5ਚੰਡੀਗੜ੍ਹ  : ਕਾਂਗਰਸ ਵਿਧਾਈ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਫਰਵਰੀ 2017 ਦੀਆਂ ਵਿਧਾਨ ਸਭਾ ਚੋਣਾਂ ਅਕਾਲੀ ਭਾਜਪਾ ਗਠਜੋੜ ਲਈ ਵਾਟਰ ਲੂ ਸਾਬਤ ਹੋਣਗੀਆਂ ਅਤੇ ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਨੂੰ ਆਪਣੇ ਗੁਨਾਹਾਂ ਲਈ ਉਚਿਤ ਸਥਾਨ ਦਿਖਾਇਆ ਜਾਵੇਗਾ। ਮਜੀਠੀਆ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਮਜੀਠੀਆ ਵੱਲੋਂ ਕੱਲ੍ਹ ਮੀਡੀਆ ‘ਚ ਕਾਂਗਰਸ ਮੀਤ ਪ੍ਰਧਾਨ ਖਿਲਾਫ ਬੋਲੇ ਸ਼ਬਦਾਂ ਦੇ ਜਵਾਬ ‘ਚ ਚੰਨੀ ਨੇ ਕਿਹਾ ਕਿ ਮਜੀਠੀਆ ਨੂੰ ਰਾਹੁਲ ਗਾਂਧੀ ਖਿਲਾਫ ਆਪਣੇ ਸ਼ਬਦਾਂ ਨੂੰ ਤੁਰੰਤ ਵਾਪਿਸ ਲੈਣਾ ਚਾਹੀਦਾ ਹੈ। ਰਾਹੁਲ ਇਕ ਦੂਰਗਾਮੀ ਸੋਚ ਵਾਲੇ ਆਗੂ ਹਨ। ਉਹ ਇਕ ਅਗਾਂਹਵਧੂ ਸੋਚ ਵਾਲੇ ਆਗੂ ਹਨ ਅਤੇ ਆਉਂਦੀਆਂ ਚੋਣਾਂ ‘ਚ ਕਾਂਗਰਸ ਪਾਰਟੀ ਦੀ ਜਿੱਤ ਦੀ ਅਗਵਾਈ ਕਰਨਗੇ।
ਇਕ ਬਿਆਨ ‘ਚ ਚੰਨੀ ਨੇ ਮਜੀਠੀਆ ਨੂੰ ਯਾਦ ਦਿਲਾਇਆ ਕਿ ਉਹ ਸਿਰਫ ਇਹੋ ਦਾਅਵਾ ਕਰ ਸਕਦੇ ਹਨ ਕਿ ਉਹ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਾਲੇ ਹਨ ਅਤੇ ਇਸ ਕਰਕੇ ਉਨ੍ਹਾਂ ਨੂੰ ਦੂਜੀ ਤੇ ਤੀਜ਼ੀ ਵਾਰ ਵਿਧਾਇਕ ਚੁਣੇ ਗਏ ਕਈ ਸੀਨੀਅਰ ਪਾਰਟੀ ਆਗੂਆਂ ਤੋਂ ਵੱਧ ਤਰਜੀਹ ਦਿੰਦਿਆਂ ਇਕ ਮੰਤਰੀ ਬਣਾਇਆ ਗਿਆ। ਇਸਦੇ ਤਹਿਤ ਮਜੀਠੀਆ ਨੂੰ ਅੰਮ੍ਰਿਤਸਰ ਦੀਆਂ ਗਲੀਆਂ ‘ਚ ਜਾਣਾ ਚਾਹੀਦਾ ਹੈ, ਜਿਥੇ ਉਹ ਵੱਡੇ ਹੋਏ ਹਨ, ਤਾਂ ਸਿੱਖਾਂ ਦੀ ਇਸ ਪਵਿੱਤਰ ਨਗਰੀ ‘ਚ ਲੋਕਾਂ ਵਿਚਾਲੇ ਉਨ੍ਹਾਂ ਤੇ ਅਕਾਲੀ ਦਲ ਖਿਲਾਫ ਗੁੱਸੇ ਦਾ ਉਨ੍ਹਾਂ ਨੂੰ ਖੁਦ ਪਤਾ ਚੱਲ ਜਾਵੇਗਾ।
ਚੰਨੀ ਨੇ ਦੋਸ਼ ਲਗਾਇਆ ਕਿ ਸੁਖਬੀਰ ਬਾਦਲ ਦੀ ਸ਼ੈਅ ਹੇਠ ਪੰਜਾਬ ‘ਚ ਨਸ਼ਾ ਤਸਕਰੀ ਤੋਂ ਲੈ ਕੇ ਰੇਤ ਉਪਰ ਏਕਾਧਿਕਾਰ ਤੱਕ ਜੋ ਕੁਝ ਵੀ ਗਲਤ ਵਾਪਰਿਆ ਉਸ ਲਈ ਮਜੀਠੀਆ ਜ਼ਿੰਮੇਵਾਰ ਹਨ। ਉਨ੍ਹਾਂ ਨੂੰ ਇਹ ਵੀ ਜਾਣਨਾ ਚਾਹੀਦਾ ਹੈ ਕਿ ਕਿਵੇਂ ਉਨ੍ਹਾਂ ਦੇ ਗੁੰਡੇ ਰੇਹੜੀਵਾਲਿਆਂ ਤੋਂ ਮਜੀਠੀਆ ਟੈਕਸ ਵਜੋਂ ਪੈਸੇ ਵਸੂਲਦੇ ਹਨ। ਲੋਕ ਉਨ੍ਹਾਂ ਨੂੰ ਦੱਸਣਗੇ ਕਿ ਮਸ਼ਹੂਰ ਢਾਬਿਆਂ, ਰੇਸਤਰਾਂ ਤੋਂ ਰੋਜ਼ਾਨਾ ਮਜੀਠੀਆ ਟੈਕਸ ਵਸੂਲਿਆ ਜਾਂਦਾ ਹੈ।
ਚੰਨੀ ਨੇ ਕਿਹਾ ਕਿ ਕਾਂਗਰਸ ਰਾਹੁਲ ਗਾਂਧੀ ਦੀ ਅਗਵਾਈ ਤੇ ਲੋਕਾਂ ਦੇ ਸਮਰਥਨ ਨਾਲ ਅਕਾਲੀ ਦਲ ਤੇ ਮਜੀਠੀਆ ਨੂੰ ਉਹ ਸਬਕ ਸਿਖਾਏਗੀ, ਜਿਸਨੂੰ ਉਨ੍ਹਾਂ ਦੀ ਪਾਰਟੀ ਦੇ ਇਤਿਹਾਸ ‘ਚ ਸੱਭ ਤੋਂ ਭਾਰੀ ਹਾਰ ਵਜੋਂ ਯਾਦ ਕੀਤਾ ਜਾਵੇਗਾ।
ਉਨ੍ਹਾਂ ਨੇ ਸਿੱਖ ਗੁਰੂਆਂ, ਸੰਤਾਂ ਤੇ ਪੀਰਾਂ ਦੀ ਜ਼ਮੀਨ ਪੰਜਾਬ ਨੂੰ ਨਸ਼ਿਆਂ ਦਾ ਸਵਰਗ ਬਣਾਉਣ ਲਈ ਮਾਲ ਮੰਤਰੀ ਦੀ ਨਿੰਦਾ ਕੀਤੀ ਅਤੇ ਪੰਜਾਬ ਦਾ ਭਵਿੱਖ ਉਜਾੜਨ ਲਈ ਉਨ੍ਹਾਂ ਦੀ ਪਾਰਟੀ ਨੂੰ ਜਿੰਮੇਵਾਰ ਦੱਸਿਆ। ਜੇ ਅੱਜ ਪੰਜਾਬ ਦੀ ਹਰੇਕ ਨੁੱਕੜ ‘ਤੇ ਨਸ਼ੇ ਉਪਲਬਧ ਹਨ, ਤਾਂ ਇਸ ਲਈ ਉਹ ਜ਼ਿੰਮੇਵਾਰ ਹਨ ਅਤੇ ਇਸ ਖਿਲਾਫ ਅਵਾਜ਼ ਚੁੱਕਣ ਵਾਲੇ ਪਹਿਲੇ ਆਗੂ ਰਾਹੁਲ ਗਾਂਧੀ ਹਨ।
