9ਸ੍ਰੀ ਮੁਕਤਸਰ ਸਾਹਿਬ/ਚੰਡੀਗੜ੍ਹ  : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਬਰਾਬਰ ਸਹੂਲਤਾਂ ਅਤੇ ਸੁਵਿਧਾਵਾਂ ਦੇਣ ਦੇ ਮੰਤਵ ਨਾਲ 4 ਹਜ਼ਾਰ ਕਰੋੜ ਰੁਪਏ ਨਾਲ ਪਿੰਡਾਂ ਦੀ ਕਾਇਆ ਕਲਪ ਕੀਤੀ ਜਾਵੇਗੀ ਅਤੇ ਅਗਲੇ ਪੰਜ ਸਾਲਾਂ ਵਿਚ ਪਿੰਡਾਂ ਦਾ ਚਹੁੰ ਮੁਖੀ ਵਿਕਾਸ ਹੋ ਜਾਵੇਗਾ। ਇੱਥੇ ਅਜੂਰ ਪਾਵਰ ਦੇ ਨਵੇਂ ਸੋਲਰ ਪਲਾਂਟ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਤਰੱਕੀ ਦੀਆਂ ਨਵੀਆਂ ਇਬਾਰਤਾਂ ਲਿਖ ਰਿਹਾ ਹੈ ਅਤੇ ਗੁਆਂਢੀ ਸੂਬਿਆਂ ਨਾਲੋਂ ਪੰਜਾਬ ਵਿਚ ਤਰੱਕੀ ਕਿਤੇ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬਿਆਂ ਵਿਚ ਜਿੱਥੇ ਬਿਜਲੀ 24 ਘੰਟਿਆਂ ਬਾਅਦ ਕੁਝ ਸਮੇਂ ਲਈ ਆਉਂਦੀ ਹੈ ਉੱਥੇ ਹੀ ਪੰਜਾਬ ਵਿਚ ਬਿਜਲੀ ਸਪਲਾਈ 24 ਘੰਟੇ ਹੈ ਅਤੇ ਸੋਲਰ ਪਲਾਂਟਾਂ ਦੀ ਬਦੌਲਤ ਆਉਣ ਵਾਲੇ ਸਮੇਂ ਵਿਚ ਪੰਜਾਬ ‘ਚ ਬਿਜਲੀ ਦੀ ਪੈਦਾਵਾਰ ਰਿਕਾਰਡਤੋੜ ਹੋ ਜਾਵੇਗੀ।
ਵਣ ਵਾਲਾ ਵਿਖੇ ਨਵੇਂ ਸੋਲਰ ਪਲਾਂਟ ਦੇ ਨਾਲ ਹੀ ਪੰਜਾਬ ਸਰਕਾਰ ਦੀ ਮਦਦ ਨਾਲ ਅਜੂਰ ਪਾਵਰ ਵੱਲੋਂ ਬਾਦਲ, ਬਠਿੰਡਾ ਜ਼ਿਲ੍ਹੇ ਦੇ ਬਹਾਦਰਗੜ੍ਹ ਜੰਡੀਆ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਕੋਰਿਆਂਵਾਲੀ ਅਤੇ ਬਹਾਦਰਖੇੜਾ ਵਿਖੇ 798.6 ਕਰੋੜ ਰੁਪਏ ਦੀ ਲਾਗਤ ਨਾਲ 150 ਮੈਗਾਵਾਟ ਸਮਰੱਥਾ ਦੇ ਸੋਲਰ ਪਲਾਂਟਾਂ ਦੀ ਸਥਾਪਤੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਸ. ਬਾਦਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਫ-ਸੁਥਰੀ ਅਤੇ ਸਸਤੀ ਬਿਜਲੀ ਲਈ ਸੂਰਜੀ ਊਰਜਾ ਦੇ ਪਲਾਂਟਾਂ ਦੀ ਸਥਾਪਤੀ ਪੰਜਾਬ ਲਈ ਬਹੁਤ ਲਾਹੇਵੰਦ ਹੈ ਅਤੇ ਇਸ ਨਾਲ ਕਿਸਾਨਾਂ ਨੂੰ ਵੀ ਆਰਥਿਕ ਪੱਧਰ ‘ਤੇ ਫਾਇਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਕਿਆਂ ਦੀ ਜ਼ਮੀਨਾਂ ਸੇਮ ਪ੍ਰਭਾਵਿਤ ਜਾਂ ਕੱਲਰ ਹਨ ਉੱਥੇ ਸੋਲਰ ਪਲਾਂਟਾਂ ਦੀ ਸਥਾਪਤੀ ਨਾਲ ਜਿੱਥੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਇਆ ਹੈ ਉੱਥੇ ਹੀ ਬਿਜਲੀ ਦੀ ਵੱਧ ਰਹੀ ਮੰਗ ਨੂੰ ਵੀ ਸੌਖਿਆ ਹੀ ਪੂਰਾ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਵਿਚ ਸੋਲਰ ਪਲਾਂਟਾਂ ਦੀ ਸਥਾਪਤੀ ਪੱਖੋਂ ਮੁਕਤਸਰ ਜ਼ਿਲ੍ਹਾ ਪੰਜਾਬ ਵਿਚ ਪਹਿਲੇ ਨੰਬਰ ‘ਤੇ ਹੈ ਅਤੇ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਸੂਬੇ ਦੇ ਹੋਰਨਾਂ ਇਲਾਕਿਆਂ ਵਿਚ ਵੀ ਸੂਰਜੀ ਊਰਜਾ ਦੀ ਪੈਦਾਵਾਰ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਸ. ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ 100 ਕਰੋੜ ਰੁਪਏ ਦੀ ਲਾਗਤ ਨਾਲ 1000 ਪਿੰਡਾਂ ਵਿਚ ਸੋਲਰ ਲਾਈਟਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਕਾਸ ਦੀਆਂ ਨਵੀਆਂ ਮੰਜ਼ਿਲਾਂ ਸਰ ਕਰ ਰਿਹਾ ਹੈ ਅਤੇ ਇਸ ਦੇ ਉਲਟ ਸਿਆਸੀ ਵਿਰੋਧੀ ਪੰਜਾਬ ਨੂੰ ਬਦਨਾਮ ਕਰ ਰਹੇ ਹਨ ਅਤੇ ਝੂਠੇ ਪ੍ਰਚਾਰ ਰਾਹੀਂ ਪੰਜਾਬੀਆਂ ਨੂੰ ਨਸ਼ੇੜੀ ਕਿਹਾ ਜਾ ਰਿਹਾ ਹੈ। ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੱਢੀਆਂ ਗਈਆਂ ਪੰਜਾਬ ਪੁਲਿਸ ਦੇ ਕਾਂਸਟੇਬਲਾਂ ਦੀਆਂ ਅਸਾਮੀਆਂ ਵਿਚ ਸਭ ਉਮੀਦਵਾਰਾਂ ਦਾ ਡਰੱਗ ਟੈਸਟ ਹੋਵੇਗਾ ਅਤੇ ਇਸ ਦੇ ਨਤੀਜਿਆਂ ਤੋਂ ਪਤਾ ਚੱਲ ਜਾਵੇਗਾ ਕਿ ਪੰਜਾਬ ਵਿਚ ਕਿੰਨੇ ਕੁ ਨਸ਼ੱਈ ਹਨ।