1ਚੰਡੀਗੜ  : ਇਨਕਮ ਟੈਕਸ ਅਧਿਕਾਰੀਆਂ ਵੱਲੋਂ ਧਿਆਨ ਵਿੱਚ ਲਿਆਏ ਜਾਣ ਉਪਰੰਤ ਫੇਮਾ ਨਿਯਮਾਂ ਦੀ ਉਲੰਘਣਾ ਕਰਨ ਦੇ ਸਬੰਧ ਵਿੱਚ ਈ.ਡੀ ਨੇ ਰਣਇੰਦਰ ਸਿੰਘ ਨੂੰ 16 ਜੂਨ ਨੂੰ ਤਲਬ ਕੀਤਾ ਹੈ। ਬ੍ਰਿਟਿਸ਼ ਵਰਜਿਨ ਆਈਲੈਂਡ ਵਿੱਚ ਟਰੱਸਟਾਂ ਦੀ ਮਾਲਕੀ ਸਬੰਧੀ ਵਿਭਾਗ ਨੂੰ ਝੂਠੀ ਜਾਣਕਾਰੀ ਦੇਣ ਕਾਰਨ ਇਨਕਮ ਟੈਕਸ ਅਧਿਕਾਰੀਆਂ ਨੇ ਰਣਇੰਦਰ ਸਿੰਘ ਖਿਲਾਫ ਇਹ ਕਾਰਵਾਈ ਸ਼ੁਰੂ ਕੀਤੀ ਹੈ। ਇਹ ਉਕੱਤ ਬਿਆਨ ‘ਆਪ’ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਪੇਸ਼ ਕੀਤੇ। ਸੁਖਪਾਲ ਖਹਿਰਾ ਨੇ ਕਿਹਾ ਕਿ ਟੈਕਸ ਵਿਭਾਗ ਨੇ ਪਾਇਆ ਕਿ ਰਣਇੰਦਰ ਸਿੰਘ ਜਕਰੰਦਾ ਟਰੱਸਟ ਵਿੱਚ ਦਾਨਕਰਤਾ ਅਤੇ ਮੁਲਵਾਲਾ ਹੋਲਡਿੰਗਸ ਲਿਮਟਿਡ, ਲਿਮਲੋਕ ਇੰਟਰਨੈਸ਼ਨਲ ਲਿਮਟਿਡ ਅਤੇ ਆਲਵਰਥ ਵੈਂਚਰ ਹੋਲਡਿੰਗਸ ਲਿਮਟਿਡ ਦਾ ਮਾਲਿਕ ਸੀ। ਬ੍ਰਿਟਿਸ਼ ਵਰਜਿਨ ਅਧਿਕਾਰੀਆਂ ਨੇ ਟੈਕਸ ਵਿਭਾਗ ਨੂੰ ਸੂਚਿਤ ਕੀਤਾ ਕਿ ਰਣਇੰਦਰ ਸਿੰਘ ਦੀ ਮਾਲਕੀ ਵਾਲੇ ਉਕਤ ਵਪਾਰਿਕ ਅਦਾਰਿਆਂ ਕੋਲ ਐਚ.ਐਸ.ਬੀ.ਸੀ ਬੈਂਕ ਜਨੇਵਾ ਵਿੱਚ ਖਾਤਿਆਂ ਸਮੇਤ ਵੱਡੀ ਵਿੱਤੀ ਸੰਪਤੀ ਅਤੇ ਯੂ.ਕੇ ਅਤੇ ਦੁਬਈ ਵਿੱਚ ਜਾਇਦਾਦਾਂ ਹਨ। ਇਹ ਸਾਰੇ ਲੈਣ ਦੇਣ, ਕੰਪਨੀਆਂ ਬਣਾਇਆ ਜਾਣਾ, ਯੂ.ਕੇ ਅਤੇ ਦੁਬਈ ਵਿੱਚ ਜਾਇਦਾਦਾਂ ਖਰੀਦੇ ਜਾਣ ਦੀ ਪ੍ਰਕਿਰਿਆ ਸੰਨ 2005 ਵਿੱਚ ਹੋਈ ਜਦ ਉਸ ਦੇ ਪਿਤਾ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ। ਹੋਰਨਾਂ ਸ਼ਬਦਾਂ ਵਿੱਚ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਸੂਬੇ ਦੀ ਲੁੱਟ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੇ ਕਾਲਾ ਧੰਨ ਵਿਦੇਸ਼ਾਂ ਵਿੱਚ ਜਮਾਂ ਕਰ ਦਿੱਤਾ।
ਇਥੇ ਇਹ ਦੱਸਣਾ ਜਰੂਰੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਵੱਲੋਂ ਕੀਤੇ ਗਏ ਗਲਤ ਵਿੱਤੀ ਲੈਣ ਦੇਣ ਦੀ ਜਾਂਚ ਕੇਂਦਰ ਵਿੱਚ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਸਮੇਂ ਦੋਰਾਨ 2011 ਵਿੱਚ ਹੀ ਸ਼ੁਰੂ ਹੋ ਗਈ ਸੀ। ਇਸ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਘੜਿਆ ਗਿਆ ਇਹ ਜਵਾਬ ਕਿ ਅੰਮ੍ਰਿਤਸਰ ਲੋਕ ਸਭਾ ਚੋਣਾਂ ਵਿੱਚ ਹਾਰਨ ਕਾਰਨ ਅਰੁਣ ਜੇਤਲੀ ਸਿਆਸੀ ਬਦਲਾਖੋਰੀ ਦੀ ਨੀਤੀ ਤਹਿਤ ਉਸ ਦੇ ਖਿਲਾਫ ਕਾਰਵਾਈ ਕਰ ਰਹੇ ਹਨ, ਸਿਆਸਤ ਤੋਂ ਪ੍ਰੇਰਿਤ, ਬਿਨਾਂ ਕਿਸੇ ਤਰਕ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਘੜਿਆ ਗਿਆ ਡਰਾਮਾ ਹੈ।