ਵਿਰੋਧੀ ਧਿਰ ਦੇ ਲੀਡਰ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਪੂਰੀ ਤਰ੍ਹਾਂ ਖਤਮ ਹੁੰਦਾ ਜਾ ਰਿਹਾ ਹੈ ਅਤੇ ਇਹ ਚੋਣਾਂ ਅੰਨਿਆਂ, ਭ੍ਰਿਸ਼ਟਾਚਾਰ ਤੇ ਤਸਕਰੀ ਦੇ ਪ੍ਰਤੀਕ ਵਜੋਂ ਜਾਣੀ ਜਾਂਦੀ ਉਨ੍ਹਾਂ ਦੀ ਪਾਰਟੀ ਨੂੰ ਉਸਦਾ ਸਹੀ ਭਵਿੱਖ ਦੇਣਗੀਆਂ।
ਚੰਨੀ ਨੇ ਪੰਜਾਬ ‘ਚ ਦਿਨ ਦਿਹਾੜੇ ਹੋ ਰਹੀਆਂ ਹੱਤਿਆ ਦੀਆਂ ਵਾਰਦਾਤਾਂ ਲਈ ਅਕਾਲੀ ਭਾਜਪਾ ਗਠਜੋੜ ਦੀ ਨਿੰਦਾ ਕੀਤੀ। ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਨੂੰ ਬਿਗੜ ਰਹੀ ਕਾਨੂੰਨ ਤੇ ਵਿਵਸਥਾ ਦੀ ਸਥਿਤੀ ‘ਤੇ ਚਰਚਾ ਲਈ ਤੁਰੰਤ ਵਿਧਾਨ ਸਭਾ ਦਾ ਏਮਰਜੇਂਸੀ ਸੈਸ਼ਨ ਦੱਸਣਾ ਚਾਹੀਦਾ ਹੈ। ਆਏ ਦਿਨ ਬਿਜਨੇਸਮੈਨਾਂ, ਧਰਮ ਪ੍ਰਚਾਰਕਾਂ, ਸਿਆਸਤਦਾਨਾਂ ਤੇ ਸਨਅਤਕਾਰਾਂ ਨੂੰ ਕਤਲ ਜਾਂ ਅਗਵਾ ਕੀਤਾ ਜਾ ਰਿਹਾ ਹੈ। ਪੰਜਾਬ ਦੇ ਇਨ੍ਹਾਂ ਹਾਲਾਤਾਂ ਲਈ ਕੌਣ ਜ਼ਿੰਮੇਵਾਰ ਹੈ? ਪੁੰਜਾਬ ਪੁਲਿਸ ਅਜਿਹੇ ਅਨਸਰਾਂ ਨੂੰ ਕਾਬੂ ਕਰਨ ‘ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਆਮ ਲੋਕਾਂ ਦੀ ਕੋਈ ਸੁਰੱਖਿਆ ਨਹੀਂ ਹੈ, ਸਿਆਸੀ-ਪੁਲਿਸ ਦੀ ਸ਼ੈਅ ਹੇਠ ਅਪਰਾਧੀ ਖੁੱਲ੍ਹੇਆਮ ਘੁੰਮ ਰਹੇ ਹਨ।

LEAVE A REPLY