7ਚੰਡੀਗੜ੍ਹ : ਕਾਂਗਰਸ ਪਾਰਟੀ ਨੇ ਬੀਤੀ ਰਾਤ ਤੋਂ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ‘ਚ ਹੋਏ ਭਾਰੀ ਵਾਧੇ ਦੀ ਨਿੰਦਾ ਕੀਤੀ ਹੈ। ਇਸ ਲੜੀ ਹੇਠ ਕੇਂਦਰ ਦੀ ਭਾਜਪਾ ਸਰਕਾਰ ‘ਤੇ ਆਮ ਲੋਕਾਂ ਖਿਲਾਫ ਕੰਮ ਕਰਨ ਦਾ ਦੋਸ਼ ਲਗਾਉਂਦਿਆਂ ਸੀਨੀਅਰ ਕਾਂਗਰਸੀ ਆਗੂ ਤੇ ਪਦਮਸ਼੍ਰੀ ਹੰਸ ਰਾਜ ਹੰਸ ਨੇ ਕਿਹਾ ਕਿ ਅਨਾਜ ਦੀਆਂ ਕੀਮਤਾਂ ਤੋਂ ਬਾਅਦ ਹੁਣ ਪਟਰੋਲ ਤੇ ਡੀਜ਼ਲ ਦੀ ਕੀਮਤ ‘ਚ ਕ੍ਰਮਵਾਰ 2.58 ਰੁਪਏ ਪ੍ਰਤੀ ਲੀਟਰ ਤੇ 2.26 ਰੁਪਏ ਪ੍ਰਤੀ ਲੀਟਰ ਵਾਧਾ ਹੋਇਆ ਹੈ। ਇਹ ਤੇਲ ਕੀਮਤਾਂ ‘ਚ ਬਹੁਤ ਵੱਡਾ ਵਾਧਾ ਹੈ, ਜਿਸਦਾ ਆਮ ਲੋਕਾਂ ਤੇ ਆਮ ਦਿਨਾਂ ਦੀਆਂ ਚੀਜ਼ਾਂ ‘ਤੇ ਬੁਰਾ ਅਸਰ ਪਏਗਾ। ਹੰਸ ਨੇ ਵੱਧੀਆਂ ਤੇਲ ਕੀਮਤਾਂ ਨੂੰ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਦਾਲਾਂ ਦੀਆਂ ਕੀਮਤਾਂ ਅਸਮਾਨ ‘ਚ ਹਨ ਅਤੇ ਹੁਣ ਸਬਜ਼ੀਆਂ, ਫੱਲਾਂ ਤੇ ਹੋਰਨਾਂ ਚੀਜ਼ਾਂ ਦੇ ਰੇਟ ਵੀ ਤੇਲ ਦੀਆਂ ਕੀਮਤਾਂ ਕਾਰਨ ਮਹਿੰਗੇ ਹੋ ਜਾਣਗੇ। ਮੋਦੀ ਨੂੰ ਦੇਸ਼ ਦੇ ਲੋਕਾਂ ਨਾਲ ਕੀਤੇ ਆਪਣੇ ਚੋਣ ਵਾਅਦਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ।
ਹੰਸ ਨੇ ਕਿਹਾ ਕਿ ਤੇਲ ਕੀਮਤਾਂ ‘ਚ ਵਾਧੇ ਦਾ ਪੰਜਾਬ ਉੱਤੇ ਸੱਭ ਤੋਂ ਬੁਰਾ ਅਸਰ ਪਏਗਾ। ਪੰਜਾਬ ‘ਚ ਪਹਿਲਾਂ ਹੀ ਗੁਆਂਢੀ ਰਾਜਾਂ ਮੁਕਾਬਲੇ ਤੇਲ ‘ਤੇ ਸਰਚਾਰਜ਼ ਸੱਭ ਤੋਂ ਵੱਧ ਹੈ। ਅਨਾਜ ਦੀਆਂ ਕੀਮਤਾਂ ਵੀ ਤੇਲ ਕੀਮਤਾਂ ‘ਤੇ ਨਿਰਭਰ ਕਰਦੀਆਂ ਹਨ, ਕਿਉਂਕਿ ਉਨ੍ਹਾਂ ਨੂੰ ਵੀ ਟ੍ਰਾਂਸਪੋਰਟ ਕੀਤਾ ਜਾਂਦਾ ਹੈ।

LEAVE A REPLY