ਆਮ ਆਦਮੀ ਪਾਰਟੀ ਦੀ ਕਾਂਗਰਸ ਪਾਰਟੀ ਨੂੰ ਚੁਣੋਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਉੱਪਰ ਵਿੱਤੀ ਧਾਂਦਲੇਬਾਜੀ ਕਰਨ ਅਤੇ ਵਿਦੇਸ਼ਾਂ ਵਿੱਚ ਕਾਲਾ ਧੰਨ ਲੁਕਾਏ ਜਾਣ ਦੇ ਲਗੇ ਇਲਜਾਮਾਂ ਉੱਪਰ ਆਪਣਾ ਸਟੈਂਡ ਸਪੱਸ਼ਟ ਕਰੇ। ਆਮ ਆਦਮੀ ਪਾਰਟੀ ਕਾਂਗਰਸ ਨੂੰ ਇਹ ਯਾਦ ਕਰਵਾਉਣਾ ਚਾਹੁੰਦੀ ਹੈ ਕਿ ਜਦੋਂ ਪਿਛਲੇ ਸਾਲ ਬਿਕਰਮ ਮਜੀਠੀਆ ਨੂੰ ਈ.ਡੀ ਨੇ ਸੰਮਨ ਕੀਤਾ ਸੀ ਤਾਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਅਤੇ ਧਰਨੇ ਲਗਾ ਕੇ ਉਹਨਾਂ ਨੇ ਮਾਲ ਮੰਤਰੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਚੀਖ ਚਹਾੜਾ ਪਾਇਆ ਸੀ। ਕੀ ਪੀ.ਪੀ.ਸੀ.ਸੀ ਪ੍ਰਧਾਨ ਖਿਲਾਫ ਅਜਿਹੀ ਹੀ ਕਾਰਵਾਈ ਕੀਤੇ ਜਾਣ ਦੀ ਮੰਗ ਕਰਨ ਦਾ ਕਾਂਗਰਸ ਕੋਲ ਨੈਤਿਕ ਹੋਂਸਲਾ ਹੈ, ਕਿਉਂਕਿ ਕੈਪਟਨ ਸਿੰਘ ਦੇ ਖਿਲਾਫ ਲੱਗੇ ਇਲਜਾਮ ਬੇਹੱਦ ਗੰਭੀਰ ਹਨ? ਕਾਲੇ ਧੰਨ ਦੇ ਮਾਮਲੇ ਉੱਪਰ ਕਾਂਗਰਸ ਪਾਰਟੀ ਹੁਣ ਦੋਹਰੇ ਮਾਪਦੰਡ ਕਿਉਂ ਅਪਨਾ ਰਹੀ ਹੈ? ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਲੱਗੇ ਅਜਿਹੇ ਗੰਭੀਰ ਇਲਜਾਮਾਂ ਦੇ ਬਾਵਜੂਦ ਬਾਦਲਾਂ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਾਰੀ ਸਾਜਿਸ਼ੀ ਚੁੱਪੀ ਉੱਪਰ ਵੀ ਸਵਾਲ ਕਰਦੀ ਹੈ, ਕੀ ਇਹ ਦੋਸਤਾਨਾ ਮੈਚ ਨਹੀਂ ਹੈ?
ਇਸ ਲਈ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਵੱਲੋਂ ਪੂਰੀ ਤਰਾਂ ਨਾਲ ਫੇਮਾ ਦੀ ਕੀਤੀ ਗਈ ਉਲੰਘਣਾ ਅਤੇ ਵਿਦੇਸ਼ਾਂ ਵਿੱਚ ਕਾਲਾ ਧੰਨ ਲੁਕਾਏ ਜਾਣ ਦੇ ਦਸਤਾਵੇਜ਼ੀ ਸਬੂਤਾਂ ਦੀ ਗੰਭੀਰਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਉਹ ਪੀ.ਪੀ.ਸੀ.ਸੀ ਪ੍ਰਧਾਨ ਦੀ ਕੁਰਸੀ ਤੋਂ ਤੁਰੰਤ ਅਸਤੀਫਾ ਦੇ ਦੇਣ। ਆਪਣੇ ਹੀ ਡਿਪਟੀ ਲੀਡਰ ਵੱਲੋਂ ਸਵਿਸ ਬੈਂਕਾਂ ਵਿੱਚ ਕਾਲਾ ਧੰਨ ਲੁਕਾਏ ਜਾਣ ਦੇ ਮੁੱਦੇ ਉੱਪਰ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੱਲੋਂ ਧਾਰੀ ਗਈ ਚੁੱਪੀ ਉੱਪਰ ਵੀ ਆਮ ਆਦਮੀ ਪਾਰਟੀ ਸਵਾਲ ਖੜਾ ਕਰਦੀ ਹੈ, ਕਿਉਂਕਿ ਕਾਲੇ ਧੰਨ ਦੇ ਸੰਵੇਦਨਸ਼ੀਲ ਮੁੱਦੇ ਉੱਪਰ ਸੰਸਦ ਦੀ ਕਾਰਵਾਈ ਨੂੰ ਠੱਪ ਕਰਨ ਵਿੱਚ ਕਾਂਗਰਸ ਪਾਰਟੀ ਕੋਈ ਮੋਕਾ ਨਹੀਂ ਛੱਡਦੀ।

LEAVE A REPLY