵਿੱਚ ਅਜਿਹੀਆਂ ਮੋਬਾਈਲ ਐਪਲੀਕੇਸ਼ਨਾਂ ਰਾਹੀਂ ਲੋਕਾਂ ਨੂੰ ਬਿਨਾ ਕਿਸੇ ਖੱਜਲ ਖੁਆਰੀ ਦੇ ਪਾਰਦਰਸ਼ਤਾ ਨਾਲ ਸੇਵਾਵਾਂ ਪ੍ਰਦਾਨ ਕਰਨ ਵਿੱਚ ਵੱਡਾ ਯੋਗਦਾਨ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਐਪ ਦੀ ਵਰਤੋਂ ਕਰਨ ਨਾਲ ਵਿਅਕਤੀ ਨੂੰ ਆਪਣੇ ਮੋਬਾਈਲ ਫੋਨ ‘ਤੇ ਹੀ ਸੰਬੰਧਤ ਖੇਤਰ ਦੇ ਕੁਲੈਕਟਰ ਰੇਟ, ਸਟੈਂਪ ਡਿਊਟੀ ਅਤੇ ਹੋਰ ਜਾਣਕਾਰੀ ਮਿਲ ਸਕੇਗੀ। ਐਪ ਵਿੱਚ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਜ਼ਮੀਨ ਜਾਇਦਾਦ, ਚਾਹੇ ਉਹ ਖੇਤੀਬਾੜੀ, ਵਪਾਰਕ, ਰਿਹਾਇਸ਼ੀ ਅਤੇ ਸਨਅਤੀ ਹੋਵੇ, ਬਾਰੇ ਪੂਰੀ ਜਾਣਕਾਰੀ ਮਿਲ ਸਕੇਗੀ।
ਇਸ ਐਪ ਰਾਹੀਂ ਵਿਅਕਤੀ ਆਪਣੇ ਖੇਤਰ ਦੇ ਮਾਲ ਅਫ਼ਸਰ (ਐੱਸ. ਡੀ. ਐੱਮ., ਤਹਿਸੀਲਦਾਰ, ਪਟਵਾਰੀ) ਬਾਰੇ ਵੀ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਕਿਸੇ ਵਿਅਕਤੀਗਤ ਜਾਇਦਾਦ ਜਾਂ ਖੇਤਰ ਦਾ ਨਹੀਂ ਪਤਾ ਤਾਂ ਉਹ ਜਾਣਕਾਰੀ (ਲੋਕੇਸ਼ਨ) ਵੀ ਇਸ ਐਪ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਰਜਿਸਟਰੀ ਕਰਾਉਣ ਵਿੱੱਚ ਸਰਕਾਰੀ ਖ਼ਜ਼ਾਨੇ ਵਿੱਚ ਕਿੰਨੀ ਫੀਸ ਜਮ੍ਹਾ ਕਰਾਉਣੀ ਹੈ, ਉਸ ਬਾਰੇ ਪੁਖ਼ਤਾ ਜਾਣਕਾਰੀ ਵੀ ਇਸ ਐਪ ਵਿੱਚ ਦਰਜ ਹੈ। ਇਸ ਸੰਬੰਧੀ ਸਾਰੀ ਕੈਲਕੁਲੇਸ਼ਨ ਐਪ ਵੱਲੋਂ ਆਪਣੇ ਆਪ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸੇਵਾ ਦਾ ਅਧਿਕਾਰ ਐਕਟ ਤਹਿਤ ਕਿਹੜੀ ਸੇਵਾ ਕਿੰਨੇ ਦਿਨ ਵਿੱਚ ਦਿੱਤੀ ਜਾਣੀ ਬਣਦੀ ਹੈ, ਬਾਰੇ ਵੀ ਇਸ ਐਪ ਵਿੱਚ ਦਰਜ ਹੈ। ਇਸ ਨਾਲ ਪ੍ਰਸਾਸ਼ਕੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਪਾਰਦਰਸ਼ਤਾ ਦੇ ਨਾਲ-ਨਾਲ ਤੇਜ਼ੀ ਵੀ ਆਵੇਗੀ। ਸ੍ਰ. ਮਜੀਠੀਆ ਨੇ ਹੋਰ ਕਿਹਾ ਕਿ ਲੋੜਵੰਦ ਵਿਅਕਤੀ ਇਸ ਐਪ ਵਿੱਚ ਦਰਜ ‘ਐੱਮ-ਫਰਦ’ ਆਪਸ਼ਨ ਰਾਹੀਂ ਮਹਿਜ਼ ਖੇਵਟ ਨੰਬਰ ਭਰਕੇ ਆਪਣੀ ਫਰਦ ਦੀ ਕਾਪੀ ਵੀ ਦੇਖ ਸਕਦੇ ਹਨ।
ਇਸ ਮੌਕੇ ਇਕੱਤਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਮਜੀਠੀਆ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਉਨ੍ਹਾਂ ਲੋਕਾਂ ਦਾ ਗੈਂਗ ਹੈ, ਜੋ ਕਿ ਸੱਤਾ ਪ੍ਰਾਪਤੀ ਦੇ ਭੁੱਖੇ ਹਨ। ਇਹ ਪਾਰਟੀ ਦਿੱਲੀ ਸਟੇਟ ਦਾ ਸਾਰਾ ਪੈਸਾ ਆਪਣੇ ਰਾਜਸੀ ਹਿੱਤਾਂ ਦੀ ਪੂਰਤੀ ਲਈ ਹੋਰਨਾਂ ਸੂਬਿਆਂ ਵਿੱਚ ਅੰਨ੍ਹੇਵਾਹ ਖਰਚ ਕਰ ਰਹੀ ਹੈ। ਦਿੱਲੀ ਦੀ ਆਪ ਪਾਰਟੀ ਸਰਕਾਰ ਵੱਲੋਂ ਲੋਕਾਂ ਦੇ ਕਰੋੜਾਂ ਰੁਪਏ ਪੰਜਾਬ ਵਿੱਚ ਇਸ਼ਤਿਹਾਰਬਾਜ਼ੀ ‘ਤੇ ਖਰਚ ਕੀਤੇ ਜਾ ਰਹੇ ਹਨ। ਦਿੱਲੀ ਦੇ ਲੋਕਾਂ ਦਾ ਪੈਸਾ ਇਸ ਤਰ੍ਹਾਂ ਅੰਨ੍ਹੇਵਾਹ ਫਜ਼ੂਲ ਖਰਚਣ ਨਾਲ ਦਿੱਲੀ ਦੇ ਲੋਕਾਂ ਨਾਲ ਵਿਸ਼ਵਾਸ਼ਘਾਤ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੂੰ ਇਹ ਪੈਸਾ ਇਸ਼ਤਿਹਾਰਬਾਜ਼ੀ ‘ਤੇ ਨਸ਼ਟ ਕਰਨ ਦੀ ਬਿਜਾਏ ਦਿੱਲੀ ਦੇ ਲੋਕਾਂ ਦੀ ਭਲਾਈ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਨ ‘ਤੇ ਖਰਚ ਕਰਨਾ ਚਾਹੀਦਾ ਹੈ।
ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ‘ਤੇ ਹਮਲਾ ਬੋਲਦਿਆਂ ਸ੍ਰ. ਮਜੀਠੀਆ ਨੇ ਕਿਹਾ ਕਿ ਉਹ ਇੱਕ ਘਬਰਾਇਆ ਹੋਇਆ ਵਿਅਕਤੀ ਹੈ, ਜਿਸ ਕਰਕੇ ਉਹ ਕਈ ਮੁੱਦਿਆਂ ‘ਤੇ ਅਕਸਰ ਆਪਣਾ ਸਟੈਂਡ ਬਦਲਦਾ ਰਹਿੰਦਾ ਹੈ। ਉਨ੍ਹਾਂ ਹੋਰ ਕਿਹਾ ਕਿ ਕੇਜਰੀਵਾਲ ਔਡ ਈਵਨ ਦੇ ਚੱਕਰ ਵਿੱਚ ਖੁਦ ਹੀ ਚੱਕਰ ਵਿੱਚ ਪਿਆ ਹੋਇਆ ਹੈ।