ਉਨ੍ਹਾਂ ਦੱਸਿਆ ਕਿ 3 ਕਰੋੜ ਰੁਪਏ ਦੀ ਲਾਗਤ ਨਾਲ ਡਰੱਗ ਟੈਸਟ ਵਾਲੀਆਂ ਕਿੱਟਾਂ ਮੰਗਵਾਈਆਂ ਗਈਆਂ ਹਨ। ਸ. ਬਾਦਲ ਨੇ ਕਿਹਾ ਕਿ ਸਿਰਫ ਦੋ ਦਿਨਾਂ ਵਿਚ 57000 ਉਮੀਦਵਾਰਾਂ ਨੇ ਫਾਰਮ ਭਰ ਦਿੱਤੇ ਹਨ ਅਤੇ ਉਮੀਦ ਹੈ ਕਿ ਇਹ ਗਿਣਤੀ ਢਾਈ ਲੱਖ ਤੋਂ ਪਾਰ ਜਾਵੇਗੀ।
ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਕੰਗਾਲ ਦੱਸਣ ਵਾਲੇ ਸਿਆਸੀ ਵਿਰੋਧੀਆਂ ਦੇ ਦੋਸ਼ਾਂ ਦੇ ਉਲਟ ਪੰਜਾਬ ਕਣਕ-ਝੋਨੇ, ਦੁੱਧ, ਸ਼ਹਿਦ, ਧਾਗਾ, ਖੁੰਬਾਂ ਅਤੇ ਸਾਈਕਲਾਂ ਦੀ  ਪੈਦਾਵਾਰ ਵਿਚ ਦੇਸ਼ ਦਾ ਮੋਹਰੀ ਸੂਬਾ ਹੈ ਅਤੇ ਸਭ ਤੋਂ ਜ਼ਿਆਦਾ ਟਰੈਕਟਰ ਵੀ ਪੰਜਾਬ ਵਿਚ ਹੀ ਬਣਦੇ ਹਨ। ਇਸ ਤੋ ਪਹਿਲਾਂ ਸ. ਬਾਦਲ ਨੇ ਕਿਲਿਆਂਵਾਲੀ ਵਿਚ 201 ਕਰੋੜ ਰੁਪਏ ਦੀ ਲਾਗਤ ਨਾਲ 28 ਮੈਗਾਵਾਟ ਸਮਰੱਥਾ ਦੇ ਸੋਲਰ ਪਲਾਂਟ ਦਾ ਉਦਘਾਟਨ ਕੀਤਾ ਜਿੱਥੇ ਸਾਲਾਨਾ 420 ਲੱਖ ਯੂਨਿਟ ਬਿਜਲੀ ਪੈਦਾ ਹੋਵੇਗੀ।
ਇਸ ਮੌਕੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸੂਰਜੀ ਊਰਜਾ ਦੇ ਖੇਤਰ ਵਿਚ ਨਵੇਂ ਮੁਕਾਮ ਹਾਸਲ ਕਰ ਰਿਹਾ ਹੈ ਅਤੇ 2017 ਤੱਕ 2000 ਪਿੰਡ ਅਜਿਹੇ ਹੋਣਗੇ ਜਿਨ੍ਹਾਂ ਨੂੰ ਬਿਜਲੀ ਸਿਰਫ ਸੋਲਰ ਪਲਾਂਟਾਂ ਰਾਹੀਂ ਦਿੱਤੀ ਜਾਇਆ ਕਰੇਗੀ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਪੰਜਾਬ ਦੇਸ਼ ਵਿਚ ਇਕ ਹੋਰ ਮੀਲ ਪੱਥਰ ਗੱਡਣ ਵਿਚ ਸਫਲ ਹੋਇਆ ਹੈ ਅਤੇ ਇੱਥੇ ਛੱਤ ‘ਤੇ ਲੱਗਣ ਵਾਲੇ ਸੋਲਰ ਪਲਾਂਟ ਦੇਸ਼ ਵਿਚ ਸਭ ਤੋਂ ਜ਼ਿਆਦਾ ਹਨ ਅਤੇ ਪੰਜਾਬ ਦੀ ਇਸ ਪ੍ਰਾਪਤੀ ਲਈ 7 ਜੂਨ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਿਗਿਆਨ ਭਵਨ ਵਿਖੇ ਪੰਜਾਬ ਸਰਕਾਰ ਨੂੰ ਸਨਮਾਨਿਤ ਕਰ ਰਹੇ ਹਨ।
