1ਚੰਡੀਗੜ੍ਹ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਡਿਪਟੀ ਮੁੱਖ ਮੰਤਰੀ ਪੁੱਤਰ ਸੁਖਬੀਰ ਬਾਦਲ ਨੂੰ ਅਸਤੀਫਾ ਦੇਣ ਦੀ ਸਲਾਹ ਦਿੰਦਿਆਂ ਕਿਹਾ ਹੈ ਕਿ ਦੋਵੇਂ ਪਿਓ-ਪੁੱਤ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ ਹਨ, ਜਿਸ ਕਾਰਨ ਸੂਬੇ ‘ਚ ਕਾਨੂੰਨ ਤੇ ਵਿਵਸਥਾ ਪੂਰੀ ਤਰ੍ਹਾਂ ਢਹਿ ਚੁੱਕੇ ਹਨ ਅਤੇ ਪੰਜਾਬ ਅਰਾਜਕਤਾ ਵੱਲ ਵੱਧ ਰਿਹਾ ਹੈ।
ਇਸ ਲੜੀ ਹੇਠ ਸੁਖਬੀਰ ਦੇ ਬਿਆਨ ਕਿ ਦੋਨਾਂ ਵਿਰੋਧੀ ਧਰਮ ਪ੍ਰਚਾਰਕਾਂ ਸੰਤ ਰਣਜੀਤ ਸਿੰਘ ਢੰਡਰੀਆਂਵਾਲੇ ਤੇ ਹਰਨਾਮ ਸਿੰਘ ਧੁੰਮਾ ਨੂੰ ਖੁਦ ‘ਚ ਮਾਮਲਾ ਸੁਲਝਾ ਲੈਣਾ ਚਾਹੀਦਾ ਹੈ, ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰੀ ਤੋਂ ਭੱਜਣ ਦੇ ਸਮਾਨ ਹੈ, ਕਿਉਂਕਿ ਇਹ ਸਿਰਫ ਦੋਨਾਂ ਧਰਮ ਪ੍ਰਚਾਰਕਾਂ ਵਿਚਾਲੇ ਇਕ ਵਿਵਾਦ ਨਹੀਂ ਹੈ, ਬਲਕਿ ਕਾਨੂੰਨ ਤੇ ਵਿਵਸਥਾ ਦਾ ਮੁੱਦਾ ਹੈ। ਇਸ ਦੌਰਾਨ 40 ਰਾਉਂਡ ਦੀਆਂ ਗੋਲੀਆਂ ਚੱਲ ਚੁੱਕੀਆਂ ਹਨ ਅਤੇ ਇਕ ਵਿਅਕਤੀ ਦੀ ਜਾਨ ਜਾ ਚੁੱਕੀ ਹੈ।
ਸੰਤ ਰਣਜੀਤ ਸਿੰਘ ਢੰਡਰੀਆਂਵਾਲੇ ਦੇ ਕਾਫਿਲੇ ‘ਤੇ ਫਾਇਰਿੰਗ ਦੀ ਘਟਨਾ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਦੋ ਦਰਜਨ ਤੋਂ ਵੱਧ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕੀਤਾ, 40 ਰਾਉਂਡ ਦੀਆਂ ਗੋਲੀਆਂ ਚਲਾਈਆਂ, ਲੇਕਿਨ ਪੁਲਿਸ ਕੋਲ ਹਾਲੇ ਤੱਕ ਸੁਰਾਗ ਨਹੀਂ ਹੈ। ਜਾਂ ਬਾਦਲ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ? ਇਸੇ ਤਰ੍ਹਾਂ, ਗ੍ਰਹਿ ਮੰਤਰੀ ਦਾ ਅਹੁਦਾ ਵੀ ਸੰਭਾਲਣ ਵਾਲੇ ਡਿਪਟੀ ਮੁੱਖ ਮੰਤਰੀ ਚਾਹੁੰਦੇ ਹਨ ਕਿ ਦੋਵੇਂ ਆਪਸ ‘ਚ ਮਾਮਲਾ ਸੁਲਝਾ ਲੈਣ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸਵਾਲ ਕੀਤਾ ਕਿ ਜੇ ਵਿਰੋਧੀ ਧੜਿਆਂ ਨੂੰ ਆਪਸ ‘ਚ ਮਾਮਲੇ ਸੁਲਝਾਉਣ ਲਈ ਛੱਡ ਦੇਣਾ ਚਾਹੀਦਾ ਹੈ, ਤਾਂ ਫਿਰ ਸੂਬੇ ਤੇ ਇਸਦੇ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਦੀ ਕੀ ਭੂਮਿਕਾ ਹੈ? ਉਨ੍ਹਾਂ ਨੇ ਕਿਹਾ ਕਿ ਸੂਬਾ ਪਹਿਲਾਂ ਹੀ ਵੱਖ ਵੱਖ ਅਪਰਾਧਿਕ ਗੈਂਗਾਂ ਵਿਚਾਲੇ ਲੜਾਈਆਂ ਦਾ ਸਾਹਮਣਾ ਕਰ ਰਿਹਾ ਹੈ। ਇਸਦਾ ਮਤਲਬ ਇਹ ਹੈ ਕਿ ਉਨ੍ਹਾਂ ਗੈਂਗਾਂ ਨੂੰ ਆਪਣੇ ਮਸਲੇ ਸੁਲਝਾਉਣ ਲਈ ਛੱਡ ਦੇਣਾ ਚਾਹੀਦਾ ਹੈ ਅਤੇ ਪੁਲਿਸ ਨੂੰ ਪਿੱਛੇ ਹਟਾ ਕੇ ਪੰਜਾਬ ਨੂੰ ਗੈਂਗ-ਲੈਂਡਸ ਬਣਾ ਦੇਣਾ ਚਾਹੀਦਾ ਹੈ?
ਉਨ੍ਹਾਂ ਨੇ ਕਿਹਾ ਕਿ ਸੀਨੀਅਰ ਬਾਦਲ ਮੱਧਕਾਲੀਨ ਰਾਜਿਆਂ ਦੇ ਦਰਬਾਰਾਂ ਦੀ ਤਰ੍ਹਾਂ ਪਿੰਡਾਂ ‘ਚ ਸੰਗਤ ਦਰਸ਼ਨ ਲਗਾ ਕੇ ਆਪਣਾ ਮਨੋਰੰਜਨ ਕਰ ਰਹੇ ਹਨ ਤੇ ਝੂਠੇ ਸੁਫਨੇ ਦਿਖਾ ਕੇ ਮਾਸੂਮ ਲੋਕਾਂ ਨੂੰ ਧੋਖਾ ਦੇ ਰਹੇ ਹਨ, ਜਦਕਿ ਜੂਨੀਅਰ ਬਾਦਲ ਆਪਣੇ ਵਿਅਕਤੀਗਤ ਬਿਜਨੇਸ ਹਿੱਤਾਂ ਨੂੰ ਵਾਧਾ ਦੇ ਰਹੇ ਹਨ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਅਜਿਹੀ ਅਪਰਾਧਿਕ ਲਾਪਰਵਾਹੀ ਸੂਬੇ ਨੂੰ ਅਰਾਜਕਤਾ ਵੱਲ ਲਿਜਾ ਰਹੀ ਹੈ।

LEAVE A REPLY