1ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੱਖ ਵੱਖ ਪ੍ਰਾਈਵੇਟ ਸਕੂਲਾਂ ਵਲੋਂ ਫੀਸਾਂ ‘ਚ ਨਜ਼ਾਇਜ ਵਾਧੇ ਖਿਲਾਫ ਪ੍ਰਦਰਸ਼ਨ ਕਰ ਰਹੇ ਮਾਪਿਆਂ ‘ਤੇ ਅਪਰਾਧਿਕ ਕੇਸ ਦਰਜ ਕੀਤੇ ਜਾਣ ਦੀ ਅਲੋਚਨਾ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਕੇਸਾਂ ਨੂੰ ਤੁਰੰਤ ਰੱਦ ਕੀਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਇਹ ਜ਼ਿਲ੍ਹਾ ਪ੍ਰਸ਼ਾਸਨ ਦੇ ਅਫਸਰਾਂ ਵੱਲੋਂ ਮਾਪਿਆਂ ਦੀਆਂ ਉਚਿਤ ਚਿੰਤਾਵਾਂ ‘ਤੇ ਧਿਆਨ ਦੇਣ ਦੀ ਬਜਾਏ ਗੈਰ ਜ਼ਮਾਨਤੀ ਅਪਰਾਧਾਂ ਹੇਠ ਦਰਜ ਕੀਤੇ ਝੂਠੇ ਕੇਸਾਂ ਦੇ ਰੂਪ ‘ਚ ਜਾਹਿਰ ਕੀਤੀ ਗੈਰ ਸੰਵੇਦਨਸ਼ੀਲ ਪ੍ਰਤੀਕ੍ਰਿਆ ਹੈ।
ਸਾਬਕਾ ਮੁੱਖ ਮੰਤਰੀ ਨੇ ਅਫਸਰਾਂ ਨੂੰ ਯਾਦ ਦਿਲਾਇਆ ਕਿ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਗਟਾਉਣਾ ਹਰੇਕ ਦਾ ਲੋਕਤਾਂਤਰਿਕ ਅਧਿਕਾਰ ਹੈ। ਉਹ ਇਥੇ ਲੋਕਾਂ ਦੀ ਸੇਵਾ ਲਈ ਹਨ, ਨਾ ਕਿ ਉਨ੍ਹਾਂ ਖਿਲਾਫ ਝੂਠੇ ਕੇਸ ਦਰਜ ਕਰਨ ਵਾਸਤੇ। ਉਨ੍ਹਾਂ ਨੇ ਅਫਸਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੇ ਸਿਆਸੀ ਆਕਾਵਾਂ ਅਕਾਲੀਆਂ ਦੀ ਤਰ੍ਹਾਂ ਵਤੀਰਾ ਨਾ ਅਪਣਾਉਣ, ਜਿਹੜੇ ਆਪਣੇ ਸਿਆਸੀ ਵਿਰੋਧੀਆਂ ਖਿਲਾਫ ਝੂਠੇ ਕੇਸ ਦਰਜ ਕਰਵਾਉਣ ਵਰਗੇ ਕੰਮ ਕਰਦੇ ਹਨ।
ਉਨ੍ਹਾਂ ਨੇ ਅਫਸਰਾਂ ਨੂੰ ਯਾਦ ਦਿਲਾਇਆ ਕਿ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਵਾਸਤੇ ਤਾਕਤਾਂ ਦਿੱਤੀਆਂ ਗਈਆਂ ਹਨ, ਨਾ ਕਿ ਆਪਣੇ ਵਿਅਕਤੀਗਤ ਘਮੰਡਾਂ ‘ਤੇ ਚੱਲਣ ਲਈ। ਬੇਹਤਰ ਹੋਵੇਗਾ, ਜੇ ਤੁਸੀਂ ਪ੍ਰਦਰਸ਼ਨਕਾਰੀ ਮਾਪਿਆਂ ਖਿਲਾਫ ਦਰਜ਼ ਕੀਤੇ ਕੇਸਾਂ ਨੂੰ ਰੱਦ ਕਰ ਦਿਓ, ਨਹੀਂ ਤਾਂ ਕਾਂਗਰਸ ਸਰਕਾਰ ਆਉਣ ‘ਤੇ ਆਪਣੀਆਂ ਤਾਕਤਾਂ ਦੀ ਦੁਰਵਰਤੋਂ ਲਈ ਤੁਹਾਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ।

LEAVE A REPLY