ਸ. ਮਜੀਠੀਆ ਨੇ ਕਿਹਾ ਕਿ ਦੁਨੀਆਂ ਦੇ ਸਭ ਤੋਂ ਵੱਡੇ ਛੱਤ ‘ਤੇ ਲੱਗਣ ਵਾਲੇ ਸੋਲਰ ਪਲਾਂਟ ਦਾ ਪਿਛਲੇ ਦਿਨੀਂ ਬਿਆਸ ਵਿਖੇ ਉਦਘਾਟਨ ਕੀਤਾ ਗਿਆ ਹੈ ਅਤੇ ਹੁਣ ਜਿਸ-ਜਿਸ ਪਿੰਡ ਵਿਚ ਵੀ ਸੋਲਰ ਪਲਾਂਟ ਸਥਾਪਿਤ ਕੀਤੇ ਜਾਣਗੇ ਉਨ੍ਹਾਂ ਪਿੰਡਾਂ ਦੀਆਂ ਸਟਰੀਟ ਲਾਈਟਾਂ ਨੂੰ ਸੋਲਰ ਪਲਾਂਟਾਂ ਰਾਹੀਂ ਬਿਜਲੀ ਮੁਫਤ ਦਿੱਤੀ ਜਾਇਆ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸੋਲਰ ਦੇ ਖੇਤਰ ਵਿਚ 12000 ਕਰੋੜ ਰੁਪਏ ਤੋਂ ਵੀ ਜ਼ਿਆਦਾ ਦਾ ਨਿਵੇਸ਼ ਹੋ ਚੁੱਕਾ ਹੈ ਅਤੇ ਇਸ ਖੇਤਰ ਵਿਚ ਵੱਡੇ ਪੱਧਰ ‘ਤੇ ਨੌਜਵਾਨਾਂ ਨੂੰ ਨੌਕਰੀਆਂ ਵੀ ਮਿਲ ਰਹੀਆਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ, ਪੰਜਾਬ ਐਗਰੋ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਸ. ਦਿਆਲ ਸਿੰਘ ਕੋਲਿਆਂਵਾਲੀ, ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦੇ ਉਪ ਚੇਅਰਮੈਨ ਸ੍ਰੀ ਕੁਲਵੰਤ ਸਿੰਘ ਕੀਤੂ, ਉੱਪ ਮੁੱਖ ਮੰਤਰੀ ਦੇ ਓਐਸਡੀ ਸ. ਚਰਨਜੀਤ ਸਿੰਘ ਬਰਾੜ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਬਲਕਰਨ ਸਿੰਘ, ਚੇਅਰਮੈਨ ਕੋ-ਆਪਰੇਟਿਵ ਬੈਂਕ ਸ੍ਰੀ ਤੇਜਿੰਦਰ ਸਿੰਘ ਮਿੱਡੂਖੇੜਾ, ਸੀਨੀਅਰ ਅਕਾਲੀ ਆਗੂ ਸ. ਅਵਤਾਰ ਸਿੰਘ ਵਣ ਵਾਲਾ, ਪੇਡਾ ਦੇ ਸੀਈਓ ਡਾ. ਅਮਰਪਾਲ ਸਿੰਘ, ਡਿਪਟੀ ਕਮਿਸ਼ਨਰ ਡਾ. ਸੁਮਿਤ ਜਾਰੰਗਲ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਗਿੱਲ, ਅਜੂਰ ਪਾਵਰ ਦੇ ਚੇਅਰਮੈਨ ਸ੍ਰੀ ਹਰਕੰਵਲ ਸਿੰਘ ਵਧਵਾ ਅਤੇ ਕੋ-ਫਾਊਂਡਰ ਸ੍ਰੀ ਪ੍ਰੀਤ ਸੰਧੂ ਆਦਿ ਹਾਜ਼ਰ ਸਨ

LEAVE A REPLY