ਕਾਂਗਰਸ ਪਾਰਟੀ ਵੱਲੋਂ ਲੁਧਿਆਣਾ ਵਿੱਚ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਕਾਂਗਰਸੀਆਂ ਵੱਲੋਂ ਅਜਿਹੇ ਪ੍ਰਦਰਸ਼ਨ ਆਪਣੀ ਖ਼ਤਮ ਹੋ ਚੁੱਕੀ ਸਾਖ਼ ਦੀ ਹੋਂਦ ਨੂੰ ਦਰਸਾਉਣ ਲਈ ਹੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਸੂਬੇ ਦੇ ਸੂਝਵਾਨ ਲੋਕਾਂ ਨੇ ਦੋ ਵਾਰ ਨਕਾਰ ਦਿੱਤਾ ਹੈ। ਜਦਕਿ ਤੀਜੀ ਵਾਰ ਵੀ ਇਹ ਪਾਰਟੀ ਹਾਰਨ ਦੀ ਤਿਆਰੀ ਵਿੱਚ ਹੈ।  ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਵਿੱਚ ਸਰਕਾਰ ਪ੍ਰਤੀ ਕੋਈ ਵੀ ਬੇਵਿਸ਼ਵਾਸ਼ੀ ਨਹੀਂ ਹੈ, ਸਗੋਂ ਲੋਕ ਜਾਣਦੇ ਹਨ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਹੀ ਹੈ, ਜੋ ਕਿ ਸੂਬੇ ਦਾ ਸਰਬਪੱਖੀ ਵਿਕਾਸ ਕਰ ਰਹੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ, ਮੁੱਖ ਸੰਸਦੀ ਸਕੱਤਰ ਸ੍ਰ. ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਮੰਤਰੀ ਸ੍ਰ. ਹੀਰਾ ਸਿੰਘ ਗਾਬੜੀਆ, ਵਿਧਾਇਕ ਸ੍ਰ. ਰਣਜੀਤ ਸਿੰਘ ਢਿੱਲੋਂ, ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਯਾਲੀ, ਵਿਧਾਇਕ ਸ੍ਰੀ ਐੱਸ. ਆਰ. ਕਲੇਰ, ਪੁਲਿਸ ਕਮਿਸ਼ਨਰ ਸ੍ਰ. ਜਤਿੰਦਰ ਸਿੰਘ ਔਲਖ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਵਧੀਕ ਡਿਪਟੀ ਕਮਿਸ਼ਨਰ (ਵ) ਮਿਸ ਅਪਨੀਤ ਰਿਆਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ੍ਰ. ਗੁਰਚਰਨ ਸਿੰਘ ਗਰੇਵਾਲ, ਸੋਈ ਆਗੂ ਸ੍ਰ. ਮੀਤਪਾਲ ਸਿੰਘ ਦੁੱਗਰੀ, ਸ੍ਰ. ਪਰਮਿੰਦਰ ਸਿੰਘ ਬਰਾੜ, ਯੂਥ ਅਕਾਲੀ ਆਗੂ ਸ੍ਰ. ਤਰਸੇਮ ਸਿੰਘ ਭਿੰਡਰ, ਸ੍ਰ. ਪ੍ਰਭਜੋਤ ਸਿੰਘ ਧਾਲੀਵਾਲ, ਸ੍ਰ. ਨਿਰਮਲ ਸਿੰਘ ਐੱਸ. ਐੱਸ., ਜ਼ਿਲ੍ਹਾ ਪ੍ਰਧਾਨ ਸ੍ਰ. ਹਰਭਜਨ ਸਿੰਘ ਡੰਗ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਮੁਕੇਸ਼ ਕੁਮਾਰ, ਸਿਨਰਜੀ ਗਰੁੱਪ ਤੋਂ ਸ੍ਰ. ਪ੍ਰੀਤਪਾਲ ਸਿੰੰਘ ਚੰਢੋਕ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

LEAVE A REPLY